ਦੁਬਈ– ਰਾਇਲ ਚੈਲੰਜ਼ਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਕਪਤਾਨ ਵਿਰਾਟ ਕੋਹਲੀ ਨੂੰ ਚੇਨਈ ਸੁਪਰ ਕਿੰਗਜ਼ ਦੇ ਆਲਰਾਊਂਡਰ ਸੁਰੇਸ਼ ਰੈਨਾ ਦੇ ਆਈ. ਪੀ. ਐੱਲ. ਛੱਡ ਕੇ ਵਤਨ ਪਰਤ ਆਉਣ ਦਾ ਫਾਇਦਾ ਮਿਲੇਗਾ ਤੇ ਉਸਦਾ ਇਸ ਟੀ-20 ਟੂਰਨਾਮੈਂਟ ਵਿਚ ਸਭ ਤੋਂ ਵੱਧ ਦੌੜਾਂ ਦਾ ਰਿਕਾਰਡ ਕਾਇਮ ਰਹੇਗਾ। ਆਰ. ਸੀ. ਬੀ. ਨੇ ਬੇਸ਼ੱਕ ਆਈ. ਪੀ. ਐੱਲ. ਦੇ 12 ਸੈਸ਼ਨਾਂ ਵਿਚ ਇਕ ਵਾਰ ਵੀ ਖਿਤਾਬ ਨਹੀਂ ਜਿੱਤਿਆ ਹੈ ਪਰ ਉਸਦੇ ਕਪਤਾਨ ਤੇ ਭਾਰਤੀ 'ਰਨ ਮਸ਼ੀਨ' ਵਿਰਾਟ ਨੇ ਆਈ. ਪੀ. ਐੱਲ. ਵਿਚ 177 ਮੈਚਾਂ ਵਿਚ 37.84 ਦੀ ਔਸਤ ਤੇ 131.61 ਦੀ ਸਟ੍ਰਾਈਕ ਰੇਟ ਨਾਲ 5412 ਦੌੜਾਂ ਬਣਾਈਆਂ ਹਨ, ਜਿਹੜੀਆਂ ਆਈ. ਪੀ. ਐੱਲ. ਵਿਚ ਸਭ ਤੋਂ ਵੱਧ ਹਨ।

ਵਿਰਾਟ ਦੇ ਆਈ. ਪੀ. ਐੱਲ. ਵਿਚ ਸਭ ਤੋਂ ਵੱਧ ਦੌੜਾਂ ਦੇ ਰਿਕਾਰਡ ਨੂੰ ਸਭ ਤੋਂ ਨੇੜਲੀ ਚੁਣੌਤੀ ਰੈਨਾ ਤੋਂ ਮਿਲ ਰਹੀ ਸੀ, ਜਿਸ ਨੇ 193 ਮੈਚਾਂ ਵਿਚ 5368 ਦੌੜਾਂ ਬਣਾਈਆਂ ਸਨ। ਵਿਰਾਟ ਤੇ ਰੈਨਾ ਵਿਚਾਲੇ ਸਿਰਫ 44 ਦੌੜਾਂ ਦਾ ਫਰਕ ਸੀ ਪਰ ਰੈਨਾ ਨੇ ਨਿੱਜੀ ਕਾਰਣਾਂ ਤੋਂ ਆਈ. ਪੀ. ਐੱਲ. ਛੱਡਣ ਦਾ ਫੈਸਲਾ ਕੀਤਾ ਤੇ ਯੂ. ਏ. ਈ. ਤੋਂ ਵਾਪਸ ਭਾਰਤ ਚਲਾ ਗਿਆ।
ਰੈਨਾ ਜੇਕਰ ਆਈ. ਪੀ. ਐੱਲ.-13 ਵਿਚ ਖੇਡਦਾ ਤਾਂ ਉਸਦੇ ਤੇ ਵਿਰਾਟ ਵਿਚਾਲੇ ਟੂਰਨਾਮੈਂਟ ਵਿਚ ਸਭ ਤੋਂ ਵੱਧ ਦੌੜਾਂ ਦੇ ਰਿਕਾਰਡ ਲਈ ਨੇੜਲਾ ਮੁਕਾਬਲਾ ਚਲਦਾ ਰਹਿੰਦਾ ਪਰ ਰੈਨਾ ਦੇ ਪਰਤਣ ਤੋਂ ਬਾਅਦ ਹੁਣ ਵਿਰਾਟ ਦੇ ਰਿਕਾਰਡ ਨੂੰ ਕੋਈ ਖਤਰਾ ਨਹੀਂ ਰਹਿ ਗਿਆ ਹੈ ਕਿਉਂਕਿ ਤੀਜੇ ਨੰਬਰ 'ਤੇ ਮੌਜੂਦ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਤੇ ਵਿਰਾਟ ਵਿਚਾਲੇ 514 ਦੌੜਾਂ ਦਾ ਵੱਡਾ ਫਰਕ ਹੈ।
ਰੋਹਿਤ ਨੇ ਟੂਰਨਾਮੈਂਟ ਵਿਚ 188 ਮੈਚਾਂ ਵਿਚ 4898 ਦੌੜਾਂ ਬਣਾਈਆਂ ਹਨ। ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਆਸਟਰੇਲੀਆ ਦੇ ਡੇਵਿਡ ਵਾਰਨਰ ਨੇ 126 ਮੈਚਾਂ ਵਿਚ 4706 ਦੌੜਾਂ, ਦਿੱਲੀ ਕੈਪੀਟਲਸ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ 159 ਮੈਚਾਂ ਵਿਚ 4579 ਦੌੜਾਂ, ਕਿੰਗਜ਼ ਇਲੈਵਨ ਪੰਜਾਬ ਦੇ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਨੇ 125 ਮੈਚਾਂ ਵਿਚ 4484 ਦੌੜਾਂ ਤੇ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ 190 ਮੈਚਾਂ ਵਿਚ 4432 ਦੌੜਾਂ ਬਣਾਈਆਂ ਹਨ।

ਵਿਰਾਟ ਕੋਲ ਆਈ. ਪੀ. ਐੱਲ.-13 ਵਿਚ ਛੱਕਿਆਂ ਦਾ ਦੋਹਰਾ ਸੈਂਕੜਾ ਪੂਰਾ ਕਰਨ ਦਾ ਵੀ ਮੌਕਾ ਰਹੇਗਾ। ਆਈ. ਪੀ. ਐੱਲ. ਵਿਚ ਹੁਣ ਤਕ ਇਹ ਕਾਰਨਾਮਾ ਤਿੰਨ ਹੀ ਖਿਡਾਰੀ ਕਰ ਸਕੇ ਹਨ। ਕ੍ਰਿਸ ਗੇਲ ਨੇ ਆਈ. ਪੀ. ਐੱਲ. ਵਿਚ 326 ਛੱਕੇ, ਬੈਂਗਲੁਰੂ ਦੇ ਏ. ਬੀ. ਡਿਵਿਲੀਅਰਸ ਨੇ 154 ਮੈਚਾਂ ਵਿਚ 212 ਛੱਕੇ ਤੇ ਧੋਨੀ ਨੇ 209 ਛੱਕੇ ਲਾਏ ਹਨ। ਜੇਕਰ ਰੈਨਾ ਇਸ ਵਾਰ ਖੇਡਦਾ ਤਾਂ ਉਹ ਵੀ ਛੱਕਿਆਂ ਦਾ ਦੋਹਰਾ ਸੈਂਕੜਾ ਪੂਰਾ ਕਰ ਸਕਦਾ ਸੀ।
ਮੁੰਬਈ ਦੇ ਕਪਤਾਨ ਰੋਹਿਤ ਕੋਲ ਟੂਰਨਾਮੈਂਟ ਵਿਚ 4 ਨਿੱਜੀ ਉਪਲੱਬਧੀਆਂ ਹਾਸਲ ਕਰਨ ਦਾ ਸੁਨਹਿਰੀ ਮੌਕਾ ਰਹੇਗਾ। ਰੋਹਿਤ ਨੇ ਹੁਣ ਤਕ 188 ਮੈਚ ਖੇਡੇ ਹਨ ਤੇ ਉਹ ਲੀਗ ਦੌਰ ਵਿਚ ਹੀ 200 ਮੈਚ ਪੂਰੇ ਕਰ ਲਵੇਗਾ। ਇਸ ਤੋਂ ਇਲਾਵਾ ਉਸ ਨੂੰ ਟੂਰਨਾਮੈਂਟ ਵਿਚ 5 ਹਜ਼ਾਰ ਦੌੜਾਂ ਪੂਰੀਆਂ ਕਰਨ ਲਈ ਸਿਰਫ 102 ਦੌੜਾਂ ਦੀ ਲੋੜ ਹੈ। ਰੋਹਿਤ ਨੂੰ ਟੂਰਨਾਮੈਂਟ ਵਿਚ ਛੱਕਿਆਂ ਦਾ ਦੋਹਰਾ ਸੈਂਕੜਾ ਪੂਰਾ ਕਰਨ ਲਈ 6 ਛੱਕਿਆਂ ਦੀ ਲੋੜ ਹੈ।
ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕਾ ਤੇ ਤਿੰਨ ਵਾਰ ਦਾ ਆਈ. ਪੀ. ਐੱਲ. ਜੇਤੂ ਧੋਨੀ ਵੀ ਇਸ ਟੂਰਨਾਮੈਂਟ ਵਿਚ 200 ਮੈਚ ਪੂਰੇ ਕਰ ਲਵੇਗਾ। ਲੀਗ ਦੌਰ ਵਿਚ 10ਵਾਂ ਮੈਚ ਖੇਡਣ ਦੇ ਨਾਲ ਹੀ ਧੋਨੀ ਦੇ 200 ਮੈਚ ਪੂਰੇ ਹੋ ਜਾਣਗੇ। ਉਸ ਨੇ ਹੁਣ ਤਕ 190 ਮੈਚ ਖੇਡੇ ਹਨ। ਹੈਦਰਾਬਾਦ ਦੇ ਕਪਤਾਨ ਵਾਰਨਰ ਕੋਲ ਵੀ ਟੂਰਨਾਮੈਂਟ ਵਿਚ 5 ਹਜ਼ਾਰ ਦੌੜਾਂ ਪੂਰੀਆਂ ਕਰਨ ਦਾ ਮੌਕਾ ਰਹੇਗਾ, ਜਿਸ ਤੋਂ ਉਹ 294 ਦੌੜਾਂ ਦੂਰ ਹੈ। ਹੈਦਰਾਬਾਦ ਦੇ ਵਾਰਨਰ ਨੇ ਹੁਣ ਤਕ 126 ਮੈਚਾਂ ਵਿਚ 181 ਛੱਕੇ, ਚੇਨਈ ਦੇ ਵਾਟਸਨ ਨੇ 134 ਮੈਚਾਂ ਵਿਚ 177 ਛੱਕੇ ਤੇ ਮੁੰਬਈ ਇੰਡੀਅਨਜ਼ ਦੇ ਪੋਲਾਰਡ ਨੇ 148 ਮੈਚਾਂ ਵਿਚ 176 ਛੱਕੇ ਲਾਏ ਹਨ।
ਅੰਕੜਿਆਂ ਦੀ ਖੇਡ : IPL 'ਚ ਸਰਵਸ੍ਰੇਸ਼ਠ ਕਪਤਾਨ ਆਖਿਰਕਾਰ ਕੌਣ, ਚੁਣਨਾ ਮੁਸ਼ਕਿਲ
NEXT STORY