ਨਵੀਂ ਦਿੱਲੀ (ਭਾਸ਼ਾ)– ਭਾਰਤ ਦਾ ਸਾਬਕਾ ਕਪਤਾਨ ਵਿਰਾਟ ਕੋਹਲੀ ਆਸਟਰੇਲੀਆ ਵਿਰੁੱਧ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਦੂਜੇ ਟੈਸਟ ਮੈਚ ਲਈ ਆਪਣੀਆਂ ਤਿਆਰੀਆਂ ਵਿਚ ਕੋਈ ਕਸਰ ਨਹੀਂ ਛੱਡ ਰਿਹਾ ਹੈ। ਕੋਹਲੀ ਆਪਣੀ ਟੀਮ ਦੇ ਹੋਰਨਾਂ ਖਿਡਾਰੀਆਂ ਤੋਂ ਅੱਧਾ ਘੰਟਾ ਪਹਿਲਾਂ ਫਿਰੋਜ਼ਸ਼ਾਹ ਕੋਟਲਾ ਮੈਦਾਨ ’ਚ ਪਹੁੰਚਿਆ ਤੇ ਸਿੱਧੇ ਡ੍ਰੈਸਿੰਗ ਰੂਮ ਵਿਚ ਚਲਾ ਗਿਆ। ਕੁਝ ਮਿੰਟਾਂ ਬਾਅਦ ਉਹ ਡ੍ਰੈਸਿੰਗ ਰੂਮ ਤੋਂ ਬਾਹਰ ਨਿਕਲਿਆ ਤੇ ਨੈੱਟ ਅਭਿਆਸ ਲਈ ਚਲਾ ਗਿਆ। ਉਹ ਬੱਲੇਬਾਜ਼ੀ ਅਭਿਆਸ ਵਿਚ ਵਾਧੂ ਸਮਾਂ ਚਾਹੁੰਦਾ ਸੀ, ਇਸ ਲਈ ਟੀਮ ਦੇ ਦੂਜੇ ਖਿਡਾਰੀਆਂ ਤੋਂ ਪਹਿਲਾਂ ਸਟੇਡੀਅਮ ਪਹੁੰਚਿਆ।
‘ਥ੍ਰੋਡਾਊਨ’ ਉੱਤੇ ਅਭਿਆਸ ਕਰਨ ਤੋਂ ਬਾਅਦ ਕੋਹਲੀ ਨੇ ਮੱਧ ਗਤੀ ਦੇ ਗੇਂਦਬਾਜ਼ਾਂ ਵਿਰੁੱਧ ਬੱਲੇਬਾਜ਼ੀ ਕੀਤੀ। ਉਹ ਇਸ ਤੋਂ ਬਾਅਦ ਦੂਜੇ ਨੈੱਟ ਵਿਚ ਗਿਆ, ਜਿੱਥੋਂ ਦੀ ਪਿੱਚ ਖੁਰਦਰੀ ਸੀ ਤੇ ਕਿਹਾ ਕਿ ‘ਸਪਿਨ ਗੇਂਦਬਾਜ਼ਾਂ ਨੂੰ ਬੁਲਾਓ’। ਉਸ ਨੇ ਅਭਿਆਸ ਪਿੱਚ ਦੀ ਰਫ (ਖੁਰਦਰਾਪਨ) ਦਾ ਮੁਆਇਨਾ ਕੀਤਾ ਤੇ ਫਿਰ ਆਪਣੇ ਪੈਰ ਨਾਲ ਰਗੜ ਕੇ ਉਸ ਨੂੰ ਹੋਰ ਖੁਰਦਰਾ ਬਣਾਇਆ। ਇਸ ਵਿਚਾਲੇ ਬੱਲੇਬਾਜ਼ੀ ਕੋਚ ਵਿਕਰਮ ਰਾਠੌੜ ਵੀ ਮੈਦਾਨ ਵਿਚ ਪਹੁੰਚ ਗਿਆ ਤੇ ਉਸ ਨੇ ਵੀ ਸਪਿਨ ਗੇਂਦਬਾਜ਼ੀ ਖੇਡਣ ਨੂੰ ਲੈ ਕੇ ਕੋਹਲੀ ਨੂੰ ਕੁਝ ਸੁਝਾਅ ਦਿੱਤੇ। ਕੋਹਲੀ ਉਨ੍ਹਾਂ ਹਾਲਾਤ ਦਾ ਅਭਿਆਸ ਕਰਨਾ ਚਾਹੁੰਦਾ ਸੀ, ਜਿੱਥੇ ਗੇਂਦ ਆਪਣੇ ਆਪ ਕਿਸੇ ਵੀ ਦਿਸ਼ਾ ਵਿਚ ਸਪਿਨ ਹੋ ਸਕਦੀ ਸੀ।
ਭਾਰਤ-ਏ ਟੀਮ ਵਿਚ ਨਿਯਮਤ ਤੌਰ ’ਤੇ ਖੇਡਣ ਵਾਲੇ ਉੱਤਰ ਪ੍ਰਦੇਸ਼ ਦੇ ਸੌਰਭ ਕੁਮਾਰ ਦੀ ਖੱਬੇ ਹੱਥ ਦੀ ਗੇਂਦਬਾਜ਼ੀ ਨੇ ਉਸ ਨੂੰ ਪ੍ਰੇਸ਼ਾਨ ਕੀਤਾ। ਕੋਹਲੀ ਨੂੰ ਅਜਿਹੀਆਂ ਗੇਂਦਾਂ ’ਤੇ ਵਧੇਰੇ ਪ੍ਰੇਸ਼ਾਨੀ ਹੋ ਰਹੀ ਸੀ, ਜਿਹੜੀ ਟੱਪਾ ਖਾਣ ਤੋਂ ਬਾਅਦ ਜ਼ਿਆਦਾ ਉਛਾਲ ਨਹੀਂ ਲੈ ਰਹੀ ਸੀ। ਉਸ ਨੇ ਪੁਲਕਿਤ ਨਾਰੰਗ ਤੇ ਰਿਤਿਕ ਸ਼ੌਕੀਨ ਦੀ ਆਫ ਸਪਿਨ ਗੇਂਦਬਾਜ਼ੀ ’ਤੇ ਵੀ ਅਭਿਆਸ ਕੀਤਾ। ਇਸ ਦੌਰਾਨ ਕੋਹਲੀ ਉਸ ਤਰ੍ਹਾਂ ਦੀ ਲੈਅ ਵਿਚ ਨਹੀਂ ਦਿਸਿਆ, ਜਿਸ ਦੇ ਲਈ ਉਹ ਜਾਣਿਆ ਜਾਂਦਾ ਹੈ। ਕੋਟਲਾ ਮੈਦਾਨ ਦੀ ਪਿੱਚ ਵੀ ਨਾਗਪੁਰ ਵਿਚ ਖੇਡੇ ਗਏ ਪਹਿਲੇ ਟੈਸਟ ਮੈਚ ਦੀ ਤਰ੍ਹਾਂ ਹੌਲੀ ਰਹਿਣ ਦੀ ਉਮੀਦ ਹੈ। ਨਾਗਪੁਰ ਟੈਸਟ ਵਿਚ ਕੋਹਲੀ ਆਫ ਸਪਿਨਰ ਟਾਡ ਮਰਫੀ ਦੀ ਗੇਂਦ ’ਤੇ ਆਊਟ ਹੋਇਆ ਸੀ। ਕੋਟਲੀ ਦੀ ਪਿੱਚ ’ਤੇ ਥੋੜ੍ਹਾ ਘਾਹ ਹੈ ਪਰ ਜਾਣਕਾਰ ਦੱਸਦੇ ਹਨ ਕਿ ਇਹ ਘਾਹ ਸਿਰਫ ਪਿੱਚ ਦੀ ਮਿੱਟੀ ਨੂੰ ਬੰਨ੍ਹੀ ਰੱਖਣ ਲਈ ਹੈ। ਠੰਡ ਦੇ ਮੌਸਮ ਦੇ ਕਾਰਨ ਦਿਨ ਵਿਚ ਪਿੱਚ ਵਿਚ ਥੋੜ੍ਹੀ ਨਮੀ ਹੋਵੇਗੀ, ਜਿਸ ਦਾ ਗੇਂਦਬਾਜ਼ਾਂ ਨੂੰ ਫਾਇਦਾ ਮਿਲੇਗਾ।
ਮਾਨਸਾ ਦੀ ਧੀ ਨੇ ਬਣਾਇਆ ਨੈਸ਼ਨਲ ਰਿਕਾਰਡ, ਗੋਲਡ ਮੈਡਲ ਜਿੱਤ ਏਸ਼ੀਆਈ ਖੇਡਾਂ ਲਈ ਹੋਈ ਕੁਆਲੀਫਾਈ
NEXT STORY