ਨਵੀਂ ਦਿੱਲੀ (ਭਾਸ਼ਾ)– ਮੰਜੂ ਰਾਣੀ ਲਈ ਖੇਡ ’ਚ ਕਰੀਅਰ ਬਣਾਉਣਾ ਆਸਾਨ ਨਹੀਂ ਸੀ। ਛੇਵੀਂ ਕਲਾਸ ’ਚ ਹੀ ਉਸ ਨੂੰ ਆਪਣੇ ਪਰਿਵਾਰ ਤੋਂ ਦੂਰ ਹੋਣਾ ਪਿਆ ਤੇ ਉਸਦੀ ਦਾਦੀ ਨੇ ਉਸ ਨੂੰ ਘਰ ਤੋਂ ਦੂਰ ਜਾਣ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਉਸਦੇ ਪਿਤਾ ਨੇ ਆਪਣੀ ਧੀ ਦੀ ਐਥਲੀਟ ਬਣਨ ਦੀ ਇੱਛਾ ਨੂੰ ਸਮਝਿਆ ਤੇ ਉਸ ਨੂੰ ਮੁਕਤਸਰ ਜ਼ਿਲ੍ਹੋ ਦੇ ਬਾਦਲ ਦੇ ਸਾਈ ਕੇਂਦਰ ਵਿਚ ਜਾਣ ਦੀ ਮਨਜ਼ੂਰੀ ਦਿੱਤੀ। ਮੰਜੂ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਖੈਰਾ ਖੁਰਦ ਦੀ ਰਹਿਣ ਵਾਲੀ ਹੈ ਤੇ ਉਸਦੀ ਮਾਂ ਦਾ ਦਿਹਾਂਤ ਹੋ ਚੁੱਕਾ ਹੈ। ਅਜਿਹੇ ਵਿਚ ਪਰਿਵਾਰ ਤੋਂ ਦੂਰ ਰਹਿਣ ਦੀ ਮਨਜ਼ੂਰੀ ਮਿਲਣਾ ਆਸਾਨ ਨਹੀਂ ਸੀ। ਹਾਲਾਂਕਿ ਇਹ ਜੂਆ ਮਾੜਾ ਨਹੀਂ ਸੀ। 24 ਸਾਲ ਦੀ ਮੰਜੂ ਹੁਣ ਦੇਸ਼ ਦੀ ਚੋਟੀ ਦੀ ਪੈਦਲ ਚਾਲ ਖਿਡਾਰਨ ਹੈ।
ਮੰਜੂ ਨੇ ਆਪਣਾ ਵਾਅਦਾ ਨਿਭਾਇਆ ਤੇ 35 ਕਿ. ਮੀ. ਪੈਦਲ ਚਾਲ ਪ੍ਰਤੀਯੋਗਿਤਾ 3 ਘੰਟੇ ਤੋਂ ਘੱਟ ਸਮੇਂ ਵਿਚ ਪੂਰੀ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਕੇ ਆਪਣੇ ਪਰਿਵਾਰ ਤੇ ਪੰਜਾਬ ਨੂੰ ਮਾਣ ਮਹਿਸੂਸ ਕਰਾਇਆ। ਉਸ ਨੇ ਫਰਵਰੀ ਵਿਚ ਰਾਂਚੀ ਵਿਚ ਰਾਸ਼ਟਰੀ ਪੈਦਲ ਚਾਲ ਚੈਂਪੀਅਨਸ਼ਿਪ ਵਿਚ 2 ਘੰਟੇ 57 ਮਿੰਟ 54 ਸਕਿੰਟ ਦਾ ਸਮਾਂ ਲਿਆ, ਜਿਹੜਾ ਏਸ਼ੀਆਈ ਖੇਡਾਂ ’ਚ ਕੁਆਲੀਫਾਈ ਕਰਨ ਲਈ ਲੋੜੀਂਦਾ ਸੀ। ਭੁਵਨੇਸ਼ਵਰ ’ਚ ਅੰਤਰਰਾਜੀ ਰਾਸ਼ਟਰੀ ਐਥਲੈਟਿਕਸ ਚੈਂਪੀਅਨਸ਼ਿਪ ’ਚ ਹਿੱਸਾ ਲੈਂਦੇ ਹੋਏ ਮੰਜੂ ਨੇ ਫਿਰ ਸੋਨ ਤਮਗਾ ਜਿੱਤਿਆ ਪਰ ਤੇਜ਼ ਗਰਮੀ ਦੇ ਕਾਰਨ ਤਿੰਨ ਘੰਟੇ 21 ਮਿੰਟ ਤੇ 31 ਸਕਿੰਟ ਦੇ ਸਮੇਂ ਨਾਲ ਪ੍ਰਤੀਯੋਗਿਤਾ ਪੂਰੀ ਕੀਤੀ।
ਮੰਜੂ ਹਾਲਾਂਕਿ ਸ਼ੁਰੂ ਵਿੱਚ ਹੈਂਡਬਾਲ ਖਿਡਾਰਨ ਬਣਨਾ ਚਾਹੁੰਦੀ ਸੀ। ਉਸ ਨੇ ਸਕੂਲ ’ਚ ਚੋਣ ਟ੍ਰਾਇਲਾਂ ’ਚ ਵੀ ਹਿੱਸਾ ਲਿਆ ਪਰ ਉਮੀਦ ਦੇ ਮੁਤਾਬਕ ਨਹੀਂ ਕਰ ਸਕੀ। ਉਦੋਂ ਉੱਥੇ ਇਕ ਕੋਚ ਨੇ ਉਸ ਨੂੰ ਪੈਦਲ ਚਾਲ ’ਚ ਕਿਸਮਤ ਅਜਮਾਉਣ ਦੀ ਸਲਾਹ ਦਿੱਤੀ। ਅੰਜੂ ਨੇ ਕਿਹਾ,‘‘ਮੈਂ ਇਸ ਤੋਂ ਪਹਿਲਾਂ ਕਦੇ ਪੈਦਲ ਚਾਲ ’ਚ ਹਿੱਸਾ ਨਹੀਂ ਲਿਆ ਸੀ ਪਰ ਮੈਂ ਤੀਜੇ ਸਥਾਨ ’ਤੇ ਰਹਿਣ ’ਚ ਸਫਲ ਰਹੀ। ਕੋਚ ਮੇਰੇ ਪ੍ਰਦਰਸ਼ਨ ਤੋਂ ਪ੍ਰਭਾਵਿਤ ਹੋਏ ਤੇ ਮੈਨੂੰ ਸਲਾਹ ਦਿੱਤੀ ਕਿ ਜੇਕਰ ਮੈਨੂੰ ਬਿਹਤਰ ਖਿਡਾਰਨ ਬਣਨਾ ਹੈ ਤਾਂ ਬਿਹਤਰ ਸਥਾਨ ’ਤੇ ਜਾ ਕੇ ਟ੍ਰੇਨਿੰਗ ਕਰਨੀ ਪਵੇਗੀ।’’
ਉਸ ਨੇ ਕਿਹਾ,‘‘ਮੇਰੇ ਪਿਤਾ ਨੇ ਸਮਰਥਨ ਕੀਤਾ ਤੇ ਮੇਰੀ ਯਾਤਰਾ ਦੀ ਸ਼ੁਰੂਆਤ 2015 ’ਚ ਹੋਈ। ਤਿੰਨ ਮਹੀਨਿਆਂ ’ਚ ਮੈਂ ਰਾਜ ਪੱਧਰ ਦੀ ਜੂਨੀਅਰ ਚੈਂਪੀਅਨਸ਼ਿਪ ’ਚ ਕਾਂਸੀ ਤਮਗਾ ਜਿੱਤਿਆ। ਇਸ ਤੋਂ ਬਾਅਦ ਰਾਸ਼ਟਰੀ ਸਕੂਲ ਖੇਡਾਂ ’ਚ ਮੈਨੂੰ ਚਾਂਦੀ ਤਮਗਾ ਮਿਲਿਆ। ਮੈਂ 2017 ਤਕ ਬਾਦਲ ਕੇਂਦਰ ’ਚ ਰਹੀ।’’ ਮੰਜੂ ਨੂੰ ਹਾਲਾਂਕਿ ਵਿੱਤੀ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪਿਆ। ਉਸਦੇ ਪਿਤਾ ਨੂੰ ਆਪਣੀ ਜ਼ਮੀਨ ਗਹਿਣੇ ਰੱਖਣੀ ਪਈ ਜਦਕਿ ਮੰਜੂ ਨੂੰ 2019 ’ਚ 8 ਲੱਖ ਰੁਪਏ ਦਾ ਨਿੱਜੀ ਕਰਜਾ ਵੀ ਲੈਣਾ ਪਿਆ। ਉਸ ਨੂੰ ਇਕ ਸਪਾਂਸਰ ਦੀ ਭਾਲ ਹੈ, ਜਿਸ ਨਾਲ ਕਿ ਟ੍ਰੇਨਿੰਗ ਦਾ ਖਰਚਾ ਕੱਢ ਸਕੇ।
ਮਹਿਲਾ ਐਮਰਜਿੰਗ ਏਸ਼ੀਆ ਕੱਪ:ਮੀਂਹ ਦੀ ਭੇਟ ਚੜ੍ਹਿਆ ਸੈਮੀਫਾਈਨਲ, ਹੁਣ ਫਾਈਨਲ ’ਚ ਬੰਗਲਾਦੇਸ਼ ਨਾਲ ਖੇਡੇਗਾ ਭਾਰਤ
NEXT STORY