Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, AUG 20, 2026

    12:36:37 PM

  • vande mataram opening 2 paragraphs congress

    ‘ਵੰਦੇ ਮਾਤਰਮ’ ਦੇ ਸਿਰਫ਼ ਸ਼ੁਰੂਆਤੀ 2 ਪੈਰੇ ਹੀ...

  • naib singh saini  akali dal punar surjit

    ਨਾਇਬ ਸਿੰਘ ਸੈਣੀ ਨੇ ਐਨ ਮੌਕੇ 'ਤੇ ਪੁਨਰ ਸੁਰਜੀਤ...

  • charanjit channi arrives at panjab university to give papers

    ਪੰਜਾਬ ਯੂਨੀਵਰਸਿਟੀ 'ਚ ਪੇਪਰ ਦੇਣ ਪੁੱਜੇ ਚਰਨਜੀਤ...

  • brother in law  brother in law  family dispute

    ਦੁਕਾਨ 'ਤੇ ਬੈਠੇ ਸਾਲੇ ਦਾ ਜੀਜੇ ਨੇ ਗੋਲੀਆਂ ਮਾਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • Jalandhar
  • ਖੇਡ ਰਤਨ ਪੰਜਾਬ ਦੇ : ਭਾਰਤੀ ਹਾਕੀ ਦੇ ਸੁਨਹਿਰੀ ਯੁੱਗ ਦਾ ਆਖਰੀ ਦਸਤਖ਼ਤ ‘ਸੁਰਿੰਦਰ ਸਿੰਘ ਸੋਢੀ’

SPORTS News Punjabi(ਖੇਡ)

ਖੇਡ ਰਤਨ ਪੰਜਾਬ ਦੇ : ਭਾਰਤੀ ਹਾਕੀ ਦੇ ਸੁਨਹਿਰੀ ਯੁੱਗ ਦਾ ਆਖਰੀ ਦਸਤਖ਼ਤ ‘ਸੁਰਿੰਦਰ ਸਿੰਘ ਸੋਢੀ’

  • Edited By Rajwinder Kaur,
  • Updated: 31 May, 2020 04:29 PM
Jalandhar
khed rattan punjab de surinder singh sodhi
  • Share
    • Facebook
    • Tumblr
    • Linkedin
    • Twitter
  • Comment

ਆਰਟੀਕਲ-9

ਨਵਦੀਪ ਸਿੰਘ ਗਿੱਲ

ਸੁਰਿੰਦਰ ਸਿੰਘ ਸੋਢੀ ਭਾਰਤੀ ਹਾਕੀ ਦੇ ਸੁਨਹਿਰੀ ਯੁੱਗ ਦਾ ਆਖਰੀ ਦਸਤਖ਼ਤ ਹੈ। ਸੋਢੀ ਦੀ ਅਗਵਾਈ ਹੇਠ ਭਾਰਤੀ ਹਾਕੀ ਨੇ ਓਲੰਪਿਕ ਖੇਡਾਂ ਵਿੱਚ ਆਖਰੀ ਤਮਗਾ 1980 ਵਿੱਚ ਮਾਸਕੋ ਵਿਖੇ ਜਿੱਤਿਆ ਸੀ, ਉਹ ਵੀ ਸੋਨੇ ਦਾ। ਸੋਢੀ ਵੀ ਸ਼ੁੱਧ ਸੋਨੇ ਵਰਗਾ ਖਿਡਾਰੀ ਹੈ। ਸੋਢੀ ਦੀ ਸਟਿੱਕ ਦਾ ਜਾਦੂ ਵੀ ਸਿਖਰਾਂ 'ਤੇ ਰਿਹਾ। ਮਾਸਕੋ ਵਿਖੇ 15 ਗੋਲਾਂ ਨਾਲ ਟਾਪ ਸਕਰੋਰ ਬਣ ਕੇ ਉਸ ਨੇ 1956 ਦੀਆਂ ਮੈਲਬਰਨ ਓਲੰਪਿਕ ਖੇਡਾਂ ਦੇ ਟਾਪ ਸਕਰੋਰ ਊਧਮ ਸਿੰਘ ਦੀ ਬਰਾਬਰੀ ਕੀਤੀ ਸੀ। ਇਹ ਰਿਕਾਰਡ ਹਾਲੇ ਤੱਕ ਨਹੀਂ ਟੁੱਟਿਆ। ਸੋਢੀ ਨੇ ਹਾਕੀ ਖੇਡਣੀ ਕਾਹਦੀ ਛੱਡੀ, ਭਾਰਤੀ ਹਾਕੀ ਦੀ ਕਿਸਮਤ ਹੀ ਰੁੱਸ ਗਈ। ਉਸ ਤੋਂ ਬਾਅਦ ਓਲੰਪਿਕ ਖੇਡਾਂ ਵਿੱਚ ਤਾਂ ਭਾਰਤੀ ਟੀਮ ਤਮਗਾ ਤਾਂ ਦੂਰ ਦੀ ਗੱਲ, ਸਗੋਂ ਸੈਮੀ ਫਾਈਨਲ ਵੀ ਨਹੀਂ ਖੇਡੀ। 2008 ਵਿੱਚ ਤਾਂ ਭਾਰਤੀ ਟੀਮ ਓਲੰਪਿਕਸ ਲਈ ਕੁਆਲੀਫਾਈ ਵੀ ਨਾ ਹੋ ਸਕੀ ਸੀ। ਸੋਢੀ ਸੋਲਾ ਵਰ੍ਹਿਆਂ ਦੀ ਸਭ ਤੋਂ ਛੋਟੀ ਉਮਰੇ ਭਾਰਤੀ ਟੀਮ ਵਿੱਚ ਆ ਗਿਆ ਸੀ। ਤੇਈਵੇਂ ਸਾਲ ਤਾਂ ਉਹ ਭਾਰਤੀ ਹਾਕੀ ਦਾ ਕਪਤਾਨ ਬਣ ਗਿਆ ਸੀ। ਭਾਰਤ ਨੇ ਚੈਂਪੀਅਨਜ਼ ਟਰਾਫੀ ਵਿੱਚ ਵੀ ਆਪਣਾ ਪਲੇਠਾ ਤਮਗਾ ਉਸੇ ਦੀ ਕਪਤਾਨੀ ਹੇਠ 1982 ਵਿੱਚ ਐਮਸਟਰਡਮ ਵਿਖੇ ਜਿੱਤਿਆ ਸੀ। ਵਿਸ਼ਵ ਕੱਪ ਤੇ ਓਲੰਪਿਕਸ ਦੇ ਪੱਧਰ ਵਾਲੇ ਇਸ ਟੂਰਨਾਮੈਂਟ ਵਿੱਚ ਭਾਰਤੀ ਟੀਮ ਨੂੰ ਅਗਲਾ ਤਮਗਾ ਜਿੱਤਣ ਲਈ 34 ਵਰ੍ਹੇ ਉਡੀਕ ਕਰਨੀ ਪਈ। ਗੋਲਾਂ ਦੀ ਸਭ ਤੋਂ ਤੇਜ਼ ਹੈਟ੍ਰਿਕ ਮਾਰਨ ਦਾ ਰਿਕਾਰਡ ਵੀ ਸੋਢੀ ਦੇ ਨਾਮ ਦਰਜ ਹੈ, ਜੋ ਉਸ ਨੇ ਮਾਸਕੋ ਓਲੰਪਿਕਸ ਵਿੱਚ ਤਨਜ਼ਾਨੀਆ ਖਿਲਾਫ ਮੈਚ ਵਿੱਚ 5 ਮਿੰਟ ਵਿੱਚ 3 ਗੋਲ ਕਰਕੇ ਬਣਾਇਆ ਸੀ। ਉਂਝ ਉਸ ਮੈਚ ਵਿੱਚ ਉਸ ਨੇ ਕੁੱਲ 5 ਗੋਲ ਕੀਤੇ ਸਨ। ਇਕ ਹੋਰ ਦੁਰਲੱਭ ਪ੍ਰਾਪਤੀ ਸੋਢੀ ਦੇ ਹਿੱਸੇ ਆਈ। ਉਹ ਛੋਟੀ ਉਮਰੇ ਇੰਨਾ ਪ੍ਰਪੱਕ ਖਿਡਾਰੀ ਬਣ ਗਿਆ ਸੀ ਕਿ ਉਸ ਨੇ ਜੂਨੀਅਰ ਵਿਸ਼ਵ ਕੱਪ ਖੇਡਣ ਤੋਂ ਪਹਿਲਾਂ ਸੀਨੀਅਰ ਵਿਸ਼ਵ ਕੱਪ ਖੇਡ ਲਿਆ ਸੀ।

ਰਾਸ਼ਟਰਪਤੀ ਕੋਲੋਂ ਅਰਜੁਨਾ ਐਵਾਰਡ ਹਾਸਲ ਕਰਦੇ ਹੋਏ ਸੁਰਿੰਦਰ ਸਿੰਘ ਸੋਢੀ

PunjabKesari

ਹਰ ਸਾਈਡ 'ਤੇ ਖੇਡਣ ਵਾਲਾ ਵੀ ਸੁਰਿੰਦਰ ਸਿੰਘ ਸੋਢੀ ਵਿਸ਼ਵ ਹਾਕੀ ਦਾ ਸ਼ਾਇਦ ਇਕਲੌਤਾ ਖਿਡਾਰੀ ਹੋਵੇ। ਸੋਢੀ ਸਹੀ ਮਾਅਨਿਆਂ ਵਿੱਚ ਆਲ ਰਾਊਂਡਰ ਸੀ। ਉਹ ਫੁੱਲ ਬੈਕ ਤੋਂ ਲੈ ਕੇ ਸੈਂਟਰ ਫਾਰਵਰਡ ਤੱਕ ਹਰ ਪੁਜੀਸ਼ਨ 'ਤੇ ਖੇਡਿਆ ਹੈ। ਚਾਹੇ ਉਹ ਸੈਂਟਰ ਹਾਫ ਹੋਵੇ, ਲੈਫਟ ਹਾਫ, ਲੈਫਟ ਇਨ ਜਾਂ ਰਾਈਟ ਇਨ। ਜਿਹੜੀ ਵੀ ਸਾਈਡ ਕਮਜ਼ੋਰ ਹੁੰਦੀ, ਉਥੇ ਹੀ ਸੋਢੀ ਨੂੰ ਫਿੱਟ ਕਰ ਦਿੱਤਾ ਜਾਂਦਾ। ਉਹੀ ਸਾਈਡ ਟੀਮ ਦੀ ਸਭ ਤੋਂ ਤਕੜੀ ਹੋ ਜਾਂਦੀ। ਉਹ ਸਾਰੇ ਹਾਕੀ ਫੀਲਡ ਦਾ ਬਾਦਸ਼ਾਹ ਬਣ ਕੇ ਖੇਡਿਆ। ਸੋਢੀ ਤੋਂ ਵਿਰੋਧੀ ਟੀਮ ਦਾ ਹਰ ਖਿਡਾਰੀ ਖੌਫ ਖਾਂਦਾ ਸੀ। ਵਿਰੋਧੀ ਸਟਰਾਈਕਰ ਦੁਆਂ ਕਰਦੇ ਸੀ ਕਿ ਸੋਢੀ ਮਿਲਫੀਲਡ ਜਾਂ ਫੁੱਲਬੈਕ ਵਜੋਂ ਨਾ ਖੇਡੇ ਅਤੇ ਵਿਰੋਧੀ ਡਿਫੈਂਡਰ ਡਰਦੇ ਸੀ ਕਿ ਉਹ ਫਾਰਵਰਡ ਲਾਈਨ ਵਿੱਚ ਨਾ ਖੇਡੇ। ਉਂਝ ਸੈਂਟਰ ਫਾਰਵਰਡ ਉਸ ਦੀ ਪਸੰਦੀਦਾ ਪੁਜੀਸ਼ਨ ਸੀ। ਇਸੇ ਪੁਜੀਸ਼ਨ 'ਤੇ ਖੇਡਦਿਆਂ ਉਸ ਨੇ ਕੌਮੀ ਅਤੇ ਕੌਮਾਂਤਰੀ ਹਾਕੀ ਵਿੱਚ ਦੋ-ਢਾਈ ਸੌ ਗੋਲ ਕੀਤੇ। ਉਨ੍ਹਾਂ ਸਮਿਆਂ ਵਿੱਚ ਕਿਹੜਾ ਅੱਜ ਵਾਂਗ ਹਰ ਮੈਚ ਦਾ ਰਿਕਾਰਡ ਰੱਖਿਆ ਜਾਂਦਾ ਸੀ। ਖੁਦ ਸੁਰਿੰਦਰ ਸੋਢੀ ਨੂੰ ਵੀ ਜਦੋਂ ਪੁੱਛੀਦਾ ਹੈ ਤਾਂ ਉਨ੍ਹਾਂ ਨੂੰ ਵੀ ਕਈ ਟੂਰਾਂ ਅਤੇ ਟੈਸਟ ਮੈਚਾਂ ਦੇ ਗੋਲਾਂ ਦਾ ਵੇਰਵਾ ਯਾਦ ਨਹੀਂ। ਭਾਰਤੀ ਹਾਕੀ ਦੇ ਤਿੰਨ ਸਭ ਤੋਂ ਤਕੜੇ ਸੈਂਟਰ ਫਾਰਵਰਡ ਹੋਏ ਹਨ। ਇਹ ਹਨ ਧਿਆਨ ਚੰਦ, ਬਲਬੀਰ ਸਿੰਘ ਸੀਨੀਅਰ ਤੇ ਸੁਰਿੰਦਰ ਸਿੰਘ ਸੋਢੀ ਸੈਂਟਰ ਫਾਰਵਰਡਾਂ ਦੀ ਇਸ ਤਿੱਕੜੀ ਨੇ ਵੱਖੋ-ਵੱਖ ਸਮਿਆਂ ਵਿੱਚ ਖੇਡਦਿਆਂ ਗੋਲਾਂ ਦੀ ਝੜੀ ਲਗਾ ਕੇ ਭਾਰਤ ਨੂੰ ਕੁੱਲ ਸੱਤ ਵਾਰ ਓਲੰਪਿਕ ਚੈਂਪੀਅਨ ਬਣਾਇਆ। ਜੇ ਇਹ ਤਿੰਨੋ ਖਿਡਾਰੀ ਭਾਰਤੀ ਟੀਮ ਦਾ ਹਿੱਸਾ ਨਾ ਹੁੰਦੇ ਤਾਂ ਭਾਰਤੀ ਹਾਕੀ ਦੀ ਕਹਾਣੀ ਕੁਝ ਹੋਰ ਹੋਣੀ ਸੀ।

ਸੁਰਿੰਦਰ ਸਿੰਘ ਸੋਢੀ ਨੂੰ ਭਾਰਤ ਦੀ ਗੋਲ ਮਸ਼ੀਨ ਵੀ ਕਿਹਾ ਜਾਂਦਾ ਸੀ। ਉਨ੍ਹਾਂ ਸਮਿਆਂ ਦੇ ਵੱਡੇ ਖੇਡ ਰਸਾਲਿਆਂ ਨੇ ਸੋਢੀ ਨੂੰ ਵੱਖ-ਵੱਖ ਟਾਈਟਲ ਦਿੱਤੇ ਸਨ। ਸਪੋਰਟਸ ਸਟਾਰ ਰਸਾਲੇ ਨੇ ਉਸ ਨੂੰ 'ਬਰੇਨੀ ਫਾਰਵਰਡ' ਆਖਿਆ। ਕਿਸੇ ਨੇ 'ਸ਼ਾਰਪ ਸ਼ੂਟਰ' ਅਤੇ ਕਿਸੇ ਨੇ 'ਫਾਰਵਰਡ ਡਰਿਬਲਰ'। ਅੱਜ ਦੇ ਸਮੇਂ ਜਿਵੇਂ ਕ੍ਰਿਕਟਰਾਂ ਦੀਆਂ ਤਸਵੀਰਾਂ ਖੇਡ ਰਸਾਲਿਆਂ ਦੇ ਟਾਈਟਲ ਪੰਨਿਆਂ ਦਾ ਸ਼ਿੰਗਾਰ ਬਣਦੀਆਂ, ਅੱਸੀਵਿਆਂ ਵਿੱਚ ਸੁਰਿੰਦਰ ਸਿੰਘ ਸੋਢੀ ਦੀਆਂ ਤਸਵੀਰਾਂ ਸਪੋਰਟਸ ਸਟਾਰ, ਸਪੋਰਟਸ ਵੀਕ ਦੇ ਟਾਈਟਲ ਪੰਨੇ ਉਪਰ ਵੀ ਛਪੀਆਂ, ਉਹ ਵੀ ਕਈ ਵਾਰ। ਫਿਲਮੀ ਸਿਤਾਰੇ ਉਸ ਨਾਲ ਫੋਟੋ ਖਿਚਵਾ ਕੇ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦੇ ਸਨ। ਸੁਰਿੰਦਰ ਸਿੰਘ ਸੋਢੀ ਨੇ ਹਾਕੀ ਖੇਡਣੀ ਛੱਡੀ ਤਾਂ ਗੌਲਫ ਸ਼ੁਰੂ ਕਰ ਲਈ। ਗੌਲਫ ਵਿੱਚ ਵੀ ਉਸ ਨੇ ਆਲ ਇੰਡੀਆ ਸਿਵਲ ਸਰਵਿਸਜ਼ ਟੂਰਨਾਮੈਂਟ ਜਿੱਤਿਆ। ਕਿਸੇ ਹਾਕੀ ਓਲੰਪੀਅਨ ਵੱਲੋਂ ਗੌਲਫ ਦਾ ਕੌਮੀ ਟੂਰਨਾਮੈਂਟ ਜਿੱਤਣਾ ਵੀ ਛੋਟੀ ਗੱਲ ਨਹੀਂ ਸੀ। 1978 ਵਿੱਚ ਪੰਜਾਬ ਸਰਕਾਰ ਨੇ ਸੂਬੇ ਦੇ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੀ ਸ਼ੁਰੂਆਤ ਕੀਤੀ ਤਾਂ ਇਹ ਸਨਮਾਨ ਹਾਸਲ ਕਰਨ ਵਾਲਾ ਵੀ ਉਹ ਪਹਿਲਾ ਹਾਕੀ ਖਿਡਾਰੀ ਬਣਿਆ। ਖੇਡ ਜਗਤ ਤੋਂ ਬਾਹਰ ਦੀ ਗੱਲ ਕਰੀਏ ਤਾਂ ਉਹ ਦੇਸ਼ ਦਾ ਪਹਿਲਾ ਹਾਕੀ ਓਲੰਪੀਅਨ ਹੈ, ਜੋ ਕਿਸੇ ਜ਼ਿਲੇ ਦਾ ਐੱਸ.ਐੱਸ.ਪੀ. ਬਣਿਆ। ਆਈ.ਜੀ. ਦੇ ਅਹੁਦੇ ਤੱਕ ਪੁੱਜਣ ਵਾਲਾ ਵੀ ਉਹ ਦੇਸ਼ ਦਾ ਪਹਿਲਾ ਹਾਕੀ ਓਲੰਪੀਅਨ ਹੈ। ਸਾਰੀਆਂ ਖੇਡਾਂ ਮਿਲਾ ਲਈਏ ਤਾਂ ਸੋਢੀ ਤੇ ਪਹਿਲਵਾਨ ਕਰਤਾਰ ਸਿੰਘ ਨੂੰ ਇਸ ਅਹੁਦੇ 'ਤੇ ਪਹੁੰਚਣ ਦਾ ਮਾਣ ਹਾਸਲ ਹੈ।

ਸੁਰਿੰਦਰ ਸਿੰਘ ਸੋਢੀ (ਆਈ.ਜੀ) ਪੁਲਸ ਦੀ ਵਰਦੀ ਵਿਚ 

PunjabKesari

ਸੁਰਿੰਦਰ ਸਿੰਘ ਸੋਢੀ ਦਾ ਜਨਮ ਨਵਾਂਸ਼ਹਿਰ ਜ਼ਿਲੇ (ਉਸ ਵੇਲੇ ਜਲੰਧਰ) ਦੇ ਪਿੰਡ ਗੁਣਾਚੌਰ ਵਿਖੇ 22 ਜੂਨ 1959 ਨੂੰ ਸ. ਗੁਰਬਚਨ ਸਿੰਘ ਦੇ ਘਰ ਸੁਰਜੀਤ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਦਾ ਗੋਤ ਭਾਵੇਂ ਛੋਕਰ ਸੀ ਪਰ ਨਾਨੀ ਵੱਲੋਂ ਲਾਡ ਨਾਲ 'ਸੋਢੀ' ਕਹੇ ਜਾਣ ਕਰ ਕੇ ਉਸ ਦੀ ਪ੍ਰਸਿੱਧੀ ਸੁਰਿੰਦਰ ਸਿੰਘ ਸੋਢੀ ਵਜੋਂ ਹੋਈ। ਸੋਢੀ ਦੇ ਪਿੰਡ ਦੇ ਆਲੇ-ਦੁਆਲੇ ਫੁਟਬਾਲ ਦਾ ਮਾਹੌਲ ਸੀ। ਮੁੱਢਲੀਆਂ ਦੋ-ਤਿੰਨ ਜਮਾਤਾਂ ਗੁਣਾਚੌਰੋਂ ਕਰਕੇ ਛੋਟੇ ਸੋਢੀ ਨੇ ਫੇਰ ਜਲੰਧਰ ਆ ਕੇ ਦੁਆਬਾ ਖਾਲਸਾ ਹਾਇਰ ਸੈਕੰਡਰੀ ਸਕੂਲ ਵਿੱਚ ਦਾਖਲਾ ਲੈ ਲਿਆ। ਇਥੇ ਹੀ ਆ ਕੇ ਉਹ ਹਾਕੀ ਨਾਲ ਜੁੜ ਗਿਆ। ਸਕੂਲ ਪੜ੍ਹਦਿਆਂ ਉਹ ਮੁਹੱਲਾ ਪੱਧਰ ਦੇ ਹਾਕੀ ਮੁਕਾਬਲਿਆਂ ਵਿੱਚ ਹਿੱਸਾ ਲੈਂਦਾ ਸੀ। ਹਾਕੀ ਪ੍ਰਤੀ ਜਾਨੂੰਨ ਉਸ ਦਾ ਇਸ ਕਦਰ ਸੀ ਕਿ ਉਹ ਆਪਣੇ ਸਾਥੀਆਂ ਨੂੰ ਲੈ ਕੇ ਮੁਹੱਲੇ ਦੇ ਜਿਸ ਘਰ ਵੀ ਕਲੀ ਵਾਲੇ ਲੱਗਣੇ, ਉਥੋਂ ਚੂਨਾ ਕੱਢ ਕੇ ਹਾਕੀ ਗਰਾਊਂਡ ਦੀ ਮਾਰਕਿੰਗ ਕਰਨ ਲੱਗ ਜਾਂਦੇ। ਖੁਦ ਹੀ ਗਰਾਊਂਡ ਤਿਆਰ ਕਰਨਾ ਅਤੇ ਫੇਰ ਖੇਡਣਾ। ਉਨ੍ਹਾਂ ਵੇਲਿਆਂ ਦੀ ਹੀ ਸੋਢੀ ਨੇ ਇਕ ਤਸਵੀਰ ਸਾਂਭ ਕੇ ਰੱਖੀ ਹੋਈ ਹੈ, ਜਿਸ ਵਿੱਚ ਮੁਹੱਲਾ ਪੱਧਰ ਦਾ ਟੂਰਨਾਮੈਂਟ ਜਿੱਤਣ ਵਾਲੇ ਉਹ ਤੇ ਉਸ ਦੇ ਸਾਥੀ ਟਰਾਫੀ ਅਤੇ ਹਾਕੀਆਂ ਨਾਲ ਦਿਖਾਈ ਦਿੰਦੇ ਹਨ।

ਉਹ ਹਾਕੀ, ਫੁਟਬਾਲ ਤੇ ਕ੍ਰਿਕਟ ਸਭ ਖੇਡਾਂ ਖੇਡ ਲੈਂਦਾ ਸੀ। ਹਾਕੀ ਵਿੱਚ ਉਸ ਨੂੰ ਇੰਨੀ ਮੁਹਾਰਤ ਹਾਸਲ ਹੋ ਗਈ ਸੀ ਕਿ 5ਵੀਂ ਪੜ੍ਹਦਿਆਂ ਉਹ ਵੱਡੇ ਖਿਡਾਰੀਆਂ ਨਾਲੋਂ ਵਧੀਆ ਖੇਡ ਲੈਂਦਾ ਸੀ। ਇਸ ਬਾਰੇ ਉਹ ਕਿੱਸਾ ਦੱਸਦੇ ਹਨ, ''ਮੈਨੂੰ ਜਦੋਂ ਹਾਕੀ ਟੀਮ ਵਿੱਚ ਨਾ ਚੁਣਿਆ ਤਾਂ ਮੈਂ ਗੁੱਸੇ ਵਿੱਚ ਹਾਕੀ ਛੱਡ ਕੇ ਫੁਟਬਾਲ ਖੇਡਣੀ ਸ਼ੁਰੂ ਕਰ ਦਿੱਤੀ। ਖੇਡ ਮੈਂ ਕ੍ਰਿਕਟ ਵੀ ਸਕਦਾ ਸੀ ਪਰ ਸਾਡੇ ਸਕੂਲ ਦੀ ਕ੍ਰਿਕਟ ਟੀਮ ਨਹੀਂ ਸੀ। ਉਸ ਵੇਲੇ ਸਾਈ ਦਾਸ ਸਕੂਲ ਵਿੱਚ ਕ੍ਰਿਕਟ ਦੀ ਟੀਮ ਤਕੜੀ ਹੁੰਦੀ ਸੀ। ਮੇਰੀ ਨਾਰਾਜ਼ਗੀ ਸਾਡੇ ਪੀ.ਟੀ. ਮਾਸਟਰ ਲਹਿੰਬਰ ਦਾਸ ਨੇ ਦੂਰ ਕੀਤੀ। ਉਨ੍ਹਾਂ ਮੈਨੂੰ ਦੱਸਿਆ ਕਿ ਤੈਨੂੰ ਨਾ ਚੁਣਨ ਦਾ ਕਾਰਨ ਤੇਰੀ ਮਾੜੀ ਖੇਡ ਨਹੀਂ ਬਲਕਿ ਤੂੰ 5ਵੀਂ ਵਿੱਚ ਪੜ੍ਹਦਾ ਹੋਣ ਕਰਕੇ ਨਹੀਂ ਚੁਣਿਆ ਗਿਆ।'' ਸਕੂਲੀ ਪੱਧਰੀ 'ਤੇ ਆਪਣੇ ਟੀਮ ਦੀ ਕਪਤਾਨੀ ਕਰਦਿਆਂ ਉਸ ਨੇ ਜ਼ਿਲਾ ਚੈਂਪੀਅਨਸ਼ਿਪ ਜਿੱਤੀ। ਹਾਕੀ ਦੇ ਮੱਕਾ ਜਲੰਧਰ ਵਿੱਚ ਜ਼ਿਲਾ ਚੈਂਪੀਅਨ ਬਣਨਾ ਸਟੇਟ ਚੈਂਪੀਅਨ ਤੋਂ ਘੱਟ ਨਹੀਂ ਸੀ।

ਲੇਖਕ ਨਵਦੀਪ ਸਿੰਘ ਗਿੱਲ ਦੇ ਨਾਲ ਸੁਰਿੰਦਰ ਸਿੰਘ ਸੋਢੀ

PunjabKesari

1975 ਵਿੱਚ 16 ਵਰ੍ਹਿਆਂ ਦੀ ਉਮਰੇ ਸੋਢੀ ਜੂਨੀਅਰ ਭਾਰਤੀ ਹਾਕੀ ਟੀਮ ਵਿੱਚ ਚੁਣਿਆ ਗਿਆ, ਜਿੱਥੇ ਉਸ ਨੂੰ ਯੂਰੋਪ ਦਾ ਦੌਰਾ ਕਰਨ ਦਾ ਮੌਕਾ ਮਿਲਿਆ। ਇਸ ਟੂਰ 'ਤੇ ਉਹ ਟਾਪ ਸਕੋਰਰ ਬਣਿਆ। ਉਸ ਦੀ ਖੇਡ ਇੰਨੀ ਸਲਾਹੀ ਗਈ ਕਿ ਇਸੇ ਸਾਲ ਉਹ ਨਿਊਜ਼ੀਲੈਂਡ ਦਾ ਦੌਰਾ ਕਰਨ ਵਾਲੀ ਭਾਰਤੀ ਸੀਨੀਅਰ ਟੀਮ ਵਿੱਚ ਵੀ ਚੁਣਿਆ ਗਿਆ। ਇਹ ਉਹ ਸਮਾਂ ਸੀ ਜਦੋਂ ਭਾਰਤੀ ਹਾਕੀ ਨੇ ਕੁਆਲਾ ਲੰਪਰ ਵਿਖੇ ਪਹਿਲਾ ਵਿਸ਼ਵ ਕੱਪ ਜਿੱਤਿਆ ਸੀ। ਵਿਸ਼ਵ ਚੈਂਪੀਅਨ ਟੀਮ ਵਿੱਚ ਸੋਲਾਂ ਵਰ੍ਹਿਆਂ ਦੀ ਉਮਰੇ ਚੁਣਿਆ ਜਾਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਇਸ ਤੋਂ ਬਾਅਦ ਉਹ ਚਾਰ ਵਰ੍ਹੇ ਇਕੋ ਸਮੇਂ ਜੂਨੀਅਰ ਤੇ ਸੀਨੀਅਰ ਦੋਵਾਂ ਟੀਮਾਂ ਵੱਲੋਂ ਖੇਡਿਆ। ਹਾਕੀ ਦੇਖਣ ਵਾਲਿਆਂ ਨੂੰ ਭੁਲੇਖਾ ਲੱਗਣਾ ਕਿ ਜੂਨੀਅਰ ਤੇ ਸੀਨੀਅਰ ਟੀਮ ਵੱਲੋਂ ਖੇਡਣ ਵਾਲਾ ਸੁਰਿੰਦਰ ਸਿੰਘ ਸੋਢੀ ਇਕੋ ਹੈ ਜਾਂ ਇਕੋ ਨਾਂ ਵਾਲੇ ਦੋ ਵੱਖ-ਵੱਖ ਖਿਡਾਰੀ ਹਨ। ਸੋਢੀ ਉਤੇ ਖੇਡਣ ਦਾ ਜਾਨੂੰਨ ਇਸ ਕਦਰ ਸੀ ਕਿ ਉਹ ਜਦੋਂ ਕੌਮਾਂਤਰੀ ਮੁਕਾਬਲਿਆਂ ਤੋਂ ਵਿਹਲਾ ਹੁੰਦਾ ਤਾਂ ਕੌਮੀ ਪੱਧਰ 'ਤੇ ਪੰਜਾਬ ਦੀ ਨੁਮਾਇੰਦਗੀ ਕਰਦਾ। ਇਸ ਦੌਰਾਨ ਉਸ ਨੇ ਲਾਇਲਪੁਰ ਖਾਲਸਾ ਕਾਲਜ ਵਿਖੇ ਦਾਖਲਾ ਲੈ ਲਿਆ। ਇਸੇ ਕਾਲਜ ਨੇ ਅਜੀਤ ਪਾਲ ਸਿੰਘ, ਕਰਤਾਰ ਸਿੰਘ, ਪਰਗਟ ਸਿੰਘ ਜਿਹੇ ਖਿਡਾਰੀ ਵੀ ਪੈਦਾ ਕੀਤੇ ਹਨ।

ਸੋਢੀ ਨੇ 1976 ਵਿੱਚ ਸੀਨੀਅਰ ਭਾਰਤੀ ਟੀਮ ਵੱਲੋਂ ਲਾਹੌਰ ਵਿਖੇ ਕਾਇਦੇ-ਆਜ਼ਮ ਜਿਨਾਹ ਹਾਕੀ ਟੂਰਨਾਮੈਂਟ ਖੇਡਿਆ। 1977 ਵਿੱਚ ਭਾਰਤ ਦੀ ਜੂਨੀਅਰ ਹਾਕੀ ਟੀਮ ਵੱਲੋਂ ਜੂਨੀਅਰ ਵਿਸ਼ਵ ਕੱਪ ਕੁਆਲੀਫਾਇੰਗ ਖੇਡਣ ਗਿਆ ਅਤੇ ਇਸੇ ਸਾਲ ਪੰਜਾਬ ਦੀ ਟੀਮ ਵੱਲੋਂ ਕੌਮੀ ਚੈਂਪੀਅਨਸ਼ਿਪ ਵਿੱਚ ਖੇਡਣ ਗਿਆ। 1978 ਵਿੱਚ ਜਰਮਨੀ ਦੇ ਦੌਰੇ 'ਤੇ ਗਈ ਜੂਨੀਅਰ ਭਾਰਤੀ ਟੀਮ ਦੀ ਕਪਤਾਨੀ ਉਸ ਨੂੰ ਸੌਂਪ ਦਿੱਤੀ। ਇਸੇ ਸਾਲ ਉਹ ਸੀਨੀਅਰ ਟੀਮ ਵੱਲੋਂ ਆਪਣਾ ਪਹਿਲਾ ਵਿਸ਼ਵ ਕੱਪ ਖੇਡਿਆ। ਅਰਜਨਟਾਈਨਾ ਦੇ ਸ਼ਹਿਰ ਬਿਓਨਸ ਆਇਰਸ ਵਿਖੇ ਚੌਥੇ ਹਾਕੀ ਵਿਸ਼ਵ ਕੱਪ ਵਿੱਚ ਸੋਢੀ ਭਾਰਤੀ ਟੀਮ ਦਾ ਅਹਿਮ ਮੈਂਬਰ ਸੀ। ਵਿਸ਼ਵ ਕੱਪ ਵਿੱਚ ਭਾਰਤੀ ਟੀਮ ਪੂਲ ਮੈਚਾਂ ਵਿੱਚ ਸਿਰਫ ਇੱਕ ਅੰਕ ਨਾਲ ਸੈਮੀ ਫਾਈਨਲ ਖੇਡਣ ਤੋਂ ਖੁੰਝ ਗਈ। ਵਿਸ਼ਵ ਕੱਪ ਦੀ ਕਸਰ ਭਾਰਤੀ ਟੀਮ ਨੇ ਏਸ਼ਿਆਈ ਖੇਡਾਂ ਵਿੱਚ ਕੱਢੀ। 1978 ਵਿੱਚ ਬੈਂਕਾਕ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਨੇ ਚਾਂਦੀ ਦਾ ਤਮਗਾ ਜਿੱਤਿਆ। 19 ਵਰ੍ਹਿਆਂ ਦੇ ਸੋਢੀ ਦੀ ਇਹ ਪਹਿਲੀ ਕੌਮਾਂਤਰੀ ਵੱਡੀ ਪ੍ਰਾਪਤੀ ਸੀ। ਸਾਲ 1979 ਵਿੱਚ ਹਾਕੀ ਖੇਡ ਵਿੱਚ ਜੂਨੀਅਰ ਵਿਸ਼ਵ ਕੱਪ ਦੀ ਸ਼ੁਰੂਆਤ ਹੋਈ। ਇਸੇ ਦਹਾਕੇ ਦੀ ਪਹਿਲੇ ਸਾਲ 1971 ਵਿੱਚ ਪਹਿਲਾ ਸੀਨੀਅਰ ਵਿਸ਼ਵ ਕੱਪ ਖੇਡਿਆ ਗਿਆ ਸੀ ਅਤੇ ਦਹਾਕੇ ਦੇ ਅਖਰੀਲੇ ਸਾਲਾਂ ਵਿੱਚ ਫਰਾਂਸ ਦੇ ਸ਼ਹਿਰ ਵਰਸੇਲਜ਼ ਵਿਖੇ ਪਹਿਲਾ ਜੂਨੀਅਰ ਵਿਸ਼ਵ ਕੱਪ ਖੇਡਿਆ ਗਿਆ। ਜੂਨੀਅਰ ਵਰਗ ਵਿੱਚ ਸੋਢੀ ਦਾ ਇਹ ਆਖਰੀ ਵਰ੍ਹਾ ਸੀ ਅਤੇ ਉਸ ਨੇ ਇਸ ਟੂਰਨਾਮੈਂਟ ਵਿੱਚ ਹਿੱਸਾ ਲਿਆ। ਉਸ ਵੇਲੇ ਲੋਕੀਂ ਕਹਿਣ ਲੱਗੇ ਕਿ ਸੋਢੀ ਨੇ ਬੀ.ਏ. ਦੀ ਡਿਗਰੀ ਦਸਵੀਂ ਕਲਾਸ ਤੋਂ ਪਹਿਲਾ ਕਰ ਲਈ। ਸੀਨੀਅਰ ਵਿਸ਼ਵ ਕੱਪ ਖੇਡਣ ਤੋਂ ਬਾਅਦ ਉਹ ਜੂਨੀਅਰ ਵਿਸ਼ਵ ਕੱਪ ਖੇਡਿਆ।

ਸੁਰਿੰਦਰ ਸਿੰਘ ਸੋਢੀ ਖੇਡ ਦੇ ਮੈਦਾਨ ਵਿਚ

PunjabKesari

ਸੁਰਿੰਦਰ ਸਿੰਘ ਸੋਢੀ ਲਈ 1980 ਦਾ ਵਰ੍ਹਾ ਬਹੁਤ ਯਾਦਗਾਰੀ ਸੀ। ਭਾਰਤੀ ਹਾਕੀ ਲਈ ਇਹ ਵਰ੍ਹਾ ਨਾ ਭੁੱਲਣਯੋਗ ਹੈ। ਉਹ ਵੀ ਮਿੱਠੀ ਤੇ ਕੌੜੀ ਯਾਦ ਵਜੋਂ। ਭਾਰਤ ਨੇ ਓਲੰਪਿਕ ਖੇਡਾਂ ਵਿੱਚ ਆਪਣਾ 8ਵਾਂ ਅਤੇ ਕੁੱਲ ਮਿਲਾ ਕੇ 11ਵਾਂ ਤਮਗਾ ਇਸੇ ਸਾਲ ਮਾਸਕੋ ਓਲੰਪਿਕਸ ਵਿੱਚ ਜਿੱਤਿਆ। ਇਸ ਤੋਂ ਬਾਅਦ ਭਾਰਤੀ ਟੀਮ ਕੋਈ ਤਮਗਾ ਨਹੀਂ ਜਿੱਤ ਸਕੀ। ਮਾਸਕੋ ਵਿਖੇ ਸੋਢੀ ਦੀ ਸਟਿੱਕ ਦਾ ਜਾਦੂ ਵੀ ਪੂਰੇ ਸ਼ਬਾਬ 'ਤੇ ਸੀ। ਸੋਢੀ ਨੇ ਭਾਰਤ ਦੇ ਪਹਿਲੇ ਮੈਚ ਵਿੱਚ ਤਨਜ਼ਾਨੀਆ ਖਿਲਾਫ ਪੰਜ ਗੋਲ ਕਰ ਦਿੱਤੇ ਜਿਨ੍ਹਾਂ ਵਿੱਚ ਸਭ ਤੋਂ ਤੇਜ਼ ਹੈਟ੍ਰਿਕ ਵੀ ਸ਼ਾਮਲ ਸੀ। ਸੋਢੀ ਹੁਰੀਂ ਹੁਣ ਵੀ ਉਸ ਮੈਚ ਦੀਆਂ ਯਾਦਾਂ ਸੁਣਾਉਂਦੇ ਹਨ, ''ਪਹਿਲੇ ਮੈਚ ਵਿੱਚ ਮੈਂ ਜਦੋਂ ਗੋਲ ਕੀਤੇ ਤਾਂ ਇਕ ਆਰਟਿਸਟ ਨੇ ਮੇਰਾ ਸਕੈਚ ਬਣਾਇਆ ਜਿਸ ਨੂੰ ਹਾਕੀ ਸਟੇਡੀਅਮ ਦੀ ਮੇਨ ਲਾਬੀ ਦੇ ਬੋਰਡ ਉਪਰ ਵੀ ਲਗਾ ਦਿੱਤਾ ਗਿਆ। ਪੂਰੀ ਓਲੰਪਿਕਸ ਉਹ ਸਕੈਚ ਲੱਗਿਆ ਰਿਹਾ।'' ਮਾਸਕੋ ਵਿਖੇ ਸੋਢੀ ਦੀ ਗੁੱਡੀ ਮੈਚ ਦਰ ਮੈਚ ਚੜ੍ਹਦੀ ਗਈ। ਉਹ ਹਾਕੀ ਮੈਚ ਵਿੱਚ ਇੰਝ ਗੋਲ ਕਰਦਾ ਜਿਵੇਂ ਕੋਈ ਟੈਸਟ ਕ੍ਰਿਕਟਰ ਵਿਕਟਾਂ ਲੈ ਰਿਹਾ ਹੋਵੇ। ਕਿਊਬਾ ਖਿਲਾਫ ਮੈਚ ਵਿੱਚ ਉਸ ਨੇ ਚਾਰ ਗੋਲ ਕੀਤੇ। ਲੀਗ ਮੈਚ ਵਿੱਚ ਸਪੇਨ ਨਾਲ 2-2 ਦੀ ਬਰਾਬਰੀ ਵਾਲੇ ਮੈਚ ਵਿੱਚ ਦੋਵੇਂ ਗੋਲ ਸੋਢੀ ਦੇ ਸਨ।

ਮੇਜ਼ਬਾਨ ਮੁਲਕ ਸੋਵੀਅਤ ਸੰਘ ਨੂੰ ਹਰਾਉਣ ਵਿੱਚ ਸੋਢੀ ਦੇ ਇਕ ਗੋਲ ਦਾ ਯੋਗਦਾਨ ਸੀ। ਸਪੇਨ ਖਿਲਾਫ ਫਾਈਨਲ ਮੈਚ ਭਾਰਤ ਨੇ ਬਹੁਤ ਹੀ ਫਸਵੇਂ ਮੁਕਾਬਲੇ ਵਿੱਚ 4-3 ਨਾਲ ਜਿੱਤਿਆ, ਜਿਸ ਵਿੱਚ ਦੋ ਗੋਲ ਸੁਰਿੰਦਰ ਸਿੰਘ ਸੋਢੀ ਦੀ ਸਟਿੱਕ ਨਾਲ ਹੋਏ। ਸੋਢੀ ਨੇ ਪਹਿਲੇ ਅੱਧ ਵਿੱਚ 24ਵੇਂ ਤੇ 30ਵੇਂ ਮਿੰਟ ਵਿੱਚ ਦੋ ਗੋਲਾਂ ਦੀ ਲੀਡ ਦਿਵਾਈ ਅਤੇ ਅੰਤ ਤੱਕ ਲੀਡ ਨਾ ਟੁੱਟਣ ਦਿੱਤੀ। ਭਾਰਤ 8ਵੀਂ ਵਾਰ ਓਲੰਪਿਕ ਚੈਂਪੀਅਨ ਬਣਿਆ। ਸੋਢੀ ਨੇ 15 ਗੋਲ ਕਰ ਕੇ ਊਧਮ ਸਿੰਘ ਦੀ ਬਰਾਬਰੀ ਕੀਤੀ। ਸੋਢੀ ਦੇ ਸੁਨਿਹਰੀ ਰਿਕਾਰਡ 'ਤੇ ਸਾੜਾ ਕਰਨ ਵਾਲੇ ਕਹਿੰਦੇ ਹਨ ਕਿ ਮਾਸਕੋ ਓਲੰਪਿਕਸ ਵਿੱਚ ਅਮਰੀਕੀ ਪੱਖੀ ਮੁਲਕਾਂ ਦੇ ਬਾਈਕਾਟ ਕਰਕੇ ਭਾਰਤ ਨੇ ਤਮਗਾ ਜਿੱਤਿਆ ਪਰ ਸੋਢੀ ਦੇ ਪ੍ਰਸੰਸਕ ਅਤੇ ਉਸ ਨੂੰ ਚਾਹੁਣ ਵਾਲੇ ਕਹਿੰਦੇ ਹਨ ਕਿ ਓਲੰਪਿਕ ਸੋਨ ਤਮਗੇ ਤਾਂ ਇਕ ਪਾਸੇ ਕੋਈ ਖਿਡਾਰੀ ਜ਼ਿਲੇ ਦੇ ਟੂਰਨਾਮੈਂਟ ਵਿੱਚ 15 ਗੋਲ ਕਰ ਦਿਖਾਏ। ਇਸ ਤੋਂ ਇਲਾਵਾ ਇਹ ਤਾਂ ਖੇਡਾਂ ਦਾ ਹਿੱਸਾ ਹੈ। ਜੇ ਇਹੋ ਗੱਲ ਸੀ ਤਾਂ 1984 ਵਿੱਚ ਲਾਸ ਏਂਜਲਸ ਵਿਖੇ ਰੂਸ ਪੱਖੀ ਮੁਲਕਾਂ ਦਾ ਬਾਈਕਾਟ ਸੀ, ਉਦੋਂ ਨਹੀਂ ਸੋਨੇ ਦਾ ਤਮਗਾ ਜਿੱਤਿਆ ਗਿਆ। ਫੇਰ ਤਾਂ ਧਿਆਨ ਚੰਦ ਦੇ ਜ਼ਮਾਨੇ ਦੇ ਤਮਗਿਆਂ ਉਤੇ ਵੀ ਸਵਾਲ ਉਠੇਗਾ ਕਿਉਂਕਿ 1932 ਦੀਆਂ ਓਲੰਪਿਕ ਖੇਡਾਂ ਵਿੱਚ ਤਾਂ ਸਿਰਫ ਤਿੰਨ ਟੀਮਾਂ ਨੇ ਹੀ ਹਿੱਸਾ ਲਿਆ ਸੀ। ਮਾਸਕੋ ਓਲੰਪਿਕਸ ਦੀ ਜਿੱਤ ਭਾਰਤੀ ਹਾਕੀ ਦੇ ਸੁਨਹਿਰੀ ਯੁੱਗ ਦੀ ਆਖਰੀ ਨਿਸ਼ਾਨੀ ਹੈ।

ਸੁਰਿੰਦਰ ਸਿੰਘ ਸੋਢੀ ਆਪਣੇ ਘਰ ਵਿਚ ਹਾਕੀ ਖੇਡਦੇ ਹੋਏ

PunjabKesari

ਸੋਢੀ ਨੇ ਉਸ ਤੋਂ ਬਾਅਦ ਬੰਬਈ ਦਾ ਹਾਕੀ ਵਿਸ਼ਵ ਕੱਪ ਖੇਡਿਆ। ਮਲੇਸ਼ੀਆ ਵਿਖੇ ਚਾਰ ਦੇਸ਼ੀ ਟੂਰਨਾਮੈਂਟ, ਯੂਰੋਪ ਦਾ ਦੌਰਾ ਅਤੇ ਸੋਵੀਅਤ ਸੰਘ ਨਾਲ ਟੈਸਟ ਮੈਚ ਖੇਡੇ। ਸੋਵੀਅਤ ਸੰਘ ਦੀ ਟੀਮ ਭਾਰਤ ਖੇਡਣ ਆਈ ਹੋਈ ਸੀ। ਭਾਰਤੀ ਟੀਮ ਲਖਨਊ ਵਿਖੇ ਖੇਡਿਆ ਪਹਿਲਾ ਮੈਚ ਇਕ ਗੋਲ ਨਾਲ ਹਾਰ ਗਈ। ਅਗਲੇ ਤਿੰਨ ਮੈਚ ਪੰਜਾਬ ਵਿੱਚ ਖੇਡੇ ਜਾਣੇ ਸਨ। ਜਲੰਧਰ ਤੇ ਫਿਰੋਜ਼ਪੁਰ ਵਿਖੇ ਖੇਡੇ ਮੈਚ ਭਾਰਤੀ ਟੀਮ ਨੇ ਜਿੱਤ ਲਏ। ਮੇਜ਼ਬਾਨ ਟੀਮ ਨੂੰ 2-1 ਦੀ ਲੀਡ ਮਿਲ ਗਈ। ਦੋਵਾਂ ਜਿੱਤਾਂ ਵਿੱਚ ਸੋਢੀ ਦਾ ਵੱਡਾ ਯੋਗਦਾਨ ਸੀ। ਜਲੰਧਰ ਵਿਖੇ ਭਾਰਤੀ ਟੀਮ ਵੱਲੋਂ ਕੀਤੇ 5 ਗੋਲਾਂ ਵਿੱਚੋਂ 4 ਅਤੇ ਫਿਰੋਜ਼ਪੁਰ ਵਿਖੇ 3 ਗੋਲਾਂ ਵਿੱਚੋਂ 2 ਗੋਲ ਸੋਢੀ ਨੇ ਕੀਤੇ। 4 ਮੈਚ ਲੁਧਿਆਣਾ ਵਿਖੇ ਖੇਡਿਆ ਜਾਣਾ ਸੀ। ਉਸ ਮੈਚ ਵਿੱਚ ਕੋਚ ਹਰਮੀਕ ਸਿੰਘ ਨੇ ਸੋਚਿਆ ਕਿ ਸੁਖਬੀਰ ਗਰੇਵਾਲ ਲੋਕਲ ਖਿਡਾਰੀ ਹੈ, ਇਸੇ ਕਰਕੇ ਉਨ੍ਹਾਂ ਸੋਢੀ ਦੀ ਥਾਂ ਸੁਖਬੀਰ ਗਰੇਵਾਲ ਨੂੰ ਟੀਮ ਵਿੱਚ ਪਾ ਲਿਆ। ਭਾਰਤੀ ਟੀਮ ਇਕ ਗੋਲ ਨਾਲ ਪਛੜਨ ਲੱਗੀ। ਭਾਰਤ ਨੂੰ ਟੈਸਟ ਲੜੀ ਜਿੱਤਣ ਲਈ ਘੱਟੋ-ਘੱਟ ਡਰਾਅ ਜ਼ਰੂਰੀ ਸੀ। ਟੀਮ ਮੈਨੇਜਮੈਂਟ ਨੇ ਆਖਰ ਸੋਢੀ ਨੂੰ ਗਰਾਊਂਡ ਵਿੱਚ ਉਤਾਰਿਆ ਤੇ ਅੱਗੇ ਸੋਢੀ ਨੇ  ਆਪਣਾ ਜਲਵਾ ਨਾਲ ਦਿਖਾਉਂਦਿਆਂ ਦੋ ਗੋਲ ਕਰ ਦਿੱਤੇ। ਭਾਰਤੀ ਟੀਮ ਨੇ ਮੈਚ 3-2 ਨਾਲ ਜਿੱਤ ਲਿਆ।

1982 ਦਾ ਵਰ੍ਹਾ ਸੁਰਿੰਦਰ ਸਿੰਘ ਸੋਢੀ ਅਤੇ ਭਾਰਤੀ ਹਾਕੀ ਲਈ ਹਲਚਲ ਵਾਲਾ ਰਿਹਾ। ਸੋਢੀ 23 ਵਰ੍ਹਿਆਂ ਦੀ ਉਮਰੇ ਭਾਰਤੀ ਟੀਮ ਦਾ ਕਪਤਾਨ ਬਣਾ ਦਿੱਤਾ। ਹਾਲੈਂਡ ਦੇ ਸ਼ਹਿਰ ਐਮਸਟਰਡਮ ਵਿਖੇ ਚੈਂਪੀਅਨਜ਼ ਟਰਾਫੀ ਖੇਡੀ ਗਈ। ਚੈਂਪੀਅਨਜ਼ ਟਰਾਫੀ ਹਾਕੀ ਦਾ ਸਭ ਤੋਂ ਔਖਾ ਟੂਰਨਾਮੈਂਟ ਸਮਝਿਆ ਗਿਆ ਹੈ ਜਿਸ ਵਿੱਚ ਸਿਰਫ ਸਿਖਰਲੀਆਂ 6 ਟੀਮਾਂ ਹੀ ਹਿੱਸਾ ਲੈਂਦੀਆਂ ਹਨ। ਕੋਈ ਵੀ ਮੈਚ ਸੌਖਾ ਨਹੀਂ ਹੁੰਦਾ ਅਤੇ ਇਕ ਵਾਰ ਪਿੱਛੇ ਰਹਿਣ ਤੋਂ ਬਾਅਦ ਵਾਪਸੀ ਦਾ ਮੌਕਾ ਨਹੀਂ ਮਿਲਦਾ। ਇਸ ਟੂਰਨਾਮੈਂਟ ਦੀ ਸ਼ੁਰੂਆਤ 1978 ਵਿੱਚ ਲਾਹੌਰ ਤੋਂ ਹੋਈ ਸੀ, ਜਿਸ ਨੂੰ ਸ਼ੁਰੂ ਕਰਨ ਦਾ ਸਿਹਰਾ ਪਾਕਿਸਤਾਨ ਹਾਕੀ ਦੇ ਪਿਤਾਮਾ ਕਹੇ ਜਾਂਦੇ ਕਰਨਲ ਏ.ਐੱਸ.ਦਾਰਾ ਨੂੰ ਜਾਂਦਾ ਹੈ। ਐਮਸਟਰਡਮ ਵਿਖੇ ਨੌਜਵਾਨ ਕਪਤਾਨ ਦੀ ਅਗਵਾਈ ਵਿੱਚ ਭਾਰਤੀ ਟੀਮ ਪੂਰੇ ਜੋਸ਼ ਨਾਲ ਉਤਰੀ। ਸੁਰਿੰਦਰ ਸਿੰਘ ਸੋਢੀ ਨੇ ਲੀਡ ਕਰਦਿਆਂ ਭਾਰਤ ਨੂੰ ਕਾਂਸੀ ਦਾ ਤਮਗਾ ਜਿਤਾਇਆ। ਇਸ ਟੂਰਨਾਮੈਂਟ ਵਿੱਚ ਇਹ ਭਾਰਤੀ ਟੀਮ ਦਾ 1 ਤਮਗਾ ਸੀ ਅਤੇ ਇਸ ਤੋਂ ਬਾਅਦ ਭਾਰਤੀ ਟੀਮ ਨੂੰ 2 ਤਮਗਾ 2016 ਵਿੱਚ ਨਸੀਬ ਹੋਇਆ ਸੀ, ਜਦੋਂ ਲੰਡਨ ਵਿਖੇ ਭਾਰਤ ਨੇ ਚਾਂਦੀ ਦਾ ਤਮਗਾ ਜਿੱਤਿਆ ਸੀ। ਭਾਰਤ ਲਈ ਸਭ ਤੋਂ ਅਹਿਮ ਮੈਚ ਪਾਕਿ ਖਿਲਾਫ ਸੀ, ਜਿਸ ਵਿੱਚ ਭਾਰਤ ਨੇ 5-4 ਨਾਲ ਜਿੱਤ ਹਾਸਲ ਕੀਤੀ। 5 ਗੋਲ ਸੋਢੀ ਨੇ 59ਵੇਂ ਮਿੰਟ ਵਿੱਚ ਕੀਤਾ, ਜੋ ਅੰਤ ਵਿੱਚ ਨਿਰਣਾਇਕ ਸਾਬਤ ਹੋਇਆ। ਇਸੇ ਗੋਲ ਬਦੌਲਤ ਭਾਰਤੀ ਟੀਮ ਨੇ ਤਮਗਾ ਜਿੱਤਿਆ। ਹਾਕੀ ਪ੍ਰੇਮੀ ਭਲੀਭਾਂਤ ਜਾਣਦੇ ਹਨ ਕਿ 2002, 2003 ਤੇ 2004 ਵਿੱਚ ਭਾਰਤੀ ਟੀਮ ਲਗਾਤਾਰ 3 ਵਾਰ ਪਾਕਿਸਾਨ ਹੱਥੋਂ ਹਾਰ ਕੇ ਚੌਥੇ ਸਥਾਨ 'ਤੇ ਰਹੀ ਅਤੇ ਤਿੰਨੋਂ ਮੌਕਿਆਂ ਤੋਂ ਪਾਕਿਸਤਾਨ ਤਰਫੋਂ ਜੇਤੂ ਗੋਲ ਰੇਹਾਨ ਬੱਟ ਕਰਦਾ ਰਿਹਾ। ਉਸ ਵੇਲੇ ਰੇਹਾਨ ਬੱਟ ਨੂੰ ਪਾਕਿਸਤਾਨ ਦਾ ਸੁਰਿੰਦਰ ਸਿੰਘ ਸੋਢੀ ਆਖਿਆ ਗਿਆ।

 ਸੁਰਿੰਦਰ ਸਿੰਘ ਸੋਢੀ ਵਲੋਂ ਮਾਸਕੋ ਓਲੰਪਿਕਸ ਵਿਚ ਜਿੱਤਿਆ ਸੋਨ ਤਗਮਾ

PunjabKesari

ਚੈਂਪੀਅਨਜ਼ ਟਰਾਫੀ ਤੋਂ ਕੁਝ ਮਹੀਨਿਆਂ ਬਾਅਦ ਨਵੀਂ ਦਿੱਲੀ ਵਿਖੇ ਨੌਵੀਆਂ ਏਸ਼ਿਆਈ ਖੇਡਾਂ ਹੋਈਆਂ। ਹਾਕੀ ਦੇ ਫਾਈਨਲ ਵਿੱਚ ਭਾਰਤ ਨੂੰ ਪਾਕਿਸਤਾਨ ਹੱਥੋਂ 1-7 ਦੀ ਨਮੋਸ਼ੀ ਪੂਰਨ ਹਾਰ ਮਿਲੀ। ਫਰਕ ਸਿਰਫ ਸੁਰਿੰਦਰ ਸਿੰਘ ਸੋਢੀ ਦਾ ਸੀ। ਚੈਂਪੀਅਨਜ਼ ਟਰਾਫੀ ਵਿੱਚ ਝੰਡੇ ਗੱਡਣ ਵਾਲੀ ਟੀਮ ਦਾ ਕਪਤਾਨ ਸੋਢੀ ਏਸ਼ਿਆਈ ਖੇਡਾਂ ਦੀ ਟੀਮ ਵਿੱਚੋਂ ਬਾਹਰ ਕਰ ਦਿੱਤਾ ਗਿਆ। ਜਿਸ ਪਾਕਿਸਤਾਨ ਨੂੰ ਭਾਰਤ ਨੇ ਚੈਂਪੀਅਨਜ਼ ਟਰਾਫੀ ਵਿੱਚ ਹਰਾਇਆ, ਉਸੇ ਹੱਥੋਂ ਭਾਰਤੀ ਟੀਮ ਆਪਣੇ ਵਿਹੜੇ ਵਿੱਚ ਬੁਰੀ ਤਰ੍ਹਾਂ ਹਾਰੀ। ਏਸ਼ਿਆਈ ਖੇਡਾਂ ਦੀ ਟੀਮ ਦੇ ਕੋਚ ਰਹੇ ਕਰਨਲ ਬਲਬੀਰ ਸਿੰਘ ਆਪਣੀ ਸਵੈ ਜੀਵਨੀ 'ਐਨ ਓਲੰਪਿਕ ਮੈਡਲ-ਦਾ ਕਰਨਲਜ਼ ਡੈਡਲੀ ਸਕੂਪ' ਵਿੱਚ ਲਿਖਦੇ ਹਨ ਕਿ ਸੁਰਿੰਦਰ ਸਿੰਘ ਸੋਢੀ ਨੂੰ ਭਾਰਤੀ ਟੀਮ ਵਿੱਚੋਂ ਬਾਹਰ ਕਰਨ ਦਾ ਖਮਿਆਜ਼ਾ ਹਾਰ ਦੇ ਰੂਪ ਵਿੱਚ ਭੁਗਤਣਾ ਪਿਆ। ਖੇਡਾਂ ਤੇ ਖਿਡਾਰੀਆਂ ਨੂੰ ਡੂੰਘਾਈ ਨਾਲ ਜਾਣਨ ਅਤੇ ਪਿਆਰ ਕਰਨ ਵਾਲੇ ਸਾਬਕਾ ਡੀ.ਜੀ.ਪੀ. ਰਾਜਦੀਪ ਸਿੰਘ ਗਿੱਲ ਦੱਸਦੇ ਹਨ ਕਿ ਜਦੋਂ ਫਾਈਨਲ ਖੇਡਿਆ ਗਿਆ ਤਾਂ ਉਹ ਉਸ ਵੇਲੇ ਹਾਕੀ ਸਟੇਡੀਅਮ ਵਿੱਚ ਸਨ ਅਤੇ ਹਾਰਨ ਤੋਂ ਬਾਅਦ ਹਰੇਕ ਦੀ ਜ਼ੁਬਾਨ ਉਤੇ ਇਹੋ ਗੱਲ ਸੀ ਕਿ ਜੇ ਸੋਢੀ ਹੁੰਦਾ ਤਾਂ ਨਤੀਜਾ ਹੋਰ ਹੁੰਦਾ। ਉਸ ਵੇਲੇ ਭਾਰਤੀ ਟੀਮ ਦੀ ਮੈਨੇਜਮੈਂਟ ਵਿੱਚ ਦੋ ਬਲਬੀਰ ਸਿੰਘ। ਬਲਬੀਰ ਸਿੰਘ ਸੀਨੀਅਰ ਤੇ ਕਰਨਲ ਬਲਬੀਰ ਸਿੰਘ। ਉਸ ਵੇਲੇ ਭਾਰਤੀ ਹਾਕੀ ਫੈਡਰੇਸ਼ਨ ਦੇ ਮੁਖੀ ਇੰਦਰ ਮੋਹਨ ਮਹਾਜਨ ਤੇ ਬਲਬੀਰ ਸਿੰਘ ਸੀਨੀਅਰ ਦੀ ਆਪਸ ਵਿੱਚ ਬਣਦੀ ਨਹੀਂ ਸੀ। ਬਲਬੀਰ ਸਿੰਘ ਸੀਨੀਅਰ ਸੋਢੀ ਨੂੰ ਟੀਮ ਵਿੱਚ ਰੱਖਣ ਦੇ ਹੱਕ ਵਿੱਚ ਸਨ ਅਤੇ ਫੈਡਰੇਸ਼ਨ ਨੇ ਚੰਗਾ ਭਲਿਆ ਬਣਿਆ ਭਾਰਤੀ ਹਾਕੀ ਦਾ ਸੈਟ ਖਰਾਬ ਕਰਦਿਆਂ ਸੋਢੀ ਬਾਹਰ ਕਰ ਦਿੱਤਾ। ਉਸ ਤੋਂ ਬਾਅਦ ਭਾਰਤੀ ਹਾਕੀ ਦਾ ਜੋ ਹਸ਼ਰ ਹੋਇਆ, ਉਹ ਸਭ ਦੇ ਸਾਹਮਣੇ ਹੈ। ਸ਼ਾਹਰੁਖ ਖਾਨ ਦੀ ਮਸ਼ਹੂਰ ਫਿਲਮ 'ਚੱਕ ਦੇ ਇੰਡੀਆ' ਫਿਲਮ ਨੂੰ ਬਣਾਉਣ ਦਾ ਸਬੱਬ ਇਹੋ ਹਾਰ ਬਣੀ ਸੀ। 23 ਵਰ੍ਹਿਆਂ ਦੀ ਉਮਰੇ ਜਦੋਂ ਖਿਡਾਰੀ ਆਪਣਾ ਕਰੀਅਰ ਸ਼ੁਰੂ ਕਰਦੇ ਹਨ ਤਾਂ ਸੋਢੀ ਦਾ ਇੰਟਰਨੈਸ਼ਨਲ ਕਰੀਅਰ ਖਤਮ ਹੋ ਗਿਆ। ਉਹ ਘੱਟੋ-ਘੱਟ 1988 ਦੀਆਂ ਸਿਓਲ ਓਲੰਪਿਕਸ ਤੱਕ ਖੇਡ ਸਕਦਾ ਸੀ।

1984 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਵੇਲੇ ਭਾਰਤੀ ਹਾਕੀ ਟੀਮ ਦਾ ਜਦੋਂ ਕੈਂਪ ਲੱਗਿਆ ਸੀ ਤਾਂ ਸੁਰਿੰਦਰ ਸਿੰਘ ਸੋਢੀ ਪੰਜਾਬ ਪੁਲਸ ਵਿੱਚ ਇੰਸਪੈਕਟਰ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਪੁਲਸ ਅਕੈਡਮੀ ਫਿਲੌਰ ਵਿਖੇ ਟਰੇਨਿੰਗ ਲੈ ਰਿਹਾ ਸੀ। ਉਸ ਵੇਲੇ ਕੋਚ ਬਾਲ ਕ੍ਰਿਸ਼ਨ ਸਿੰਘ ਨੇ ਮਾਸਕੋ ਓਲੰਪਿਕਸ ਵਿੱਚ ਸੋਢੀ ਦੇ ਸਾਥੀ ਰਹੇ ਗੁਰਮੇਲ ਸਿੰਘ ਗੇਲੀ ਨੂੰ ਸੋਢੀ ਨੂੰ ਮਨਾਉਣ ਲਈ ਭੇਜਿਆ ਪਰ ਸੋਢੀ ਨਾ ਮੰਨਿਆ। ਇਕ ਵਾਰ ਆਪਣੇ ਨਾਲ ਹੋਏ ਧੱਕੇ ਤੋਂ ਬਾਅਦ ਉਸ ਨੇ ਸਾਰਾ ਧਿਆਨ ਘਰੇਲੂ ਮੁਕਾਬਲਿਆਂ ਅਤੇ ਆਪਣੀ ਨੌਕਰੀ ਵੱਲ ਕੇਂਦਰਿਤ ਕਰ ਲਿਆ ਸੀ। ਸੋਢੀ ਨੇ ਪੰਜਾਬ ਤੇ ਪੰਜਾਬ ਪੁਲਸ ਦੀ ਵੀ ਸਭ ਤੋਂ ਵੱਧ ਸੇਵਾ ਕੀਤੀ। ਉਸ ਦੇ ਹੁੰਦਿਆਂ ਪੰਜਾਬ ਨੇ ਲਗਾਤਾਰ 3 ਸਾਲ (1981, 1982 ਤੇ 1983) ਕੌਮੀ ਚੈਂਪੀਅਨ ਬਣ ਕੇ ਹੈਟ੍ਰਿਕ ਬਣਾਈ। ਇਸ ਤੋਂ ਬਾਅਦ ਹੈਟ੍ਰਿਕ ਤਾਂ ਦੂਰ ਦੀ ਗੱਲ ਪੰਜਾਬ ਦੀ ਟੀਮ ਇਕ ਵਾਰ ਜਿੱਤਣ ਨੂੰ ਤਰਸਦੀ ਰਹੀ। ਪੰਜਾਬ ਪੁਲਸ ਵੱਲੋਂ ਡੇਢ ਦਹਾਕਾ ਖੇਡਣ ਵਾਲੇ ਸੋਢੀ ਕੁੱਲ ਹਿੰਦ ਪੁਲਸ ਖੇਡਾਂ ਵਿੱਚ 11 ਸੋਨੇ ਦੇ ਤਮਗੇ ਜਿੱਤੇ। ਨਹਿਰੂ ਹਾਕੀ ਖੇਡਦਿਆਂ ਇਕ ਵਾਰ ਸੋਢੀ ਦੇ ਦੰਦ ਟੁੱਟੇ, ਇਕ ਵਾਰ ਬੁੱਲ ਉਤੇ ਹਾਕੀ ਲੱਗੀ ਪਰ ਇਸ ਸਿਰੜੀ ਖਿਡਾਰੀ ਨੇ ਫੇਰ ਪ੍ਰਵਾਹ ਨਹੀਂ ਕੀਤੀ। ਨਹਿਰੂ ਹਾਕੀ ਵਿੱਚ ਇਕੇਰਾਂ ਸੀ.ਆਰ.ਪੀ.ਐੱਫ. ਖਿਲਾਫ ਸੈਮੀ ਫਾਈਨਲ ਵਿੱਚ ਲਗਾਈ ਹੈਟ੍ਰਿਕ ਨੂੰ ਉਹ ਸਭ ਤੋਂ ਯਾਦਗਾਰੀ ਮੈਚ ਮੰਨਦੇ ਹਨ। ਅਜੋਕੇ ਸਮੇਂ ਚੱਲਦੀਆਂ ਲੀਗਾਂ ਵਾਂਗ ਉਸ ਵੇਲੇ ਦੇਸ਼ ਦੇ ਚੋਟੀ ਦੇ ਖਿਡਾਰੀਆਂ ਨੂੰ ਪੰਜਾ ਜ਼ੋਨਾਂ ਵਿੱਚ ਵੰਡ ਕੇ ਅੰਤਰ ਜ਼ੋਨਲ ਟੂਰਨਾਮੈਂਟ ਸ਼ੁਰੂ ਕੀਤਾ। ਸੋਢੀ ਉਥੇ ਵੀ ਟਾਪ ਸਕੋਰਰ ਬਣਿਆ।

ਸੁਰਿੰਦਰ ਸਿੰਘ ਸੋਢੀ ਆਪਣੇ ਪਰਿਵਾਰ ਦੇ ਨਾਲ ਅਤੇ ਲੇਖਕ ਦੇ ਪਰਿਵਾਰ ਨਾਲ

PunjabKesari

ਸੋਢੀ ਨੇ ਹਾਕੀ ਦੇ ਨਾਲ ਪੰਜਾਬ ਪੁਲਸ ਵਿੱਚ ਵੱਡੇ ਅਹੁਦਿਆਂ ਤੱਕ ਤਰੱਕੀਆਂ ਹਾਸਲ ਕੀਤੀਆਂ। ਨਵਾਂਸ਼ਹਿਰ ਜ਼ਿਲੇ ਦੇ ਉਨ੍ਹਾਂ ਨੂੰ ਜਦੋਂ ਐੱਸ.ਐੱਸ.ਪੀ. ਲਗਾਇਆ ਗਿਆ ਤਾਂ ਉਹ ਇਹ ਮਾਣ ਹਾਸਲ ਕਰਨ ਵਾਲੇ ਦੇਸ਼ ਦੇ ਪਹਿਲੇ ਹਾਕੀ ਓਲੰਪੀਅਨ ਬਣੇ। ਫਰੀਦਕੋਟ ਜ਼ਿਲੇ ਦੇ ਵੀ ਉਹ ਐੱਸ.ਐੱਸ.ਪੀ. ਰਹੇ। ਲੰਬਾ ਸਮਾਂ ਪੀ.ਏ.ਪੀ. ਵਿੱਚ ਬਟਾਲੀਅਨ ਦੇ ਕਮਾਂਡੈਂਟ ਵਜੋਂ ਵੀ ਸੇਵਾਵਾਂ ਨਿਭਾਈਆਂ। ਡੀ.ਆਈ.ਜੀ. ਕਾਊਂਟਰ ਇੰਟੈਲੀਜੈਂਸ ਦੇ ਅਹੁਦੇ 'ਤੇ ਰਹੇ। ਸੇਵਾ ਮੁਕਤੀ ਵੇਲੇ ਉਹ ਆਈ.ਜੀ. ਰੇਲਵੇ ਅਹੁਦੇ 'ਤੇ ਪੋਸਟਡ ਸਨ। ਇਸ ਦੌਰਾਨ ਉਹ ਪੰਜਾਬ ਹਾਕੀ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਰਹੇ। ਹਾਕੀ ਖੇਡ ਨੂੰ ਪ੍ਰਫੁੱਲਿਤ ਕਰਨ ਲਈ ਉਨ੍ਹਾਂ ਤਿੰਨ ਵੱਡੇ ਟੂਰਨਾਮੈਂਟ ਵੀ ਸ਼ੁਰੂ ਕਰਵਾਏ। ਹਾਕੀ ਦੀ ਪਹਿਲੀ ਪ੍ਰੋਫੈਸ਼ਨਲ ਲੀਗ ਪੀ.ਐੱਚ.ਐੱਲ. ਦੀ ਅਹਿਮ ਟੀਮ ਸ਼ੇਰ-ਏ-ਜਲੰਧਰ ਦੇ ਉਹ ਕੋਚ ਰਹੇ। ਗੌਲਫ ਖੇਡਣ ਲੱਗੇ ਤਾਂ ਉਥੇ ਚੈਂਪੀਅਨ ਬਣੇ। ਖੇਡਾਂ ਨੂੰ ਸਮਰਪਿਤ ਸੋਢੀ ਹੁਰੀਂ ਪੰਜਾਬ ਵੁਸ਼ੂ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਭਾਰਤੀ ਵੁਸ਼ੂ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਰਹੇ। ਭਾਰਤ ਸਰਕਾਰ ਨੇ 1998 ਵਿੱਚ ਸੋਢੀ ਨੂੰ ਅਰਜੁਨਾ ਐਵਾਰਡ ਨਾਲ ਸਨਮਾਨਤ ਕੀਤਾ। ਹਾਲਾਂਕਿ ਉਹ ਇਸ ਤੋਂ ਵੀ ਵੱਡੇ ਸਨਮਾਨਾਂ ਦੇ ਹੱਕਦਾਰ ਸਨ। ਅਰਜੁਨਾ ਐਵਾਰਡ ਵੀ ਉਨ੍ਹਾਂ ਨੂੰ ਖੇਡ ਛੱਡਣ ਦੇ 16 ਸਾਲਾਂ ਬਾਅਦ ਮਿਲਿਆ। ਉਨ੍ਹਾਂ ਕਦੇ ਕੋਈ ਸ਼ਿਕਵਾ ਨਹੀਂ ਕੀਤਾ। 2004 ਵਿੱਚ ਜਦੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡ ਰਿਸ਼ਤਿਆਂ ਦੀਆਂ ਤੰਦਾਂ ਮੁੜ ਜੁੜਨ ਲੱਗੀਆਂ ਤਾਂ ਭਾਰਤ-ਪਾਕਿਸਤਾਨ ਵਿਚਾਲੇ ਹਾਕੀ ਟੈਸਟ ਲੜੀ ਖੇਡੀ ਗਈ। ਇਸ ਦੇ ਦੋ ਹਿੱਸੇ ਸਨ। ਅੱਧੇ ਮੈਚ ਪਾਕਿਸਤਾਨ ਵਿੱਚ ਖੇਡੇ ਗਏ ਅਤੇ ਅੱਧੇ ਭਾਰਤ। ਭਾਰਤੀ ਦੌਰੇ ਸਮੇਂ ਪਾਕਿਸਤਾਨ ਦੇ 4 ਪੁਰਾਣੇ ਦਿੱਗਜ਼ ਖਿਡਾਰੀਆਂ ਦਾ ਭਾਰਤੀ ਹਾਕੀ ਫੈਡਰੇਸ਼ਨ ਵੱਲੋਂ ਸਨਮਾਨ ਕੀਤਾ ਗਿਆ।

ਪਾਕਿਸਤਾਨ ਵਾਲੇ ਮੈਚਾਂ ਦੌਰਾਨ ਚਾਰ ਭਾਰਤੀ ਵੱਡੇ ਖਿਡਾਰੀਆਂ ਦਾ ਪਾਕਿਸਤਾਨ ਹਾਕੀ ਫੈਡਰੇਸ਼ਨ ਵੱਲੋਂ ਸਨਮਾਨ ਕੀਤਾ ਗਿਆ। ਚਾਰ ਭਾਰਤੀ ਖਿਡਾਰੀਆਂ ਵਿੱਚੋਂ ਸੁਰਿੰਦਰ ਸਿੰਘ ਸੋਢੀ 1 ਸਨ। ਬਾਕੀ 3 ਖਿਡਾਰੀ ਅਜੀਤ ਪਾਲ ਸਿੰਘ, ਅਸਲਮ ਸ਼ੇਰ ਖਾਨ ਤੇ ਬੀ.ਪੀ. ਗੋਬਿੰਦਾ ਸਨ। ਉਹ ਭਾਰਤੀ ਟੀਮ ਦੇ ਚੋਣਕਾਰ ਵੀ ਰਹੇ। ਟੀਮ ਦੇ ਹਿੱਤ ਨੂੰ ਦੇਖਦਿਆਂ ਉਹ ਕਈ ਵਾਰ ਧੱਕਾ ਕਰ ਜਾਂਦੇ ਸੀ। 2006 ਵਿੱਚ ਭਾਰਤੀ ਟੂਰ 'ਤੇ ਆਈ ਪਾਕਿਸਤਾਨ ਟੀਮ ਦਾ ਪਲੜਾ ਭਾਰੀ ਸੀ। ਜਲੰਧਰ ਵਿਖੇ ਕਈ ਵਰ੍ਹਿਆਂ ਬਾਅਦ ਕੋਈ ਵੱਡਾ ਮੈਚ ਖੇਡਿਆ ਜਾਣਾ ਸੀ। ਉਸ ਵੇਲੇ ਭਾਰਤੀ ਟੀਮ ਦਾ ਅਹਿਮ ਡਿਫੈਂਡਰ ਕੰਵਲਪ੍ਰੀਤ ਸਿੰਘ ਬਾਹਰ ਸੀ। ਜਲੰਧਰ ਉਸ ਦਾ ਘਰੇਲੂ ਗਰਾਊਂਡ ਹੋਣ ਕਰਕੇ ਸੋਢੀ ਹੁਰਾਂ ਨੇ ਆਪਣੀ ਵੀਟੋ ਵਰਤ ਕੇ ਖੜ੍ਹੇ ਪੈਰ ਕੰਵਲਪ੍ਰੀਤ ਨੂੰ ਮੈਚ ਵਾਲੇ ਦਿਨ ਟੀਮ ਵਿੱਚ ਸ਼ਾਮਲ ਕਰਵਾਇਆ ਅਤੇ ਮੈਚ ਵਿੱਚ ਕੰਵਲਪ੍ਰੀਤ ਨੇ ਵੀ ਸੋਢੀ ਹੁਰਾਂ ਦੀ ਲਾਜ ਰੱਖ ਲਈ। ਮਹਾਰਾਜਾ ਰਣਜੀਤ ਸਿੰਘ ਐਵਾਰਡਾਂ ਦੀ ਚੋਣ ਵੇਲੇ ਉਹ ਪੰਜਾਬ ਪੁਲਸ ਦੇ ਖਿਡਾਰੀਆਂ ਲਈ ਵਕੀਲ ਦੀ ਭੂਮਿਕਾ ਨਿਭਾਉਂਦੇ। ਘਰੇਲੂ ਹਾਕੀ ਖੇਡਣ ਵਾਲਾ ਹਰ ਖਿਡਾਰੀ ਉਨ੍ਹਾਂ ਲਈ ਸਤਿਕਾਰਤ ਸੀ। ਜੂਨੀਅਰ ਵਿਸ਼ਵ ਕੱਪ ਵਿਜੇਤਾ ਟੀਮ ਦੇ ਅਹਿਮ ਮੈਂਬਰ ਰਹੇ ਤੇਜਬੀਰ ਸਿੰਘ ਤੇ ਮਿੱਠਾਪੁਰ ਨੇ ਇਕ ਵਾਰ ਪੰਜਾਬ ਪੁਲਸ ਛੱਡ ਕੇ ਓ.ਐਨ.ਜੀ.ਸੀ. ਜੁਆਇਨ ਕਰ ਲਈ। ਸੋਢੀ ਹੁਰਾਂ ਨੇ ਦੋਵਾਂ ਨੂੰ ਪੁਚਕਾਰ ਕੇ ਵਾਪਸ ਬੁਲਾਇਆ। ਪ੍ਰਭਦੀਪ ਤਾਂ ਹੁਣ ਵਿਦੇਸ਼ ਸੈਟਲ ਹੈ ਪਰ ਤੇਜਬੀਰ ਹੁਣ ਆਪਣੇ ਪਿੰਡ ਮਹਿਤਾ ਦੇ ਨਾਲ ਹੀ ਬਟਾਲਾ ਵਿਖੇ ਐਸ.ਪੀ. ਲੱਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਉਸ ਨੂੰ ਲੰਬਾ ਸਮਾਂ ਸੁਲਤਾਨਪੁਰ ਲੋਧੀ ਵਿਖੇ ਹੀ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਜਿੱਥੇ ਉਹ ਡੀ.ਐੱਸ.ਪੀ. ਵੀ ਲੱਗਿਆ ਰਿਹਾ ਤੇ ਫੇਰ ਪ੍ਰਮੋਟ ਹੋ ਕੇ ਐੱਸ.ਪੀ.। ਸੇਵਾ ਮੁਕਤੀ ਤੱਕ ਉਹ ਵੀ ਆਈ.ਜੀ. ਤਾਂ ਬਣ ਜਾਵੇਗਾ। ਜੇ ਸੋਢੀ ਹੁਰੀਂ ਉਸ ਨੂੰ ਨਾ ਵਾਪਸ ਬੁਲਾਉਂਦੇ ਤਾਂ ਅੱਜ ਤੇਜਬੀਰ ਜ਼ਰੂਰ ਪਛਤਾ ਰਿਹਾ ਹੁੰਦਾ। ਪੋਸਟਿੰਗ ਉਸ ਦੀ ਹੋਰਨਾਂ ਖਿਡਾਰੀਆਂ ਵਾਂਗ ਦੇਹਰਾਦੂਨ ਹੁੰਦੀ।

ਨਿੱਕਾ ਸੁਰਿੰਦਰ ਸਿੰਘ ਸੋਢੀ ਮੁਹੱਲੇ ਦੇ ਖਿਡਾਰੀਆਂ ਤੇ ਟਰਾਫੀ ਨਾਲ

PunjabKesari

ਸੁਰਿੰਦਰ ਸਿੰਘ ਸੋਢੀ ਉਨ੍ਹਾਂ ਖਿਡਾਰੀਆਂ ਵਿੱਚੋਂ ਹਨ, ਜਿਨ੍ਹਾਂ ਨੂੰ ਮੈਨੂੰ ਸਭ ਤੋਂ ਨੇੜਿਓ ਜਾਨਣ ਦਾ ਮੌਕਾ ਮਿਲਿਆ। ਉਨ੍ਹਾਂ ਬਾਰੇ ਸੁਣੀਆਂ ਸੁਣਾਈਆਂ ਘੱਟ ਅਤੇ ਮੇਰੀਆਂ ਅੱਖੀਂ ਦੇਖੀਆਂ-ਦਿਖਾਈਆਂ ਗੱਲਾਂ ਬਹੁਤ ਹਨ। ਖਿਡਾਰੀ ਜਗਤ ਵਿੱਚੋਂ ਮੈਂ ਆਪਣੇ ਸਭ ਤੋਂ ਨੇੜਲੇ ਸਰਕਲ ਵਾਲਿਆਂ ਵਿੱਚੋਂ ਉਨ੍ਹਾਂ ਨੂੰ ਮੰਨਦਾ ਹੈ। ਜਲੰਧਰ ਦੇ ਖੇਡ ਪੱਤਰਕਾਰੀ ਦਿਨਾਂ ਵਿੱਚ ਮੇਰਾ ਉਨ੍ਹਾਂ ਨਾਲ ਰੋਜ਼ਾਨਾ ਵਾਹ ਪੈਂਦਾ ਸੀ। ਉਨ੍ਹਾਂ ਦਿਨਾਂ ਵਿੱਚ ਪੀ.ਐੱਚ.ਐੱਲ. ਦੇ ਚੰਡੀਗੜ੍ਹ ਵਿਖੇ ਹੋਣ ਵਾਲੇ ਮੈਚਾਂ ਲਈ ਜਦੋਂ ਉਹ ਜਲੰਧਰੋਂ ਜਾਂਦੇ ਤਾਂ ਮੈਂ ਉਨ੍ਹਾਂ ਦੇ ਨਾਲ ਹੀ ਹੁੰਦਾ। ਸੋਢੀ ਹੁਰੀ ਜਦੋਂ ਵੀ ਰੋਪੜ ਲੰਘਦੇ ਤਾਂ ਸੋਲਖੀਆ ਵਿਖੇ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਵਿਖੇ ਹਮੇਸ਼ਾ ਸਿਜਦਾ ਕਰਦੇ। ਇਕ ਵਾਰ ਤਾਂ ਉਹ ਆਪਣੀ ਟੀਮ ਸ਼ੇਰ-ਏ-ਜਲੰਧਰ ਦੇ ਮੈਚ ਸ਼ੁਰੂ ਹੋਣ ਤੋਂ ਮਸਾਂ ਕੁਝ ਸਕਿੰਟ ਪਹਿਲਾ ਪੁੱਜੇ। ਇਸ ਬਾਰੇ ਪੁੱਛਣ 'ਤੇ ਉਨ੍ਹਾਂ ਦੱਸਿਆ, ''ਇਹ ਮੇਰੀ ਸ਼ੁਰੂ ਤੋਂ ਹੀ ਆਦਤ ਹੈ ਜਿਸ ਨੂੰ ਸ਼ਰਧਾ ਵੀ ਕਹਿ ਸਕਦੇ ਹੋ। ਸਾਡੇ ਪਿੰਡ ਗੁਣਾਚੌਰ ਰਾਜਾ ਸਾਹਿਬ ਉਹ ਜਗ੍ਹਾਂ ਹੈ ਜਿੱਥੇ ਮੈਂ ਹਰ ਇੰਟਰਨੈਸ਼ਨਲ ਟੂਰ 'ਤੇ ਜਾਣ ਤੋਂ ਪਹਿਲਾ ਸਿਜਦਾ ਕਰਦਾ ਹੁੰਦਾ ਸੀ। 1982 ਵਿੱਚ ਜਦੋਂ ਮੈਨੂੰ ਭਾਰਤੀ ਟੀਮ ਦੀ ਕਪਤਾਨੀ ਮਿਲੀ ਤਾਂ ਮੈਂ ਵਰ੍ਹਦੇ ਮੀਂਹ ਵਿੱਚ ਆਪਣੀ ਪਤਨੀ ਨਾਲ ਸਕੂਟਰ 'ਤੇ ਗਿਆ। ਰਾਸਤੇ ਵਿੱਚ ਇਕ ਜਗ੍ਹਾਂ ਸਾਨੂੰ ਰੁਕਣਾ ਵੀ ਪਿਆ। ਮੇਰੇ ਯਾਦ ਹੈ, ਮੈਂ ਉਦੋਂ ਰੇਅ ਬੈਨ ਦੀ ਐਨਕ ਵਿਦੇਸ਼ੋਂ ਲਿਆਂਦੀ ਸੀ, ਜੋ ਉਸ ਵੇਲੇ ਰਾਹ 'ਚ ਰੁਕਣ ਵਾਲੀ ਥਾਂ ਭੁੱਲ ਗਿਆ ਸੀ। ਵਾਪਸੀ 'ਤੇ ਆ ਕੇ ਦੇਖਿਆ ਤਾਂ ਉਥੋਂ ਗਾਇਬ ਸੀ। ਚਲੋਂ ਇਸ ਦਾ ਕੋਈ ਗਿਲਾ ਨਹੀਂ।'' ਕੁਰਾਲੀ ਲੰਘਦਿਆਂ ਉਹ ਗੋਪਾਲ ਹਾਕੀ ਅਕੈਡਮੀ ਦੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਰੁਕਦੇ। ਉਨ੍ਹਾਂ ਵੇਲਿਆਂ ਵਿੱਚ ਹੀ ਨਿੱਕਾ ਹਰਜੀਤ ਸਿੰਘ ਸੋਢੀ ਹੁਰਾਂ ਤੋਂ ਨੁਕਤੇ ਸਿੱਖਦੇ ਹੋਏ ਅੱਗੇ ਜਾ ਕੇ ਭਾਰਤੀ ਜੂਨੀਅਰ ਟੀਮ ਦਾ ਕਪਤਾਨ ਬਣਿਆ ਜਿਸ ਨੇ 2016 ਵਿੱਚ ਲਖਨਊ ਵਿਖੇ ਜੂਨੀਅਰ ਵਿਸ਼ਵ ਕੱਪ ਜਿੱਤਿਆ। ਇਸੇ ਖਿਡਾਰੀ ਦੇ ਜੀਵਨ ਉਤੇ ਪੰਜਾਬੀ ਫਿਲਮ 'ਹਰਜੀਤਾ' ਬਣੀ। ਸੋਢੀ ਦਾ ਦਿਲ ਹਮੇਸ਼ਾ ਹਾਕੀ ਲਈ ਧੜਕਦਾ ਹੈ।

ਪੁਲਸ ਅਫਸਰ ਰਹਿੰਦਿਆਂ ਵੀ ਸੋਢੀ ਨਾਲ ਕਈ ਰੌਚਕ ਕਿੱਸੇ ਵਾਪਰੇ। ਉਨ੍ਹਾਂ ਦੀ ਹਾਕੀ ਦੇ ਦੀਵਾਨੇ ਹਰ ਜਗ੍ਹਾਂ ਮਿਲ ਜਾਂਦੇ ਸੀ। ਜਦੋਂ ਉਹ ਫਰੀਦਕੋਟ ਐੱਸ.ਐੱਸ.ਪੀ. ਸਨ ਤਾਂ ਇਕ ਦਿਨ ਮੈਂ ਉਨ੍ਹਾਂ ਕੋਲ ਬੈਠਾ ਸੀ। ਕੋਈ ਮਿਲਣ ਵਾਲਾ ਆਇਆ ਜਿਸ ਨੇ ਸੇਵਾਦਾਰ ਹੱਥ ਪਰਚੀ ਭੇਜੀ। ਜਦੋਂ ਉਨ੍ਹਾਂ ਅੰਦਰ ਬੁਲਾ ਕੇ ਕੰਮ ਪੁੱਛਿਆ ਤਾਂ ਅੱਗੋਂ ਉਨ੍ਹਾਂ ਕਿਹਾ ਕਿ ਉਹ ਤਾਂ ਹਾਕੀ ਦੇ ਦੀਵਾਨੇ ਹਨ ਅਤੇ ਸਿਰਫ ਉਨ੍ਹਾਂ ਦੇ ਦਰਸ਼ਨ ਕਰਨ ਆਏ ਹਨ। ਮੇਰੇ ਪੁੱਛਣ 'ਤੇ ਉਨ੍ਹਾਂ ਦੱਸਿਆ ਕਿ ਇਹੋ ਜਿਹੀਆਂ ਘਟਨਾਵਾਂ ਤਾਂ ਬਹੁਤ ਵਾਪਰਦੀਆਂ ਹਨ। ਫਰੀਦਕੋਟ ਦੇ ਹੀ ਦਿਨਾਂ ਵਿੱਚ ਮੇਰੇ ਸਾਢੂ ਮਨਿੰਦਰ ਸਿੰਘ ਢਿੱਲੋਂ ਨੇ ਆਪਣੇ ਕਾਲਜ (ਮਾਲਵਾ ਪੌਲੀਟੈਕਨਿਕ ਫਰੀਦਕੋਟ) ਦੀ ਸਾਲਾਨਾ ਸਮਾਗਮ ਵਿੱਚ ਸੁਰਿੰਦਰ ਸਿੰਘ ਸੋਢੀ ਨੂੰ ਮੁੱਖ ਮਹਿਮਾਨ ਬਣਾਉਣ ਦੀ ਇੱਛਾ ਪ੍ਰਗਟਾਈ, ਜਿਸ ਨੂੰ ਉਨ੍ਹਾਂ ਮੇਰੇ ਇਕ ਬੋਲ ਉਤੇ ਨਿਮਰਤਾ ਨਾਲ ਸਵਿਕਾਰ ਕਰ ਲਿਆ। ਨਵਾਂਸ਼ਹਿਰ ਦੇ ਐੱਸ.ਐੱਸ.ਪੀ. ਹੁੰਦਿਆਂ ਇਕ ਵਾਰ ਕੋਈ ਬੱਚਾ ਕਿਡਨੈਪ ਹੋ ਗਿਆ। ਮਾਹਿਰ ਤੋਂ ਸਕੈਚ ਬਣਾ ਕੇ ਜਦੋਂ ਭਾਲ ਸ਼ੁਰੂ ਕੀਤੀ ਤਾਂ ਸਕੈਚ ਨਾਲ ਮਿਲਦਾ-ਜੁਲਦਾ ਬੰਦਾ ਫੜ ਲਿਆ ਗਿਆ। ਪੁਲਸ ਪੁੱਛ ਪੜਤਾਲ ਵਿੱਚ ਉਸ ਬੰਦੇ ਨੇ ਆਪਣੇ ਇਕ-ਦੋ ਹੋਰ ਅਪਰਾਧ ਤਾਂ ਮੰਨ ਲਏ ਪਰ ਬੱਚਾ ਕਿਡਨੈਪ ਵਾਲੀ ਗੱਲ ਨਾ ਮੰਨਿਆ। ਸੋਢੀ ਹੁਰੀਂ ਜਦੋਂ ਉਸ ਦੀ ਪੁੱਛ ਗਿੱਛ ਕਰਨ ਲਈ ਗਏ ਤਾਂ ਅੱਗਿਓ ਉਹ ਦੇਖ ਕੇ ਬੋਲਿਆ, ''ਤੁਸੀਂ ਸੋਢੀ ਸਾਹਬ ਹੋ?'' ਸਾਰੇ ਪੁਲਸ ਵਾਲੇ ਹੈਰਾਨ ਹੋ ਗਏ ਕਿ ਜਿਸ ਨੂੰ ਉਹ ਮੁਲਜ਼ਮ ਸਮਝ ਕੇ ਕੁੱਟੀ ਜਾ ਰਹੇ ਸਨ, ਉਹ ਤਾਂ ਐਸ.ਐਸ.ਪੀ. ਨੂੰ ਜਾਣਦਾ। ਅੱਗਿਓ ਪੁੱਛਣ 'ਤੇ ਉਸ ਨੇ ਦੱਸਿਆ ਕਿ ਉਹ ਤਾਂ ਹਾਕੀ ਖੇਡਦਾ ਰਿਹਾ ਅਤੇ ਉਹ ਸੋਢੀ ਹੁਰਾਂ ਦਾ ਬਹੁਤ ਵੱਡਾ ਫੈਨ ਹੈ। ਫੇਰ ਸੁਰਿੰਦਰ ਸੋਢੀ ਦੇ ਅੰਦਰ ਵਾਲਾ ਪੁਲਸ ਅਫਸਰ ਨਿਕਲ ਕੇ ਖਿਡਾਰੀ ਸਾਹਮਣੇ ਆ ਗਿਆ। ਉਨ੍ਹਾਂ ਪਿਆਰ ਨਾਲ ਪੁੱਛ ਗਿੱਛ ਕੀਤੀ ਤਾਂ ਉਹ ਅੜਿਆ ਰਿਹਾ ਕਿ ਉਸ ਨੇ ਬੱਚਾ ਨਹੀਂ ਚੁੱਕਿਆ। ਸੋਢੀ ਹੁਰਾਂ ਦੇ ਕਹਿਣ ਉਤੇ ਉਸ ਬੰਦੇ ਦੀ ਹਵਾਲਾਤ ਅੰਦਰ ਦੁੱਧ-ਫਲਾਂ ਨਾਲ ਸੇਵਾ ਹੁੰਦੀ ਰਹੀ। ਅੰਤ ਕੁਝ ਦਿਨਾਂ ਬਾਅਦ ਬੱਚਾ ਮਿਲ ਗਿਆ ਅਤੇ ਅਸਲ ਦੋਸ਼ੀ ਫੜਿਆ ਗਿਆ। ਉਸ ਦੋਸ਼ੀ ਦੀ ਸ਼ਕਲ ਪਹਿਲੇ ਫੜੇ ਵਿਅਕਤੀ ਨਾਲ ਬਹੁਤ ਮਿਲਦੀ ਸੀ। ਇੰਝ ਹਾਕੀ ਪ੍ਰੇਮੀ ਹੋਣ ਕਰਕੇ ਉਹ ਬੰਦਾ ਨਜਾਇਜ਼ ਕੁੱਟ ਤੋਂ ਬਚ ਗਿਆ।

ਵੱਖ-ਵੱਖ ਹਸਤੀਆਂ ਨਾਲ ਸੁਰਿੰਦਰ ਸਿੰਘ ਸੋਢੀ

PunjabKesari

ਸੋਢੀ ਹੁਰੀਂ ਇਕ ਕਿੱਸਾ ਹੋਰ ਸੁਣਾਉਂਦੇ ਹਨ ਜਦੋਂ ਉਹ ਡੀ.ਆਈ.ਜੀ. ਕਾਊਂਟਰ ਇੰਟੈਲੀਜੈਂਸ ਸਨ। ਉਸ ਵੇਲੇ ਭਾਰਤ ਤੇ ਪਾਕਿਸਤਾਨ ਦੀ ਬਾਰਡਰ ਸਕਿਓਰਟੀ ਨੂੰ ਲੈ ਕੇ ਨਵੀਂ ਦਿੱਲੀ ਵਿਖੇ ਮੀਟਿੰਗ ਸੀ। ਉਸ ਮੀਟਿੰਗ ਵਿੱਚ ਸੋਢੀ ਹੁਰਾਂ ਨੇ ਆਪਣੀ ਪਛਾਣ ਡੀ.ਆਈ.ਜੀ. ਸੁਰਿੰਦਰ ਸਿੰਘ ਵਜੋਂ ਕਰਵਾਈ। ਇਕ ਪਾਕਿਸਤਾਨੀ ਉਚ ਅਫਸਰ ਦੋ ਦਿਨ ਚੱਲੀ ਉਸ ਮੀਟਿੰਗ ਵਿੱਚ ਕਈ ਵਾਰ ਉਨ੍ਹਾਂ ਨੂੰ ਗਹੁ ਨਾਲ ਵੇਖਦਾ ਰਿਹਾ। ਦੂਜੇ ਦਿਨ ਖਾਣੇ ਉਤੇ ਉਸ ਅਫਸਰ ਨੇ ਸੋਢੀ ਹੁਰਾਂ ਨੂੰ ਪੁੱਛ ਹੀ ਲਿਆ ਕਿ ਉਹ ਜਾਣੇ-ਪਛਾਣੇ ਲੱਗਦੇ ਹਨ। ਜਦੋਂ ਉਨ੍ਹਾਂ ਆਪਣੀ ਪੂਰੀ ਪਛਾਣ ਦੱਸੀ ਤਾਂ ਭਾਵੁਕ ਹੀ ਹੋ ਗਿਆ। ਹਾਕੀ ਖੇਡ ਦਾ ਮੁਰੀਦ ਉਹ ਅਫਸਰ ਸੋਢੀ ਹੁਰਾਂ ਨਾਲ ਤਸਵੀਰਾਂ ਖਿਚਵਾਉਣ ਲੱਗ ਗਿਆ। ਦਿੱਲੀ ਤਾਇਨਾਤ ਭਾਰਤੀ ਅਫਸਰ ਵੀ ਇਸ ਵਰਤਾਰੇ ਨੂੰ ਦੇਖ ਕੇ ਹੈਰਾਨ ਸੀ। ਜਦੋਂ ਉਨ੍ਹਾਂ ਨੂੰ ਪੂਰੀ ਕਹਾਣੀ ਪਤਾ ਲੱਗੀ ਤਾਂ ਉਹ ਵੀ ਪਾਕਿਸਤਾਨੀ ਅਫਸਰਾਂ ਵਾਂਗ ਸੋਢੀ ਹੁਰਾਂ ਨਾ ਤਸਵੀਰਾਂ ਖਿਚਵਾਉਂਦੇ ਦੇਖੇ ਗਏ। ਇਕ ਘਟਨਾ ਮੇਰੀ ਅੱਖੀਂ ਦੇਖੇ ਦੀ ਹੈ। ਸ਼ਹੀਦੀ ਜੋੜ ਮੇਲ ਦੇ ਦਿਨਾਂ ਵਿੱਚ ਮੈਂ ਉਨ੍ਹਾਂ ਨਾਲ ਚੰਡੀਗੜ੍ਹ ਤੋਂ ਜਲੰਧਰ ਵਾਪਸ ਜਾ ਰਿਹਾ ਸੀ। ਕਾਫੀ ਹਨੇਰਾ ਹੋ ਗਿਆ ਸੀ। ਖਰੜ ਟੱਪਦਿਆਂ ਹੀ ਰਾਸਤੇ ਵਿੱਚ ਲੰਗਰ ਵਾਲਿਆਂ ਨੇ ਰੋਕ ਲਿਆ ਅਤੇ ਅਸੀਂ ਚਾਹ ਪੀਣ ਲੱਗੇ। ਅੱਗਿਓ ਸੇਵਾ ਕਰਨ ਵਾਲਿਆਂ ਵਿੱਚੋਂ ਇਕ ਨੇ ਘੋਖਵੀਂ ਜਿਹੀ ਨਿਗ੍ਹਾਂ ਨਾਲ ਸੋਢੀ ਹੁਰਾਂ ਨੂੰ ਪਛਾਣ ਲਿਆ। ਫੇਰ ਕੀ ਸੀ ਉਸ ਨੇ ਬਾਕੀਆਂ ਨੂੰ ਦੱਸ ਦਿੱਤਾ ਅਤੇ ਦੇਖਦਿਆਂ ਹੀ ਦੇਖਦਿਆਂ ਲੰਗਰ ਵਾਲੇ ਸਾਰੇ ਸੇਵਾਦਾਰ ਸੋਢੀ ਹੁਰਾਂ ਦੁਆਲੇ ਹੋ ਗਏ।

ਸੁਰਿੰਦਰ ਸਿੰਘ ਸੋਢੀ ਦੇ ਦਾਇਰੇ ਵਿੱਚ ਕਲਾਕਾਰ ਵੀ ਬਹੁਤ ਆਉਂਦੇ ਹਨ। ਉਨ੍ਹਾਂ ਦੇ ਪਿੰਡ ਗੁਣਾਚੌਰ ਦਾ ਜਸਬੀਰ ਜਿੱਥੇ ਨਾਮੀ ਗੀਤਕਾਰ ਹੈ ਉਥੇ ਇਕ ਹੋਰ ਗੀਤਕਾਰ ਸ਼ਮਸ਼ੇਰ ਸੰਧੂ ਦੇ ਗੁਣਾਚੌਰ ਸਹੁਰੇ ਵੀ ਹਨ। ਸੋਢੀ ਹੁਰੀਂ ਜਦੋਂ ਵੀ ਪੁਰੇਵਾਲ ਖੇਡ ਮੇਲੇ ਉਤੇ ਸ਼ਮਸ਼ੇਰ ਸੰਧੂ ਨੂੰ ਮਿਲਦੇ ਤਾਂ ਪ੍ਰਾਹੁਣਿਆਂ ਵਾਲਾ ਸਤਿਕਾਰ ਦਿੰਦੇ। ਦੋਵੇਂ ਇਕ-ਦੂਜੇ ਦਾ ਬਹੁਤ ਸਨੇਹ ਕਰਦੇ ਹਨ। ਪ੍ਰਿੰਸੀਪਲ ਸਰਵਣ ਸਿੰਘ ਹੁਰੀਂ ਵੀ ਮਾਣ ਨਾਲ ਦੱਸਦੇ ਹਨ ਕਿ ਗੁਣਾਚੌਰ ਦੇ ਗੁਆਂਢ ਆ ਕੇ ਮੁਕੰਦਪੁਰ ਕਾਲਜ ਵਿੱਚ ਪ੍ਰਿੰਸੀਪਲੀ ਕਰਨ ਅਤੇ ਰਹਿਣ ਦਾ ਮੌਕਾ ਮਿਲਿਆ। ਸੋਢੀ ਵੱਲੋਂ ਮਾਰੀਆਂ ਮੱਲਾਂ ਬਾਰੇ ਪ੍ਰਸਿੱਧ ਗੀਤਕਾਰ ਮੱਖਣ ਬਰਾੜ ਨੇ ਵੀ ਗੀਤ 'ਉਚਾ ਰੁਤਬਾ ਹਾਕੀ ਦਾ' ਲਿਖਿਆ ਹੈ ਜਿਸ ਨੂੰ ਗਿੱਲ ਹਰਦੀਪ ਨੇ ਗਾਇਆ ਹੈ। ਸੁਰਿੰਦਰ ਸਿੰਘ ਸੋਢੀ ਦੇ ਬੇਟੇ ਅਜੈ ਪਾਲ ਦੇ ਵਿਆਹ ਮੌਕੇ ਬਾਠ ਕੈਸਲ ਜਲੰਧਰ ਵਿਖੇ ਗਾਇਕ ਕੇ.ਐਸ.ਮੱਖਣ ਨੇ ਕਈ ਆਪਣਾ ਮਕਬੂਲ ਗੀਤ ਗਾਉਂਦਿਆਂ 'ਸੁਰਿੰਦਰ ਹੁਰਾਂ ਨੇ ਮੱਲਾਂ ਮਾਰੀਆ' ਸਤਰਾਂ ਵਾਰ-ਵਾਰ ਦੁਹਰਾਈਆ।

PunjabKesari

ਕਿਸੇ ਵੀ ਸਮਾਗਮ ਵਿੱਚ ਸੋਢੀ ਹੁਰੀਂ ਪੁੱਜ ਜਾਣ ਤਾਂ ਅੱਗਿਓ ਹਰ ਆਰਟਿਸਟ ਸਟੇਜ ਤੋਂ ਆਪਣਾ ਪ੍ਰੋਗਰਾਮ ਛੱਡ ਕੇ ਉਨ੍ਹਾਂ ਦੇ ਕਸੀਦੇ ਪੜ੍ਹਨ ਲੱਗ ਜਾਂਦਾ ਹੈ। ਇਕ ਵਾਰ ਡੀ.ਡੀ. ਪੰਜਾਬੀ ਦੇ ਵਰ੍ਹੇਗੰਢ ਸਮਾਗਮ ਵਿੱਚ ਸੁਰਿੰਦਰ ਸਿੰਘ ਸੋਢੀ ਨੂੰ ਅੱਗੇ ਬੈਠਾ ਦੇਖ ਕੇ ਜਸਵਿੰਦਰ ਭੱਲਾ ਤੇ ਬਾਲ ਮੁਕੰਦ ਸ਼ਰਮਾ ਨੇ ਆਪਣੇ ਚੁਟਕਲੇ ਛੱਡ ਕੇ ਸੋਢੀ ਹੁਰਾਂ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ। ਪਿਛਲੇ ਦਿਨੀਂ ਉਹ ਅਮਰੀਕਾ ਘੁੰਮਣ ਗਏ ਹੋਏ ਸਨ ਜਿੱਥੇ ਉਹ ਡੈਲਸ ਵਿਖੇ ਗਏ। ਡੈਲਸ ਵਿਖੇ ਹੀ ਮੇਰੇ ਮਾਤਾ-ਪਿਤਾ ਜੀ ਤੇ ਭੈਣ ਰਹਿੰਦੀ ਹੈ। ਮੇਰਾ ਪਿਤਾ ਨੂੰ ਉਥੇ ਇਕਦਮ ਸਾਹਮਣਿਓ ਸੁਰਿੰਦਰ ਸਿੰਘ ਸੋਢੀ ਮਿਲ ਗਏ। ਸੋਢੀ ਇਸ ਤੋਂ ਪਹਿਲਾਂ 2009 ਵਿੱਚ ਮੇਰੇ ਵਿਆਹ ਮੌਕੇ ਮੇਰੇ ਪਿਤਾ ਜੀ ਨੂੰ ਮਿਲੇ ਸਨ। ਵਿਆਹ ਵਿੱਚ ਇਕੱਠ ਕਰਕੇ ਨਿੱਜੀ ਤੌਰ ਉਤੇ ਤਾਂ ਜ਼ਿਆਦਾ ਮੁਲਾਕਾਤ ਨਹੀਂ ਸੀ ਜਾਂ ਫੇਰ ਉਸ ਤੋਂ ਪਹਿਲਾਂ ਇਕ ਵਾਰ ਜਲੰਧਰ ਵਿਖੇ ਇਕ ਸਮਾਗਮ ਦੌਰਾਨ ਕੁਝ ਪਲਾਂ ਲਈ ਮਿਲੇ ਸਨ। ਮੇਰੇ ਪਿਤਾ ਜੀ ਨੇ ਇਕਦਮ ਪੁੱਛਿਆ 'ਪਛਾਣੋ?' ਅੱਗਿਓ ਸੋਢੀ ਹੁਰਾਂ ਨੇ ਝੱਟ ਜਵਾਬ ਦਿੱਤਾ, ''ਲੈ ਲੈ, ਮੈਂ ਭੁੱਲਿਆ ਨਵਦੀਪ ਦੇ ਡੈਡੀ ਨੂੰ।'' ਮੇਰਾ ਪਰਿਵਾਰ ਉਨ੍ਹਾਂ ਦੀ ਇਸ ਅਪਣੱਤ ਤੋਂ ਕਾਇਲ ਹੋ ਗਿਆ। ਉਸ ਵੇਲੇ ਹਰਭਜਨ ਮਾਨ ਨੇ ਵੀ ਆਪਣੇ ਸ਼ੋਅ ਵਿੱਚ ਗਾਉਣਾ ਛੱਡ ਕੇ ਸੋਢੀ ਹੁਰਾਂ ਨੂੰ ਜੀ ਆਇਆ ਆਖਿਆ।

ਸੁਰਿੰਦਰ ਸਿੰਘ ਸੋਢੀ ਦੀ ਪਤਨੀ ਡਾ. ਰਾਜਵਰਿੰਦਰ ਕੌਰ ਲਾਇਲਪੁਰ ਖਾਲਸਾ ਕਾਲਜ ਗਰਲਜ਼ ਜਲੰਧਰ ਤੋਂ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਰਿਟਾਇਰ ਹੋਏ ਹਨ। ਉਨ੍ਹਾਂ ਦਾ ਪੇਕਾ ਪਿੰਡ ਕਾਦੀਆ ਹੈ। ਸੁਰਿੰਦਰ ਸਿੰਘ ਸੋਢੀ ਦੇ ਦੋ ਪੁੱਤਰ ਹਨ। ਅਜੈ ਪਾਲ ਸਿੰਘ ਅਤੇ ਅਮਰਿੰਦਰ ਸਿੰਘ। ਅਜੈ ਪਾਲ ਬਾਸਕਟਬਾਲ ਅਤੇ ਅਮਰਿੰਦਰ ਸਿੰਘ ਕ੍ਰਿਕਟ ਤੇ ਹਾਕੀ ਵਿੱਚ ਸਟੇਟ ਤੱਕ ਖੇਡਿਆ। ਦੋਵੇਂ ਹੀ ਵਿਆਹੇ ਹਨ। ਅਜੈ ਪਾਲ ਦੀ ਪਤਨੀ ਦਾ ਨਾਮ ਹੀਨਾ ਤੇ ਅੱਗੇ ਉਸ ਦੇ ਪੁੱਤਰ ਦਾ ਨਾਮ ਅਵਿਤਾਜ ਛੋਕਰ ਹੈ। ਅਮਰਿੰਦਰ ਦੀ ਪਤਨੀ ਗਗਨ ਛੋਕਰ ਤੇ ਪੁੱਤਰ ਦਾ ਨਾਮ ਅਰਵਿੰਦ ਹੈ। ਦੋਵੇਂ ਹੀ ਪੁੱਤਰ ਕੈਨੇਡਾ ਰਹਿੰਦੇ ਹਨ। ਸੋਢੀ ਹੁਰੀਂ ਘੁੰਮਣ-ਫਿਰਨ ਦੇ ਬਹੁਤ ਸ਼ੌਕੀਨ ਹਨ। ਉਸ ਤੋਂ ਵੀ ਵੱਧ ਉਹ ਫੇਸਬੁੱਕ ਉਪਰ ਬਹੁਤ ਐਕਟਿਵ ਰਹਿੰਦੇ ਹਨ। ਇਸੇ ਕਾਲਮ ਅਧੀਨ ਮੈਂ ਜਦੋਂ ਮਹਾਨ ਅਥਲੀਟ ਪਰਵੀਨ ਕੁਮਾਰ ਬਾਰੇ ਲਿਖਿਆ ਤਾਂ ਸਭ ਤੋਂ ਪਹਿਲਾਂ ਸੋਢੀ ਸਾਹਬ ਨੇ ਫੋਨ ਕਰਕੇ ਖੁਸ਼ੀ ਤੇ ਵਧਾਈ ਦਿੱਤੀ। ਪਰਵੀਨ ਤੇ ਸੋਢੀ ਹੁਰੀਂ 1978 ਦੀਆਂ ਏਸ਼ਿਆਈ ਖੇਡਾਂ ਵਿੱਚ ਇਕੱਠੇ ਭਾਰਤੀ ਖੇਡ ਦਲ ਵਿੱਚ ਸ਼ਾਮਲ ਸਨ। ਉਸ ਤੋਂ ਬਾਅਦ ਉਨ੍ਹਾਂ ਪਰਵੀਨ ਨੂੰ ਵੀ ਫੋਨ ਕੀਤਾ ਅਤੇ ਫੇਸਬੁੱਕ ਉਤੇ ਵੀ ਦੋਵਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।

ਗੋਲਫ ਖੇਡਦੇ ਹੋਏ ਸੁਰਿੰਦਰ ਸਿੰਘ ਸੋਢੀ

PunjabKesari

ਆਪਣੀ ਹਰ ਗਤੀਵਿਧੀ ਉਹ ਸੋਸ਼ਲ ਮੀਡੀਆ ਉਤੇ ਸ਼ੇਅਰ ਕਰਦੇ ਹਨ। ਉਹ ਚਾਹੇ ਅੰਮ੍ਰਿਤਸਰ ਗਏ ਹੋਣ ਜਾਂ ਐਡਮਿੰਟਨ, ਕੈਲੇਫੋਰਨੀਆ ਹੋਵੇ ਜਾਂ ਫੇਰ ਕੈਲਗਰੀ, ਫਗਵਾੜੇ ਜਾਣ ਤਾਂ ਫਿਲਡੈਲਫੀਆ, ਜਲੰਧਰ ਹੀ ਹੋਣ ਜਾਂ ਜਰਮਨੀ ਆਪਣੇ ਹਰ ਸਮਾਗਮ ਵਿੱਚ ਸ਼ਿਰਕਤ ਕਰਨ ਜਾਂ ਘੁੰਮਣ ਫਿਰਨ ਦੀ ਤਸਵੀਰ ਜ਼ਰੂਰ ਸਾਂਝੀ ਕਰਦੇ ਹਨ। ਹਕੀਮਪੁਰ ਦਾ ਖੇਡ ਮੇਲਾ, ਮਰਾੜਾ ਦਾ ਟੂਰਨਾਮੈਂਟ ਜਾਂ ਫੇਰ ਕੋਈ ਵੁਸ਼ੂ ਚੈਂਪੀਅਨਸ਼ਿਪ ਹੋਵੇ, ਉਹ ਆਪਣੇ ਦੋਸਤਾਂ ਨਾਲ ਹਰ ਅੱਪਡੇਟ ਸਾਂਝੀ ਕਰਦੇ ਹਨ। ਬੀਚ ਉਤੇ ਘੁੰਮਣ ਗਏ ਹੋਣ, ਚਾਹੇ ਗੌਲਫ ਖੇਡ ਰਹੇ ਹੋਣ, ਉਨ੍ਹਾਂ ਦੇ ਦੋਸਤਾਂ ਨੂੰ ਘਰ ਬੈਠਿਆਂ ਪਤਾ ਲੱਗਦਾ ਰਹਿੰਦਾ। ਕੋਈ ਟੀ.ਵੀ.ਵਾਲਾ ਇੰਟਰਵਿਊ ਕਰੇ ਜਾਂ ਫੇਰ ਕਿਸੇ ਸਮਾਗਮ ਵਿੱਚ ਮੁੱਖ ਮਹਿਮਾਨ ਸ਼ਿਰਕਤ ਕਰ ਰਹੇ ਹੋਣ, ਸਭ ਫੇਸਬੁੱਕ ਦੀਆਂ ਪੋਸਟਾਂ ਬਣਦੇ ਹਨ। ਆਪਣੇ ਪੋਤੇ ਨੂੰ ਵੀ ਖਿਡਾ ਕੇ ਦੋਸਤਾਂ ਨਾਲ ਖੁਸ਼ੀ ਸਾਂਝੀ ਕਰਦੇ ਹਨ। ਬਣ-ਠਣ ਕੇ ਰਹਿਣ ਦਾ ਵੀ ਉਨ੍ਹਾਂ ਨੂੰ ਸ਼ੌਕ ਹੈ। ਪੋਚਵੀ ਪੱਗ ਤੇ ਮੈਚਿੰਗ ਕੱਪੜੇ ਪਾਉਣ ਦੇ ਸ਼ੌਕੀਨ ਸੋਢੀ ਹੁਰੀਂ ਘੁੰਮਣ ਫਿਰਨ ਅਤੇ ਗੌਲਫ ਖੇਡਣ ਵੇਲੇ ਸਟਾਈਲਸ਼ ਹੈਟ ਵੀ ਪਹਿਨ ਲੈਂਦੇ ਹਨ। ਜਲੰਧਰ ਕੈਂਟ 'ਤੇ ਅਟਵਾਲ ਕਲੋਨੀ ਵਿਖੇ ਆਪਣੀ ਕੋਠੀ 'ਓਲੰਪੀਆ ਨੈਸਟ' ਵਿਖੇ ਉਹ ਆਪਣੀ ਪਤਨੀ ਨਾਲ ਰਹਿੰਦੇ ਹਨ। ਇਸ ਤੋਂ ਪਹਿਲਾ ਉਹ ਅਰਬਨ ਅਸਟੇਟ ਰਹਿੰਦੇ ਸਨ। ਜਦੋਂ ਪਿਛਲੇਂ ਦਿਨੀਂ ਉਨ੍ਹਾਂ ਨੂੰ ਮਿਲਣ ਗਏ ਤਾਂ ਨਵੀਂ ਕੋਠੀ ਦਿਖਾਈ ਜਿੱਥੇ ਉਨ੍ਹਾਂ ਮਾਸਕੋ ਓਲੰਪਿਕ ਦੇ ਲੋਗੋ ਘਰ ਦੀ ਨੇਮ ਪਲੇਟ ਤੋਂ ਲੈ ਕੇ ਘਰ ਦੇ ਅੰਦਰ ਗਰਿੱਲਾਂ ਆਦਿ ਉਤੇ ਵੀ ਲਗਾਏ ਹਨ। ਡਰਾਇੰਗ ਰੂਮ ਉਨ੍ਹਾਂ ਦੀਆਂ ਹਾਕੀ ਵੇਲੇ ਦੀਆਂ ਤਸਵੀਰਾਂ, ਟਰਾਫੀਆਂ, ਮੈਡਲਾਂ, ਐਵਾਰਡਾਂ ਅਤੇ ਰਾਸਲਿਆਂ ਦੇ ਟਾਈਟਲਾਂ ਦੇ ਪੋਸਟਰਾਂ ਨਾਲ ਸ਼ਿੰਗਾਰਿਆ ਹੈ।

ਬੇਸਮੈਂਟ ਵਿੱਚ ਆਪਣਾ ਦਫਤਰ ਵੀ ਹੈ ਅਤੇ ਨਾਲ ਹੀ ਮਿੰਨੀ ਥਿਏਟਰ ਅਤੇ ਗੌਲਫ ਕਿੱਟ ਦਾ ਸਮਾਨ। ਬਾਹਰ ਲਾਅਨ ਹੈ ਜਿਸ ਦਾ ਨਾਂ ਉਨ੍ਹਾਂ ਆਪਣੇ ਮਹਿਬੂਬ ਕੁੱਤੇ ਬੋਨੀ ਦੇ ਨਾਮ ਉਤੇ ਰੱਖਿਆ ਹੈ। ਉਥੇ ਬੋਨੀ ਦੀ ਤਸਵੀਰ ਵੀ ਲਗਾਈ ਹੈ। ਉਹ ਮੈਨੂੰ ਘਰ ਦਿਖਾਉਂਦਿਆਂ ਕਹਿਣ ਲੱਗੇ, ''ਅਸੀਂ ਹੁਣ ਦੋ ਜੀਅ ਹੀ ਹੁੰਦੇ ਹਾਂ। ਤੂੰ ਅੱਗੇ ਤੋਂ ਜਦੋਂ ਵੀ ਆਉਣਾ ਹੋਇਆ ਤਾਂ ਸਰਕਟ ਹਾਊਸ ਦੀ ਬਜਾਏ ਇੱਥੇ ਹੀ ਸਾਡੇ ਕੋਲ ਰਹਿਣਾ, ਨਾਲੇ ਤੇਰੇ ਬਹਾਨੇ ਹਾਕੀ ਦੀਆਂ ਗੱਲਾਂ ਹੋ ਜਾਂਦੀਆਂ।'' ਅਸਲ ਵਿੱਚ ਸੋਢੀ ਹੁਰਾਂ ਨੂੰ ਹਾਕੀ ਦੀਆਂ ਗੱਲਾਂ ਕਰਨ ਵਾਲਾ ਜਿਹੜਾ ਵੀ ਮਿਲ ਜਾਂਦਾ ਹੈ, ਉਹ ਉਸੇ ਦੇ ਹੋ ਜਾਂਦੇ ਹਨ। ਹਾਕੀ ਉਨ੍ਹਾਂ ਦੀਆਂ ਰਗਾਂ ਵਿੱਚ ਦੌੜਦੀ ਹੈ। ਜੇ ਕੋਈ ਫੋਨ ਕਰਨ ਵਾਲਾ ਅੱਗਿਓ 'ਆਈ.ਜੀ. ਸਾਬ' ਕਹਿ ਕੇ ਬੁਲਾਏ ਤਾਂ ਉਹ ਰਸਮੀ ਜਿਹੀ ਗੱਲ ਕਰਦੇ ਹਨ ਪਰ ਜੇ ਕੋਈ ਓਲੰਪੀਅਨ ਕਹਿ ਕੇ ਬੁਲਾਏ ਤਾਂ ਉਹ ਝੱਟ ਅਪਣੱਤ ਭਰੇ ਮੂਡ ਵਿੱਚ ਅੱਗਲੇ ਨਾਲ ਗੱਲੀਂ ਪੈ ਜਾਂਦੇ ਹਨ।

ਦੇਸ਼ ਦੀ ਵੰਡ ਤੋਂ ਬਾਅਦ ਭਾਰਤ ਨੂੰ ਓਲੰਪਿਕਸ ਪੰਜ ਸੋਨ ਤਮਗੇ ਜਿਤਾਉਣ ਵਾਲੇ ਬਲਬੀਰ ਸਿੰਘ ਸੀਨੀਅਰ, ਚਰਨਜੀਤ ਸਿੰਘ ਤੇ ਸੁਰਿੰਦਰ ਸਿੰਘ ਸੋਢੀ ਉਸ ਵੇਲੇ ਦੇ ਡੀ.ਜੀ.ਪੀ. ਰਾਜਦੀਪ ਸਿੰਘ ਗਿੱਲ ਨਾਲ

PunjabKesari

ਪੁਲੀਸੀਆ ਰੋਅਬ ਉਨ੍ਹਾਂ ਕਦੇ ਨਹੀਂ ਪਾਇਆ। ਮਿਲਣਸਾਰ ਵੀ ਬਹੁਤ ਹਨ। ਆਪਣੇ ਅਹੁਦੇ ਅਤੇ ਪ੍ਰਾਪਤੀਆਂ ਦਾ ਕਦੇ ਅਹੰਕਾਰ ਨਹੀਂ ਕੀਤਾ। ਅੱਜ-ਕੱਲ੍ਹ ਲੌਕਡਾਊਨ ਦੇ ਚੱਲਦਿਆਂ ਉਹ ਅਕਸਰ ਹੀ ਘਰ ਦੇ ਲਾਅਨ ਵਿੱਚ ਹਾਕੀ ਖੇਡਦੇ ਦੀਆਂ ਵੀਡਿਓ-ਤਸਵੀਰਾਂ ਸਾਂਝੀਆਂ ਕਰਕੇ ਆਪਣੇ ਲੱਖਾਂ ਚਾਹੁਣ ਵਾਲਿਆਂ ਦੇ ਸੀਨੇ ਠਾਰਦੇ ਰਹਿੰਦੇ ਹਨ। ਸੁਰਿੰਦਰ ਸਿੰਘ ਸੋਢੀ ਦਾ ਜੀਵਨ ਹੀ ਖੇਡਾਂ ਨੂੰ ਸਮਰਪਿਤ ਹੈ। ਇਸ ਖਿਡਾਰੀ ਦੇ ਟੀਮ ਛੱਡਣ ਤੋਂ ਬਾਅਦ ਭਾਰਤੀ ਹਾਕੀ ਟੀਮ ਦੀ ਕਿਸਮਤ ਹੀ ਰੁੱਸ ਗਈ ਸੀ। ਦੇਖੋਂ ਕਦੋਂ ਭਾਗ ਜਾਗਦੇ ਹਨ। ਕਿਹੜਾ ਖਿਡਾਰੀ ਸੋਢੀ ਦਾ ਵਾਰਸ ਬਣਦਾ ਹੈ। ਸੋਢੀ ਦਾ ਦਿਲ ਹਰ ਵੇਲੇ ਹਾਕੀ ਲਈ ਧੜਕਦਾ ਹੈ ਅਤੇ ਸਦਾ ਹਾਕੀ ਦੀ ਖੈਰ ਮੰਗਦਾ ਹੈ।

  • Khed Rattan Punjab De
  • Surinder Singh Sodhi
  • Indian Hockey
  • ਖੇਡ ਰਤਨ ਪੰਜਾਬ ਦੇ
  • ਸੁਰਿੰਦਰ ਸਿੰਘ ਸੋਢੀ
  • ਭਾਰਤੀ ਹਾਕੀ

ਤਾਲਾਬੰਦੀ ’ਚ ਛੋਟ ਤੋਂ ਬਾਅਦ ਹੰਗਰੀ ’ਚ ਫੁੱਟਬਾਲ ਪ੍ਰਸ਼ੰਸਕ ਸਟੇਡੀਅਮ ’ਚ ਪਰਤੇ

NEXT STORY

Stories You May Like

  • only congress can take the country on the path of development
    ਕਾਂਗਰਸ ਹੀ ਦੇਸ਼ ਨੂੰ ਜਾਤ-ਪਾਤ ਤੇ ਕੱਟੜਤਾ ਤੋਂ ਉੱਪਰ ਉੱਠ ਕੇ ਵਿਕਾਸ ਦੇ ਰਾਹ 'ਤੇ ਲਿਜਾ ਸਕਦੀ ਹੈ: ਸੁਰਿੰਦਰ ਸਿੰਘ...
  • indian student in us
    ਅਮਰੀਕਾ 'ਚ ਹਾਈਕਿੰਗ ਟ੍ਰਿਪ ਬਣਿਆ ਆਖਰੀ ਸਫ਼ਰ ! ਭਾਰਤੀ ਵਿਦਿਆਰਥੀ ਦੀ ਲਾਸ਼ ਬਰਾਮਦ
  • indian mens hockey team announced for junior asia cup
    ਜੂਨੀਅਰ ਏਸ਼ੀਆ ਕੱਪ ਲਈ ਭਾਰਤੀ ਪੁਰਸ਼ ਹਾਕੀ ਟੀਮ ਦਾ ਐਲਾਨ, ਅਨਮੋਲ ਏਕਾ ਨੂੰ ਮਿਲੀ ਕਪਤਾਨੀ
  • news of relief for indian textile industry  threat of us tariffs
    ਅਮਰੀਕੀ ਟੈਰਿਫ ਦੇ ਖ਼ਤਰੇ ਵਿਚਾਲੇ ਭਾਰਤੀ ਕੱਪੜਾ ਉਦਯੋਗ ਲਈ ਰਾਹਤ ਦੀ ਖ਼ਬਰ
  • khaidem chanu to captain indian women  s hockey team at junior asia cup
    ਖਾਈਦੇਮ ਚਾਨੂ ਜੂਨੀਅਰ ਏਸ਼ੀਆ ਕੱਪ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦੀ ਕਰੇਗੀ ਕਪਤਾਨੀ
  • akali dal waris punjab de announces first candidate for 2027
    'ਅਕਾਲੀ ਦਲ ਵਾਰਿਸ ਪੰਜਾਬ ਦੇ’ ਨੇ 2027 ਲਈ ਐਲਾਨਿਆ ਪਹਿਲਾ ਉਮਦੀਵਾਰ
  • brock lesnar says goodbye to a 24 year wrestling career
    WWE 'ਚ ਇਕ ਯੁੱਗ ਦਾ ਅੰਤ, Brock Lesnar ਨੇ 24 ਸਾਲ ਦੇ ਰੈਸਲਿੰਗ ਕਰੀਅਰ ਨੂੰ ਕਿਹਾ ਅਲਵਿਦਾ
  • boy dies under suspicious circumstances
    ਪੰਜਾਬ: ਨਸ਼ੇ ਨੇ ਖੋਹ ਲਿਆ ਮਾਂ ਦਾ ਆਖਰੀ ਸਹਾਰਾ! ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ
  • swift car fire in jalandhar
    ਜਲੰਧਰ ਵਿਖੇ ਮਾਤਾ ਰਾਣੀ ਚੌਕ ਨੇੜੇ ਸਵਿੱਫਟ ਕਾਰ ਨੂੰ ਲੱਗੀ ਅੱਗ
  • big revelation in the case of looting rs 72 lakh from a businessman in jalandhar
    ਜਲੰਧਰ: ਕਾਰੋਬਾਰੀ ਕੋਲੋਂ 72 ਲੱਖ ਲੁੱਟਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ! ਮਾਲਕ ਦੇ...
  • government work halted due to strike  employees protest
    ਹੜਤਾਲ ਨਾਲ ਸਰਕਾਰੀ ਕੰਮਕਾਜ ਠੱਪ, ਸਬ-ਰਜਿਸਟ੍ਰਾਰ ਦਫ਼ਤਰਾਂ ਦੇ ਬਾਹਰ ਵੀ...
  • deep dhillon s special interview
    ਦੀਪ ਢਿੱਲੋਂ ਦਾ ਬੇਬਾਕ ਇੰਟਰਵਿਊ: ਧਰਮਿੰਦਰ, ਵਰਿੰਦਰ, ਯੋਗਰਾਜ ਤੇ ਗੁੱਗੂ ਗਿੱਲ ਦੇ...
  • elder brother along with his wife murdered disabled brother for property
    ਜਾਇਦਾਦ ਲਈ ਵੱਡੇ ਭਰਾ ਨੇ ਪਤਨੀ ਨਾਲ ਮਿਲ ਕੇ ਕੀਤਾ ਦਿਵਿਆਂਗ ਭਰਾ ਦਾ ਕਤਲ, ਪੁਲਸ...
  • sensational incident in shahkot
    ਸ਼ਾਹਕੋਟ ’ਚ ਸਨਸਨੀਖੇਜ਼ ਵਾਰਦਾਤ, ਸਕੂਲ ਬੱਸ ਦੀ ਉਡੀਕ ਕਰ ਰਿਹਾ ਦੂਸਰੀ ਜਮਾਤ ਦਾ...
  • 29th mela kathar da 2026
    29ਵਾਂ ਮੇਲਾ ਕਠਾਰ ਦਾ 2026: ਪੰਜਾਬੀ ਸੰਗੀਤ, ਸੱਭਿਆਚਾਰ ਤੇ ਭਾਈਚਾਰੇ ਦਾ ਇੱਕ...
  • dera baba murad shah annual fair during punjab bandh
    ਪੰਜਾਬ ਬੰਦ ਦੌਰਾਨ ਡੇਰਾ ਬਾਬਾ ਮੁਰਾਦ ਸ਼ਾਹ ਸਲਾਨਾ ਮੇਲੇ ਨੂੰ ਲੈ ਕੇ ਟਰੱਸਟ ਦਾ...
Trending
Ek Nazar
this actress once wanted to have 11 children

ਕਦੇ 11 ਬੱਚੇ ਪੈਦਾ ਕਰਨਾ ਚਾਹੁੰਦੀ ਸੀ ਇਹ ਅਦਾਕਾਰਾ, ਪਰ ਹੁਣ ਨਹੀਂ ਬਣਨਾ ਚਾਹੁੰਦੀ...

car  well  family  death  police

ਖੂਹ 'ਚ ਜਾ ਡਿੱਗੀ ਕਾਰ ! ਇਕੋ ਪਰਿਵਾਰ ਦੇ 4 ਜੀਆਂ ਦੀ ਹੋਈ ਦਰਦਨਾਕ ਮੌਤ

kangana ranaut hits back at baba ramdev

"ਮੇਰੀ ਜਵਾਨੀ ਬਾਰੇ ਦਿਨੇ ਸੁਪਨੇ ਨਾ ਦੇਖੋ...": ਕੰਗਨਾ ਰਣੌਤ ਨੇ ਬਾਬਾ ਰਾਮਦੇਵ...

indian origin people arrested in us

ਅਮਰੀਕਾ 'ਚ ਇਮੀਗ੍ਰੇਸ਼ਨ ਮਾਮਲਿਆਂ ’ਚ ਭਾਰਤੀ ਮੂਲ ਦੇ 2 ਲੋਕ ਗ੍ਰਿਫ਼ਤਾਰ

raid on government officials

ਰਾਸ਼ਟਰਪਤੀ ਦੇ ਅਧਿਕਾਰੀਆਂ ਦੇ ਘਰ 'ਤੇ ਪੈ ਗਈ Raid ! ਯੂਕਰੇਨ 'ਚ ਭ੍ਰਿਸ਼ਟਾਚਾਰ...

former minister arrested

ਸ਼੍ਰੀਲੰਕਾ : ਦੋ ਵੱਖ-ਵੱਖ ਮਾਮਲਿਆਂ 'ਚ ਸਾਬਕਾ ਮੰਤਰੀ ਗ੍ਰਿਫਤਾਰ

russia iran conflict

ਮਾਸਕੋ ਦੇ ਨੇੜੇ ਇੱਕ ਗੋਦਾਮ 'ਤੇ ਡਰੋਨ ਹਮਲਾ, ਲੱਗੀ ਭਿਆਨਕ ਅੱਗ

situation in bangladesh

ਬੰਗਲਾਦੇਸ਼ 'ਚ ਅਲ-ਕਾਇਦਾ ਦੀ ਸਰਗਰਮੀ ਵਧੀ ; ਪੁਲਿਸ ਹਾਈ ਅਲਰਟ 'ਤੇ

lawmakers warn about china

ਚੀਨ ਜਲਦੀ ਹੀ ਪੱਛਮੀ ਪ੍ਰਸ਼ਾਂਤ 'ਚ ਪੈਦਾ ਕਰ ਸਕਦਾ ਹੈ ਖ਼ਤਰਾ, ਕਾਨੂੰਨਸਾਜ਼ਾਂ ਨੇ...

ebola virus

ਕਾਂਗੋ 'ਚ ਇਬੋਲਾ ਦਾ ਕਹਿਰ, ਮਾਮਲੇ 5,000 ਤੋਂ ਪਾਰ

pia dandia wins democratic primary

ਭਾਰਤੀ-ਅਮਰੀਕੀ ਪੀਆ ਡਾਂਡੀਆ ਨੇ ਫਲੋਰੀਡਾ 'ਚ ਜਿੱਤੀ ਡੈਮੋਕ੍ਰੇਟਿਕ ਪ੍ਰਾਇਮਰੀ

spacex rocket colliding with moon

ਸਪੇਸਐਕਸ ਨੇ ਰਾਕੇਟ ਦੇ ਚੰਦਰਮਾ ਨਾਲ ਟਕਰਾਉਣ ਨਾਲ ਬਣੇ 'ਟੋਏ' ਦੀਆਂ ਤਸਵੀਰਾਂ...

sikh activists in canada

ਕੈਨੇਡਾ 'ਚ ਦੋ ਸਿੱਖ ਕਾਰਕੁਨਾਂ ਦੀ ਜਾਨ ਨੂੰ ਖਤਰਾ! ਪੁਲਿਸ ਨੇ ਦਿੱਤੀ ਚਿਤਾਵਨੀ

tribute to late poet surjit patar

ਮੈਲਬੌਰਨ ਦੀ ਲੱਗੀ ਕਲਾ ਪ੍ਰਦਰਸ਼ਨੀ 'ਚ ਮਰਹੂਮ ਕਵੀ ਸੁਰਜੀਤ ਪਾਤਰ ਨੂੰ ਕਲਾਤਮਕ ਨਮਨ

australian cricketer fined

ਸ਼ਰਾਬ ਪੀ ਕੇ ਗੱਡੀ ਚਲਾਉਣਾ ਪਿਆ ਮਹਿੰਗਾ: ਆਸਟ੍ਰੇਲੀਆਈ ਕ੍ਰਿਕਟਰ ਡੇਵਿਡ ਵਾਰਨਰ...

ghalibaf visit iraq

ਈਰਾਕ ਜਾਣਗੇ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਘੇਰੀ ਗਾਲਿਬਾਫ

norway king hospitalised

ਨਾਰਵੇ ਦੇ ਰਾਜਾ ਹਰਾਲਡ ਹਸਪਤਾਲ 'ਚ ਦਾਖਲ

fake messages sent to uk prime minister

ਬ੍ਰਿਟਿਸ਼ ਪ੍ਰਧਾਨ ਮੰਤਰੀ ਬਰਨਹੈਮ ਨੂੰ ਟਰੰਪ ਦੇ ਇੱਕ ਸਹਾਇਕ ਦੇ ਨਾਮ 'ਤੇ ਮਿਲੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • bwf world championships  satwik and chirag in round of 16
      BWF ਵਿਸ਼ਵ ਚੈਂਪੀਅਨਸ਼ਿਪ : ਸਾਤਵਿਕ ਅਤੇ ਚਿਰਾਗ ਰਾਊਂਡ ਆਫ਼ 16 ਵਿੱਚ ਪੁੱਜੇ
    • we wanted to win as soon as possible  rahul
      ਮੀਂਹ ਪੈਣ ਦੀ ਸੰਭਾਵਨਾ ਸੀ, ਇਸ ਲਈ ਅਸੀਂ ਜਲਦੀ ਤੋਂ ਜਲਦੀ ਜਿੱਤਣਾ ਚਾਹੁੰਦੇ ਸੀ :...
    • nick kyrgios provisionally suspended after testing positive for cocaine
      ਕੋਕੀਨ ਟੈਸਟ 'ਚ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਨਿਕ ਕਿਰਗਿਓਸ ਅਸਥਾਈ ਤੌਰ 'ਤੇ...
    • this victory is very satisfying for us  shubman gill
      ਇਹ ਜਿੱਤ ਸਾਡੇ ਲਈ ਬਹੁਤ ਸੰਤੁਸ਼ਟੀਜਨਕ ਹੈ : ਸ਼ੁਭਮਨ ਗਿੱਲ
    • gauff advances to cincinnati open fourth round
      ਐਨ ਲੀ ਨੂੰ ਹਰਾ ਕੇ ਗੌਫ ਨੇ ਬਣਾਈ ਸਿਨਸਿਨਾਟੀ ਓਪਨ ਦੇ ਚੌਥੇ ਦੌਰ ਵਿੱਚ ਜਗ੍ਹਾ
    • injury forced break was good for my body  shoriful islam
      ਸੱਟ ਕਾਰਨ ਮਿਲਿਆ ਬ੍ਰੇਕ ਮੇਰੇ ਸਰੀਰ ਲਈ ਚੰਗਾ ਸੀ : ਸ਼ੋਰੀਫੁੱਲ ਇਸਲਾਮ
    • ind vs sl india won the galle test by 165 runs
      IND vs SL: ਭਾਰਤ ਨੇ 165 ਦੌੜਾਂ ਨਾਲ ਜਿੱਤਿਆ ਗਾਲੇ ਟੈਸਟ, ਮਾਨਵ ਨੇ ਝਟਕਾਈਆਂ 6...
    • the formidable all rounder retired
      ਧਾਕੜ ਆਲਰਾਊਂਡਰ ਨੇ ਲਿਆ ਸੰਨਿਆਸ, 17 ਸਾਲਾਂ ਦੇ ਸ਼ਾਨਦਾਰ ਕ੍ਰਿਕਟ ਕਰੀਅਰ ਦਾ ਹੋਇਆ...
    • had to change strategy after losing first game  lakshya sen
      ਪਹਿਲੀ ਗੇਮ ਹਾਰਨ ਤੋਂ ਬਾਅਦ ਰਣਨੀਤੀ ਬਦਲਣੀ ਪਈ: ਲਕਸ਼ੈ ਸੇਨ
    • playing test cricket is my ultimate goal  padikkal
      ਟੈਸਟ ਕ੍ਰਿਕਟ ਖੇਡਣਾ ਮੇਰਾ ਆਖਰੀ ਟੀਚਾ ਹੈ : ਪਡਿੱਕਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +