ਸਿਡਨੀ– ਆਸਟ੍ਰੇਲੀਆ ਦਾ ਚਮਤਕਾਰੀ ਆਲਰਾਊਂਡਰ ਗਲੇਨ ਮੈਕਸਵੈੱਲ ਬਾਂਹ ਵਿਚ ਫ੍ਰੈਕਚਰ ਤੋਂ ਉੱਭਰਨ ਤੋਂ ਬਾਅਦ ਭਾਰਤ ਵਿਰੁੱਧ ਟੀ-20 ਕੌਮਾਂਤਰੀ ਲੜੀ ਲਈ ਵਾਪਸੀ ਕਰਨ ਨੂੰ ਤਿਆਰ ਹੈ ਜਦਕਿ ਨੌਜਵਾਨ ਤੇਜ਼ ਗੇਂਦਬਾਜ਼ ਮਹਲੀ ਬਿਯਰਡਮੈਨ ਨੂੰ ਵੀ ਟੀਮ ਵਿਚ ਚੁਣਿਆ ਗਿਆ ਹੈ।ਮੌਜੂਦਾ ਵਨ ਡੇ ਲੜੀ ਤੋਂ ਬਾਅਦ ਟੀ-20 ਲੜੀ 29 ਅਕਤੂਬਰ ਤੋਂ ਕੈਨਬਰਾ ਵਿਚ ਸ਼ੁਰੂ ਹੋਵੇਗੀ। ਇਸ 5 ਮੈਚਾਂ ਦੀ ਲੜੀ ਲਈ 37 ਸਾਲਾ ਮੈਕਸਵੈੱਲ ਤੇ ਬੀਅਰਡਮੈਨ ਆਖਰੀ 3 ਮੈਚਾਂ ਦੀ ਚੋਣ ਲਈ ਉਪਲੱਬਧ ਰਹਿਣਗੇ।
ਇਸ ਤੋਂ ਇਲਾਵਾ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਤੇ ਗੇਂਦਬਾਜ਼ੀ ਆਲਰਾਊਂਡਰ ਸੀਨ ਐਬੋਟ ਕ੍ਰਮਵਾਰ ਪਹਿਲੇ ਦੋ ਤੇ ਤਿੰਨ ਮੈਚਾਂ ਲਈ ਉਪਲੱਬਧ ਰਹਿਣਗੇ। ਸਤੰਬਰ 'ਚ ਨਿਊਜ਼ੀਲੈਂਡ ਵਿਚ ਆਸਟ੍ਰੇਲੀਆ ਦੀ ਤਿੰਨ ਮੈਚਾਂ ਦੀ ਟੀ-20 ਲੜੀ ਤੋਂ ਪਹਿਲਾਂ ਨੈੱਟ ’ਤੇ ਗੇਂਦਬਾਜ਼ੀ ਕਰਦੇ ਸਮੇਂ ਮੈਕਸਵੈੱਲ ਦੀ ਬਾਂਹ ਵਿਚ ਫ੍ਰੈਕਚਰ ਹੋ ਗਿਆ ਸੀ।
20 ਸਾਲਾ ਬੀਅਰਡਮੈਨ ਨੇ ਹੁਣ ਤੱਕ ਲਿਸਟ-ਏ ਦੇ 5 ਮੈਚਾਂ ਤੇ ਬਿੱਗ ਬੈਸ਼ ਲੀਗ ਦੇ ਦੋ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜਿਸ ਨਾਲ ਉਹ ਭਾਰਤ ਵਿਰੁੱਧ ਇਸ ਮਹੱਤਵਪੂਰਨ ਲੜੀ ਦੇ ਲਈ ਟੀਮ ਵਿਚ ਜਗ੍ਹਾ ਬਣਾਉਣ ਵਿਚ ਸਫਲ ਰਿਹਾ। ਉਹ 2024 ਵਿਚ ਆਸਟ੍ਰੇਲੀਆ ਅੰਡਰ-19 ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਸਟਾਰ ਖਿਡਾਰੀ ਸੀ। ਉਸ ਨੇ ਫਾਈਨਲ ਵਿਚ 3 ਵਿਕਟਾਂ ਲਈਆਂ ਸਨ। ਉਸ ਨੇ ਪਿਛਲੇ ਸਾਲ ਸੀਨੀਅਰ ਵਨ ਡੇ ਟੀਮ ਦੇ ਨਾਲ ਇੰਗਲੈਂਡ ਦਾ ਦੌਰਾ ਵੀ ਕੀਤਾ ਸੀ ਪਰ ਉਸ ਨੂੰ ਤਦ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ।
ਇਸ ਵਿਚਾਲੇ ਆਸਟ੍ਰੇਲੀਆ ਨੇ ਭਾਰਤ ਵਿਰੁੱਧ ਸ਼ਨੀਵਾਰ ਨੂੰ ਇੱਥੇ ਹੋਣ ਵਾਲੇ ਤੀਜੇ ਤੇ ਆਖਰੀ ਵਨ ਡੇ ਲਈ ਤੇਜ਼ ਗੇਂਦਬਾਜ਼ੀ ਆਲਰਾਊਂਡਰ ਜੈਕ ਐਡਵਰਡਸ ਤੇ ਖੱਬੇ ਹੱਥ ਦੇ ਸਪਿਨ ਮੈਟ ਕੁਹਨੇਮੈਨ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ ਜਦਕਿ ਮਾਰਨਸ ਲਾਬੂਸ਼ੇਨ ਨੂੰ ਸ਼ੈਫੀਲਡ ਸ਼ੀਲਡ ਵਿਚ ਖੇਡਣ ਲਈ ਰਿਲੀਜ਼ ਕਰ ਦਿੱਤਾ ਗਿਆ ਹੈ। ਲਾਬੂਸ਼ੇਨ ਨੂੰ ਪਰਥ ਵਿਚ ਭਾਰਤ ਵਿਰੁੱਧ ਪਹਿਲੇ ਮੈਚ ਤੋਂ ਪਹਿਲੇ ਵਨ ਡੇ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ ਕਿਉਂਕਿ ਆਲਰਾਊਂਡਰ ਕੈਮਰਨ ਗ੍ਰੀਨ ਨੂੰ ਹਲਕੀ ਸੱਟ ਕਾਰਨ ਬਾਹਰ ਹੋਣਾ ਪਿਆ ਸੀ। ਲਾਬੂਸ਼ੇਨ ਹਾਲਾਂਕਿ ਇਨ੍ਹਾਂ ਦੋਵਾਂ ਮੈਚਾਂ ਲਈ ਆਖਰੀ-11 ਵਿਚ ਜਗ੍ਹਾ ਨਹੀਂ ਬਣਾ ਸਕਿਆ ਸੀ। ਵਿਕਟਕੀਪਰ ਜੋਸ਼ ਇੰਗਲਿਸ ਨੂੰ ਆਖਰੀ ਵਨ ਡੇ ਵਿਚ ਖੇਡਣ ਦਾ ਮੌਕਾ ਮਿਲ ਸਕਦਾ ਹੈ।
ਖੁਦ ਤਾਂ 'ਡੁੱਬੇ', ਇਸ 'ਕੰਗਾਰੂ' ਖਿਡਾਰੀ ਨੂੰ ਵੀ ਲੈ 'ਡੁੱਬੇ' ਕੋਹਲੀ, ਵੀਡੀਓ ਵਾਇਰਲ
NEXT STORY