ਸਪੋਰਟਸ ਡੈਸਕ- ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਅਤੇ ਸੈਨਿਕ ਟਕਰਾਅ ਕਾਰਨ ਮੁਲਤਵੀ ਹੋਈ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਅੱਜ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਅਤੇ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਵਿਚਾਲੇ ਹੋਣ ਵਾਲੇ ਮੁਕਾਬਲੇ ਨਾਲ ਮੁੜ ਸ਼ੁਰੂ ਹੋਵੇਗੀ। ਇਹ ਮੁਕਾਬਲਾ ਬੰਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਜਾਵੇਗਾ, ਜਿੱਥੇ ਸਭ ਦੀਆਂ ਨਜ਼ਰਾਂ ਹਾਲ ਹੀ ਵਿੱਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਵਿਰਾਟ ਕੋਹਲੀ ’ਤੇ ਹੋਣਗੀਆਂ।

10 ਦਿਨ ਮੁਲਤਵੀ ਹੋਣ ਤੋਂ ਬਾਅਦ ਆਰ.ਸੀ.ਬੀ. ਤੇ ਕੇ.ਕੇ.ਆਰ. ਦੋਵੇਂ ਟੀਮਾਂ ਚੰਗੀ ਵਾਪਸੀ ਦੇ ਇਰਾਦੇ ਨਾਲ ਮੈਦਾਨ 'ਤੇ ਉਤਰਨਗੀਆਂ। ਆਰ.ਸੀ.ਬੀ. 11 ਮੈਚਾਂ ਵਿਚ 16 ਅੰਕਾਂ ਨਾਲ ਪੁਆਇੰਟ ਟੇਬਲ 'ਤੇੰ ਦੂਜੇ ਸਥਾਨ 'ਤੇ ਹੈ ਅਤੇ ਇਕ ਹੋਰ ਜਿੱਤ ਇਸ ਦੀ ਪਲੇਆਫ਼ ਵਿੱਚ ਜਗ੍ਹਾ ਲਗਭਗ ਪੱਕੀ ਕਰ ਦੇਵੇਗੀ, ਜਦਕਿ ਕੇ.ਕੇ.ਆਰ. 12 ਮੈਚਾਂ ਵਿਚ 11 ਅੰਕਾਂ ਨਾਲ ਛੇਵੇਂ ਸਥਾਨ 'ਤੇ ਹੈ ਅਤੇ ਇੱਕ ਹੋਰ ਹਾਰ ਇਸ ਦੀ ਪਲੇਆਫ਼ 'ਚ ਪਹੁੰਚਣ ਦੀਆਂ ਉਮੀਦਾਂ ਨੂੰ ਖ਼ਤਮ ਕਰ ਸਕਦੀ ਹੈ।
ਟੂਰਨਾਮੈਂਟ 'ਚ ਆਰ.ਸੀ.ਬੀ. ਨੇ ਆਪਣੇ ਪਿਛਲੇ ਚਾਰੇ ਮੈਚ ਜਿੱਤੇ ਹਨ, ਜਦਕਿ ਕੇ.ਕੇ.ਆਰ. ਲਗਾਤਾਰ ਦੋ ਮੈਚ ਜਿੱਤ ਕੇ ਮੈਦਾਨ 'ਤੇ ਵਾਪਸੀ ਕਰ ਰਹੀ ਹੈ। ਅਜਿਹੇ ਵਿੱਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਦੋਵੇਂ ਟੀਮਾਂ ਆਪਣੀ ਲੈਅ ਕਿਵੇਂ ਕਾਇਮ ਰੱਖਦੀਆਂ ਹਨ।

ਭਾਰਤ-ਪਾਕਿ ਸੈਨਿਕ ਟਕਰਾਅ ਤੋਂ ਬਾਅਦ ਜ਼ਿਆਦਾਤਰ ਵਿਦੇਸ਼ੀ ਖਿਡਾਰੀ ਵਤਨ ਪਰਤ ਗਏ ਸਨ, ਪਰ ਹੁਣ ਫਿਲ ਸਾਲਟ, ਲੂੰਗੀ ਇੰਗਿਡੀ, ਟਿਮ ਡੇਵਿਡ, ਲਿਆਮ ਲਿਵਿੰਗਸਟੋਨ ਅਤੇ ਰੋਮਾਰੀਓ ਸ਼ੈਫਰਡ ਵਾਪਸ ਆਪਣੀਆਂ ਟੀਮਾਂ ਨਾਲ ਜੁੜ ਗਏ ਹਨ।
ਦੇਵਦੱਤ ਪੱਡੀਕਲ ਅਤੇ ਜੋਸ਼ ਹੇਜ਼ਲਵੁੱਡ ਦੀ ਗੈਰ-ਹਾਜ਼ਰੀ ਆਰ.ਸੀ.ਬੀ. ਲਈ ਚੁਣੌਤੀ ਹੋ ਸਕਦੀ ਹੈ। ਪੱਡੀਕਲ ਦੀ ਥਾਂ ਮਯੰਕ ਅਗਰਵਾਲ ਤੋਂ ਉਮੀਦ ਹੈ ਕਿ ਉਹ ਮੌਕੇ ਦਾ ਫਾਇਦਾ ਚੁੱਕੇਗਾ। ਹੇਜ਼ਲਵੁੱਡ ਦੇ ਮੋਢੇ 'ਚ ਸੱਟ ਹੈ ਅਤੇ ਉਸ ਦੀ ਉਪਲਬਧਤਾ ਬਾਰੇ ਅਜੇ ਕੁਝ ਸਪਸ਼ਟ ਨਹੀਂ।

ਮੈਚ ਦੌਰਾਨ ਸਾਰਿਆਂ ਦਾ ਧਿਆਨ ਕੋਹਲੀ ਉੱਤੇ ਹੋਵੇਗਾ। ਦਰਸ਼ਕ ਵੀ ਉਸ ਦੇ ਨਾਂ ਦੇ ਨਾਅਰੇ ਲਗਾਉਣਗੇ। ਕੋਹਲੀ ਨੇ ਹਾਲ ਹੀ ਵਿੱਚ ਟੈਸਟ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ ਹੈ। ਪ੍ਰਸ਼ੰਸਕ ਉਸ ਨੂੰ ਸਨਮਾਨਿਤ ਕਰਨ ਲਈ ਸਫੈਦ ਜਰਸੀ ਪਹਿਨਣ ਦੀ ਯੋਜਨਾ ਬਣਾ ਰਹੇ ਹਨ। ਕੋਹਲੀ ਵੀ ਚਾਹੇਗਾ ਕਿ ਉਹ ਇਸ ਮੌਕੇ ਨੂੰ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਯਾਦਗਾਰ ਬਣਾਵੇ।
ਕੇ.ਕੇ.ਆਰ. ਦੀ ਸਭ ਤੋਂ ਵੱਡੀ ਨਿਰਾਸ਼ਾ ਉਸ ਦੀ ਬੱਲੇਬਾਜ਼ੀ ਰਹੀ ਹੈ। ਕਪਤਾਨ ਅਜਿੰਕਯ ਰਹਾਣੇ ਅਤੇ ਨੌਜਵਾਨ ਅੰਗਕ੍ਰਿਸ਼ ਰਘੂਵੰਸ਼ੀ ਤੋਂ ਇਲਾਵਾ ਕਿਸੇ ਨੇ ਨਿਰੰਤਰਤਾ ਨਹੀਂ ਦਿਖਾਈ। ਟੀਮ ਲਈ ਹੁਣ ਹਰ ਮੈਚ “ਕਰੋ ਜਾਂ ਮਰੋ” ਵਾਲੀ ਸਥਿਤੀ ਹੈ। ਵੈਂਕਟੇਸ਼ ਅਈਅਰ, ਆਂਦ੍ਰੇ ਰਸੇਲ ਅਤੇ ਰਿੰਕੂ ਸਿੰਘ ਤੋਂ ਉਮੀਦ ਹੋਵੇਗੀ। ਮੋਇਨ ਅਲੀ ਦੀ ਗੈਰਹਾਜ਼ਰੀ ਵੀ ਟੀਮ ਲਈ ਚੁਣੌਤੀ ਬਣ ਸਕਦੀ ਹੈ, ਜੋ ਕਿ ਵਾਇਰਲ ਬੁਖਾਰ ਕਾਰਨ ਲੀਗ ਤੋਂ ਬਾਹਰ ਹੋ ਗਿਆ ਹੈ।

ਗੇਂਦਬਾਜ਼ੀ ਵਿੱਚ ਵਰੁਣ ਚੱਕਰਵਰਤੀ, ਸੁਨੀਲ ਨਾਰਾਇਣ, ਵੈਭਵ ਅਰੋੜਾ ਅਤੇ ਹਰਸ਼ਿਤ ਰਾਣਾ ਨੇ ਕਈ ਮੌਕਿਆਂ 'ਤੇ ਟੀਮ ਨੂੰ ਮਜ਼ਬੂਤੀ ਦਿੱਤੀ ਹੈ, ਹਾਲਾਂਕਿ ਉਹ ਕਈ ਵਾਰੀ ਮਹਿੰਗੇ ਵੀ ਸਾਬਤ ਹੋਏ ਹਨ।
ਇਹ ਵੀ ਪੜ੍ਹੋ- PM ਮੋਦੀ ਨੇ 'ਗੋਲਡਨ ਬੁਆਏ' ਨੀਰਜ ਚੋਪੜਾ ਨੂੰ ਦਿੱਤੀ ਵਧਾਈ, ਕਿਹਾ- ''ਭਾਰਤ ਨੂੰ ਤੁਹਾਡੇ 'ਤੇ ਮਾਣ ਹੈ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਓਲਿਨੀ ਤੇ ਗਾਫ ਵਿਚਾਲੇ ਹੋਵੇਗੀ ਇਟਾਲੀਅਨ ਓਪਨ ਦੀ ਖਿਤਾਬੀ ਟੱਕਰ
NEXT STORY