ਸਪੋਰਟਸ ਡੈਸਕ- ਆਈਪੀਐਲ 2026 ਦੇ ਤੀਜੇ ਮੁਕਾਬਲੇ ਵਿੱਚ ਰਾਜਸਥਾਨ ਰਾਇਲਜ਼ ਨੇ ਆਪਣਾ ਦਬਦਬਾ ਕਾਇਮ ਰੱਖਦਿਆਂ ਚੇਨਈ ਸੁਪਰ ਕਿੰਗਜ਼ (CSK) ਨੂੰ 8 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ ਹੈ। ਗੁਵਾਹਾਟੀ ਦੇ ਬਾਰਸਾਪਾਰਾ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਚੇਨਈ ਦੀ ਪੂਰੀ ਟੀਮ ਨੂੰ ਮਹਿਜ਼ 127 ਦੌੜਾਂ 'ਤੇ ਰੋਕ ਦਿੱਤਾ। ਜਵਾਬ ਵਿੱਚ ਰਾਜਸਥਾਨ ਨੇ ਇਹ ਟੀਚਾ 13ਵੇਂ ਓਵਰ ਵਿੱਚ ਹੀ ਹਾਸਲ ਕਰ ਲਿਆ।
ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਚੇਨਈ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਟੀਮ ਲਈ ਡੈਬਿਊ ਕਰ ਰਹੇ ਸੰਜੂ ਸੈਮਸਨ ਸਿਰਫ਼ 6 ਦੌੜਾਂ ਬਣਾ ਕੇ ਨਾਂਦਰੇ ਬਰਗਰ ਦੀ ਗੇਂਦ 'ਤੇ ਬੋਲਡ ਹੋ ਗਏ। ਕਪਤਾਨ ਰਿਤੂਰਾਜ ਗਾਇਕਵਾੜ ਵੀ 6 ਦੌੜਾਂ ਹੀ ਬਣਾ ਸਕੇ। ਬਰਗਰ ਨੇ ਆਪਣੇ ਅਗਲੇ ਓਵਰ ਵਿੱਚ ਆਯੂਸ਼ ਮਹਾਤਰੇ (0) ਨੂੰ ਵੀ ਪਵੇਲੀਅਨ ਭੇਜ ਦਿੱਤਾ। ਮੈਥਿਊ ਸ਼ੋਰਟ ਵੀ ਸਿਰਫ਼ 2 ਦੌੜਾਂ ਬਣਾ ਕੇ ਚੱਲਦੇ ਬਣੇ।
ਰਾਜਸਥਾਨ ਦੇ ਗੇਂਦਬਾਜ਼ਾਂ ਨੇ ਮੈਚ 'ਤੇ ਪੂਰੀ ਤਰ੍ਹਾਂ ਸ਼ਿਕੰਜਾ ਕੱਸਿਆ ਹੋਇਆ ਸੀ। ਰਵਿੰਦਰ ਜਡੇਜਾ ਨੇ ਆਪਣੇ ਪਹਿਲੇ ਹੀ ਓਵਰ ਵਿੱਚ ਸਰਫਰਾਜ਼ ਖਾਨ (17) ਅਤੇ ਸ਼ਿਵਮ ਦੂਬੇ (6) ਦੀਆਂ ਵਿਕਟਾਂ ਝਟਕਾ ਕੇ ਚੇਨਈ ਦਾ ਲੱਕ ਤੋੜ ਦਿੱਤਾ। 10 ਓਵਰਾਂ ਤੋਂ ਬਾਅਦ ਚੇਨਈ ਦਾ ਸਕੋਰ 71/6 ਸੀ। ਅੰਤ ਵਿੱਚ ਜਿਮੀ ਓਵਰਟਨ ਨੇ 43 ਦੌੜਾਂ ਦੀ ਸੰਘਰਸ਼ਪੂਰਨ ਪਾਰੀ ਖੇਡ ਕੇ ਟੀਮ ਨੂੰ 127 ਦੌੜਾਂ ਤੱਕ ਪਹੁੰਚਾਇਆ।
128 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਰਾਇਲਜ਼ ਵੱਲੋਂ ਵੈਭਵ ਸੂਰਿਆਵੰਸ਼ੀ ਨੇ ਪਹਿਲੀ ਹੀ ਗੇਂਦ ਤੋਂ ਹਮਲਾਵਰ ਰੁਖ਼ ਅਪਣਾਇਆ। ਉਨ੍ਹਾਂ ਨੇ ਮਹਿਜ਼ 15 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕਰਕੇ ਇਤਿਹਾਸ ਰਚ ਦਿੱਤਾ। ਵੈਭਵ ਨੇ 17 ਗੇਂਦਾਂ ਵਿੱਚ 52 ਦੌੜਾਂ ਬਣਾਈਆਂ, ਜਿਸ ਵਿੱਚ 4 ਚੌਕੇ ਅਤੇ 5 ਛੱਕੇ ਸ਼ਾਮਲ ਸਨ। ਜਦੋਂ ਉਹ ਆਊਟ ਹੋਏ ਤਾਂ ਟੀਮ ਦਾ ਸਕੋਰ 75 ਰਨ ਸੀ। ਇਸ ਤੋਂ ਬਾਅਦ ਧਰੁਵ ਜੁਰੇਲ (18) ਨੇ ਪਾਰੀ ਨੂੰ ਅੱਗੇ ਵਧਾਇਆ, ਪਰ ਉਹ ਅੰਸ਼ੁਲ ਕੰਬੋਜ ਦਾ ਸ਼ਿਕਾਰ ਬਣ ਗਏ। ਅੰਤ ਵਿੱਚ ਕਪਤਾਨ ਰਿਆਨ ਪਰਾਗ ਅਤੇ ਯਸ਼ਸਵੀ ਜਾਇਸਵਾਲ ਨੇ ਮਿਲ ਕੇ 13ਵੇਂ ਓਵਰ ਵਿੱਚ ਹੀ ਰਾਜਸਥਾਨ ਨੂੰ ਸ਼ਾਨਦਾਰ ਜਿੱਤ ਦਿਵਾਈ। ਚੇਨਈ ਲਈ ਇਹ ਹਾਰ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪਿਛਲੇ ਸੀਜ਼ਨ ਵਿੱਚ ਵੀ ਉਹ ਅੰਕ ਸੂਚੀ ਵਿੱਚ ਸਭ ਤੋਂ ਹੇਠਲੇ ਸਥਾਨ 'ਤੇ ਰਹੇ ਸਨ।
IPL 2026: ਰਾਜਸਥਾਨ ਦੀ ਸ਼ਾਨਦਾਰ ਗੇਂਦਬਾਜ਼ੀ, ਚੇਨਈ ਟੀਮ ਨੂੰ 127 ਦੌੜਾਂ 'ਤੇ ਕੀਤਾ ਢੇਰ
NEXT STORY