ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ 2026 ਦਾ ਤੀਜਾ ਮੁਕਾਬਲਾ ਅੱਜ ਗੁਵਾਹਾਟੀ ਦੇ ਬਾਰਸਾਪਾਰਾ ਸਟੇਡੀਅਮ ਵਿੱਚ ਰਾਜਸਥਾਨ ਰਾਇਲਜ਼ (RR) ਅਤੇ ਚੇਨਈ ਸੁਪਰ ਕਿੰਗਜ਼ (CSK) ਵਿਚਕਾਰ ਖੇਡਿਆ ਜਾ ਰਿਹਾ ਹੈ। ਰਾਜਸਥਾਨ ਰਾਇਲਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਸ ਨੂੰ ਉਨ੍ਹਾਂ ਦੇ ਗੇਂਦਬਾਜ਼ਾਂ ਨੇ ਬਿਲਕੁਲ ਸਹੀ ਸਾਬਤ ਕਰ ਵਿਖਾਇਆ। ਰਾਜਸਥਾਨ ਦੀ ਘਾਤਕ ਗੇਂਦਬਾਜ਼ੀ ਅੱਗੇ ਚੇਨਈ ਸੁਪਰ ਕਿੰਗਜ਼ ਦੀ ਪੂਰੀ ਟੀਮ ਮਹਿਜ਼ 127 ਦੌੜਾਂ 'ਤੇ ਢੇਰ ਹੋ ਗਈ।
ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਚੇਨਈ ਦੀ ਟੀਮ ਨੂੰ ਸ਼ੁਰੂਆਤੀ ਝਟਕੇ ਲੱਗੇ। ਚੇਨਈ ਲਈ ਡੈਬਿਊ ਕਰ ਰਹੇ ਸੰਜੂ ਸੈਮਸਨ ਅਤੇ ਕਪਤਾਨ ਰਿਤੂਰਾਜ ਗਾਇਕਵਾੜ ਸਿਰਫ਼ 6-6 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਨਾਂਦਰੇ ਬਰਗਰ ਨੇ ਸੰਜੂ ਨੂੰ ਬੋਲਡ ਕਰਕੇ ਚੇਨਈ ਨੂੰ ਪਹਿਲਾ ਵੱਡਾ ਝਟਕਾ ਦਿੱਤਾ। ਇਸ ਤੋਂ ਬਾਅਦ ਆਯੂਸ਼ ਮਹਾਤਰੇ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ ਅਤੇ ਮੈਥਿਊ ਸ਼ੋਰਟ ਵੀ ਸਿਰਫ਼ 2 ਦੌੜਾਂ ਹੀ ਬਣਾ ਸਕੇ।
ਰਾਜਸਥਾਨ ਰਾਇਲਜ਼ ਵਿੱਚ ਵਾਪਸੀ ਕਰਨ ਵਾਲੇ ਰਵਿੰਦਰ ਜਡੇਜਾ ਨੇ ਆਪਣੀ ਗੇਂਦਬਾਜ਼ੀ ਨਾਲ ਚੇਨਈ ਦੇ ਮੱਧਕ੍ਰਮ ਨੂੰ ਤਹਿਸ-ਨਹਿਸ ਕਰ ਦਿੱਤਾ। ਉਨ੍ਹਾਂ ਨੇ ਆਪਣੇ ਪਹਿਲੇ ਹੀ ਓਵਰ ਵਿੱਚ ਸਰਫਰਾਜ਼ ਖਾਨ (17 ਦੌੜਾਂ) ਅਤੇ ਸ਼ਿਵਮ ਦੂਬੇ (6 ਦੌੜਾਂ) ਨੂੰ ਆਊਟ ਕੀਤਾ। ਇੱਕ ਸਮੇਂ ਚੇਨਈ ਦਾ ਸਕੋਰ 10 ਓਵਰਾਂ ਵਿੱਚ 71 ਦੌੜਾਂ 'ਤੇ 6 ਵਿਕਟ ਸੀ। ਕਾਰਤਿਕ ਸ਼ਰਮਾ ਨੇ ਵੀ ਸਿਰਫ਼ 18 ਦੌੜਾਂ ਦਾ ਯੋਗਦਾਨ ਪਾਇਆ।
ਜਦੋਂ ਚੇਨਈ ਦੀ ਟੀਮ 100 ਦੌੜਾਂ ਦੇ ਅੰਦਰ ਸਿਮਟਦੀ ਨਜ਼ਰ ਆ ਰਹੀ ਸੀ, ਉਦੋਂ ਜਿਮੀ ਓਵਰਟਨ ਨੇ 43 ਦੌੜਾਂ ਦੀ ਸੰਘਰਸ਼ਪੂਰਨ ਪਾਰੀ ਖੇਡ ਕੇ ਟੀਮ ਨੂੰ 127 ਦੌੜਾਂ ਦੇ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। ਰਾਜਸਥਾਨ ਵੱਲੋਂ ਨਾਂਦਰੇ ਬਰਗਰ ਅਤੇ ਰਵਿੰਦਰ ਜਡੇਜਾ ਸਭ ਤੋਂ ਸਫਲ ਗੇਂਦਬਾਜ਼ ਰਹੇ।
ਚਿੰਤਾ ਦੀ ਗੱਲ ਇਹ ਰਹੀ ਕਿ ਉਨ੍ਹਾਂ ਦੇ ਸਾਬਕਾ ਕਪਤਾਨ ਐਮ.ਐਸ. ਧੋਨੀ ਕੈਲਫ ਸਟ੍ਰੇਨ ਕਾਰਨ ਟੀਮ ਦਾ ਹਿੱਸਾ ਨਹੀਂ ਹਨ। ਉਹ ਅਗਲੇ ਦੋ ਹਫ਼ਤਿਆਂ ਤੱਕ ਮੈਦਾਨ ਤੋਂ ਬਾਹਰ ਰਹਿ ਸਕਦੇ ਹਨ। ਦੂਜੇ ਪਾਸੇ, ਰਾਜਸਥਾਨ ਰਾਇਲਜ਼ ਦੀ ਕਮਾਨ ਇਸ ਵਾਰ ਨੌਜਵਾਨ ਖਿਡਾਰੀ ਰਿਆਨ ਪਰਾਗ ਦੇ ਹੱਥਾਂ ਵਿੱਚ ਹੈ, ਜੋ ਆਪਣੇ ਘਰੇਲੂ ਮੈਦਾਨ 'ਤੇ ਕਪਤਾਨੀ ਕਰ ਰਹੇ ਹਨ।
IPL 2026: ਰਾਜਸਥਾਨ ਨੇ ਜਿੱਤਿਆ ਟਾਸ, CSK ਪਹਿਲਾਂ ਕਰੇਗੀ ਬੱਲੇਬਾਜ਼ੀ; MS ਧੋਨੀ ਮੈਚ ਤੋਂ ਬਾਹਰ
NEXT STORY