ਨਵੀ ਮੁੰਬਈ– ਭਾਰਤ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਤੇ ਪ੍ਰਤਿਕਾ ਰਾਵਲ ਨੂੰ ਇਕੱਠੇ ਖੇਡਦੇ ਹੋਏ ਇਕ ਸਾਲ ਵੀ ਨਹੀਂ ਹੋਇਆ ਹੈ ਪਰ ਉਨ੍ਹਾਂ ਨੇ ਚੋਟੀਕ੍ਰਮ ਵਿਚ ਬੇਹੱਦ ਸਫਲ ਜੋੜੀ ਬਣਾਈ ਹੈ। ਇਨ੍ਹਾਂ ਦੋਵਾਂ ਨੇ ਵੀਰਵਾਰ ਨੂੰ ਨਿਊਜ਼ੀਲੈਂਡ ਵਿਰੁੱਧ ਸੈਂਕੜਾ ਲਾ ਕੇ ਪਹਿਲੀ ਵਿਕਟ ਲਈ 212 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕੀਤੀ, ਜਿਸ ਨਾਲ ਭਾਰਤ ਨੇ ਇਹ ਮੈਚ ਡਕਵਰਥ ਲੂਈਸ ਨਿਯਮਤ ਤਹਿਤ 53 ਦੌੜਾਂ ਨਾਲ ਜਿੱਤ ਕੇ ਮਹਿਲਾ ਵਨ ਡੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ।
ਪਿਛਲੇ ਸਾਲ ਦਸੰਬਰ ਵਿਚ ਜੋੜੀ ਬਣਾਉਣ ਤੋਂ ਬਾਅਦ ਤੋਂ ਇਹ ਉਨ੍ਹਾਂ ਦੀ 7ਵੀਂ ਤੇ 2025 ਵਿਚ 5ਵੀਂ ਸੈਂਕੜੇ ਵਾਲੀ ਸਾਂਝੇਦਾਰੀ ਸੀ। ਮੰਧਾਨਾ ਦੀਆਂ 95 ਗੇਂਦਾਂ ਵਿਚ 105 ਦੌੜਾਂ ਤੇ ਰਾਵਲ ਦੀਆਂ 134 ਗੇਂਦਾਂ ਵਿਚ 122 ਦੌੜਾਂ ਦੀ ਬਦੌਲਤ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 3 ਵਿਕਟਾਂ ’ਤੇ 340 ਦੌੜਾਂ ਦਾ ਵੱਡਾ ਸਕੋਰ ਬਣਾਇਆ ਜਿਹੜਾ ਇਸ ਵਿਸ਼ਵ ਕੱਪ ਵਿਚ ਕਿਸੇ ਵੀ ਟੀਮ ਦਾ ਬੈਸਟ ਸਕੋਰ ਹੈ। ਇਸ ਜੋੜੀ ਨੇ ਹੁਣ ਤੱਕ 23 ਪਾਰੀਆਂ ਵਿਚ 1799 ਦੌੜਾਂ ਜੋੜੀਆਂ ਹਨ।
ਰਾਵਲ ਨੇ ਕਿਹਾ ਕਿ ਉਨ੍ਹਾਂ ਦੋਵਾਂ ਵਿਚਾਲੇ ਚੰਗੀ ਸਮਝ ਹੈ, ਜਿਸ ਨਾਲ ਉਹ ਵੱਡੀਆਂ ਸਾਂਝੇਦਾਰੀਆਂ ਨਿਭਾਉਣ ਵਿਚ ਸਫਲ ਰਹੀਆਂ। ਰਾਵਲ ਨੇ ਕਿਹਾ ਕਿ ਸਾਡੇ ਵਿਚਾਲੇ ਸਹਿਜ ਗੱਲਬਾਤ ਹੁੰਦੀ ਹੈ। ਉਹ ਮੈਨੂੰ ਉਹੀ ਕਰਨ ਦਿੰਦੀ ਹੈ ਜਿਹੜਾ ਮੇਰਾ ਮਜ਼ਬੂਤ ਪੱਖ ਹੈ ਤੇ ਮੈਂ ਵੀ ਉਸ ਵਿਚ ਦਖਲ ਨਹੀਂ ਦਿੰਦੀ, ਜਿਸ ਵਿਚ ਉਹ ਸਰਵੋਤਮ ਹੈ।
ਉਸ ਨੇ ਕਿਹਾ ਕਿ ਜਦੋਂ ਅਸੀਂ ਬੱਲੇਬਾਜ਼ੀ ਕਰਦੀਆਂ ਹਾਂ ਤਾਂ ਪੂਰੀ ਗੱਲਬਾਤ ਗਣਨਾ ’ਤੇ ਆਧਾਰਿਤ ਹੁੰਦੀ ਹੈ। ਸਾਡੀ ਗੱਲਬਾਤ ਇਸ ’ਤੇ ਆਧਾਰਿਤ ਹੁੰਦੀ ਹੈ ਕਿ ਸਾਨੂੰ ਵੱਡਾ ਸਕੋਰ ਬਣਾਉਣ ਲਈ ਕਿੰਨੀਆਂ ਦੌੜਾਂ ਬਣਾਉਣੀਆਂ ਪੈਣਗੀਆਂ । ਜੇਕਰ ਅਸੀਂ ਟੀਚੇ ਦਾ ਪਿੱਛਾ ਕਰ ਰਹੇ ਹੁੰਦੇ ਹਾਂ ਤਾਂ ਸਾਡੀ ਗੱਲਬਾਤ ਇਸ ’ਤੇ ਆਧਾਰਿਤ ਹੁੰਦੀ ਹੈ ਤਾਂ ਕਿ ਅਸੀਂ ਆਸਾਨੀ ਨਾਲ ਟੀਚੇ ਦਾ ਪਿੱਛਾ ਕਰ ਸਕੀਏ।ਰਾਵਲ ਨੇ ਕਿਹਾ, ‘‘ਉਹ ਗਣਨਾ ਕਰਨ ਵਿਚ ਬਹੁਤ ਚੰਗੀ ਹੈ ਤੇ ਉਹ ਜੋ ਵੀ ਮੈਨੂੰ ਕਹਿੰਦੀ ਹੈ, ਮੈਂ ਉਸ ਵਿਚ ਸ਼ਾਮਲ ਹੋਣਾ ਪਸੰਦ ਕਰਦੀ ਹਾਂ। ਸਾਨੂੰ ਦੋਵਾਂ ਨੂੰ ਸਹਿਜਤਾ ਨਾਲ ਅੱਗੇ ਵਧਣਾ ਪਸੰਦ ਹੈ।’’
ਰਾਵਲ ਨੇ ਜੇਮਿਮਾ ਰੋਡ੍ਰਿਗਜ਼ ਦੇ ਨਾਲ ਆਪਣੇ ਘਰੇਲੂ ਮੈਦਾਨ ’ਤੇ 55 ਗੇਂਦਾਂ ਵਿਚ ਅਜੇਤੂ 76 ਦੌੜਾਂ ਦੀ ਪਾਰੀ ਦੀ ਸ਼ਲਾਘਾ ਕੀਤੀ। ਰਾਵਲ ਨੇ ਕਿਹਾ, ‘‘ਉਸ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਉਸ ਨੇ ਉਹ ਦੌੜਾਂ ਬਣਾਈਆਂ, ਜਿਨ੍ਹਾਂ ਦੀ ਸਾਨੂੰ ਸਭ ਤੋਂ ਵੱਧ ਲੋੜ ਸੀ।ਇਹ ਉਸਦਾ ਘਰੇਲੂ ਮੈਦਾਨ ਹੈ ਤੇ ਉਹ ਇੱਥੋਂ ਦੇ ਹਾਲਾਤ ਤੋਂ ਚੰਗੀ ਤਰ੍ਹਾਂ ਜਾਣੂ ਹੈ।’’
ਉਸ ਨੇ ਦੋਹਰਾਇਆ ਕਿ ਲਗਾਤਾਰ ਤਿੰਨ ਮੈਚ ਹਾਰ ਜਾਣ ਦੇ ਬਾਵਜੂਦ ਟੀਮ ਵੱਲੋਂ ਕੋਸ਼ਿਸ਼ ਵਿਚ ਕੋਈ ਕਮੀ ਨਹੀਂ ਸੀ। ਉਸ ਨੇ ਕਿਹਾ, ‘‘ਅਸੀਂ ਇਹ ਚਰਚਾ ਇਸ ਲਈ ਕਰ ਰਹੇ ਸੀ ਤਾਂ ਕਿ ਅਸੀਂ ਖੁਦ ’ਤੇ ਭਰੋਸਾ ਹੈ ਸਕੀਏ ਕਿ ਅਸੀਂ ਕਿਸੇ ਵੀ ਸਮੇਂ ਮੈਚ ਜਿੱਤ ਸਕਦੀਆਂ ਹਾਂ ਤੇ ਸਾਡੇ ਕੋਲ ਅਜਿਹੀਆਂ ਖਿਡਾਰਨਾਂ ਹਨ ਜਿਹੜੀਆਂ ਮੈਚ ਜਿੱਤ ਸਕਦੀਆਂ ਹਨ ਤੇ ਨਾਲ ਹੀ ਸਾਡੇ ਕੋਲ ਅਜਿਹੀਆਂ ਵੀ ਖਿਡਾਰਨਾਂ ਹਨ, ਜਿਹੜੀਆਂ ਵੱਡੀ ਪਾਰੀ ਖੇਡ ਸਕਦੀਆਂ ਹਨ ਤੇ ਵਿਕਟ ਲੈ ਸਕਦੀਆਂ ਹਨ।’’ਰਾਵਲ ਨੇ ਕਿਹਾ, ‘‘ਬਦਕਿਸਮਤੀ ਨਾਲ ਅਸੀਂ ਤਿੰਨ ਮੈਚ ਹਾਰ ਗਏ ਪਰ ਅਸੀਂ ਉਨ੍ਹਾਂ ਮੈਚਾਂ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਅਸੀਂ ਮੈਚ ਿਜੱਤਣ ਵਿਚ ਸਫਲ ਰਹੇ।’’ਰਵਾਲ ਨੇ ਕਿਹਾ ਕਿ ਵਿਕਟਕੀਪਰ ਬੱਲੇਬਾਜ਼ ਰਿਚਾ ਘੋਸ਼ ਦੀ ਉਂਗਲੀ ਵਿਚ ਸੱਟ ਗੰਭੀਰ ਨਹੀਂ ਹੈ। ਉਸ ਨੇ ਕਿਹਾ, ‘‘ਰਿਚਾ ਬਿਲਕੁਲ ਠੀਕ ਹੈ। ਬਦਕਿਸਮਤੀ ਨਾਲ ਮੈਚ ਦੌਰਾਨ ਉਸਦੀ ਉਂਗਲੀ ਵਿਚ ਸੱਟ ਲੱਗ ਗਈ ਹੈ ਪਰ ਇਹ ਸੱਟ ਗੰਭੀਰ ਨਹੀਂ ਹੈ।’’
ਮੈਕਸਵੈੱਲ ਭਾਰਤ ਵਿਰੁੱਧ ਟੀ-20 ਲੜੀ ’ਚ ਵਾਪਸੀ ਲਈ ਤਿਆਰ
NEXT STORY