ਨਵੀਂ ਦਿੱਲੀ : ਨਵੀਂ ਦਿੱਲੀ ਦੇ ਡਾਕਟਰ ਕਰਣੀ ਸਿੰਘ ਸ਼ੂਟਿੰਗ ਰੇਂਜ ਵਿੱਚ ਖੇਡੀ ਜਾ ਰਹੀ ਏਸ਼ੀਅਨ ਰਾਈਫਲ/ਪਿਸਟਲ ਚੈਂਪੀਅਨਸ਼ਿਪ 2026 ਵਿੱਚ ਭਾਰਤੀ ਨਿਸ਼ਾਨੇਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਹਾਲਾਂਕਿ, 25 ਮੀਟਰ ਮਹਿਲਾ ਪਿਸਟਲ ਦੇ ਇੱਕ ਬੇਹੱਦ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਬਹੁਤ ਹੀ ਕਰੀਬੀ ਮੁਕਾਬਲੇ ਤੋਂ ਬਾਅਦ ਸੋਨ ਤਗਮੇ ਤੋਂ ਖੁੰਝ ਗਈ ਅਤੇ ਉਨ੍ਹਾਂ ਨੂੰ ਚਾਂਦੀ ਦੇ ਤਗਮੇ ਨਾਲ ਸੰਤੋਸ਼ ਕਰਨਾ ਪਿਆ ।
ਮਨੂ ਅਤੇ ਵੀਅਤਨਾਮੀ ਨਿਸ਼ਾਨੇਬਾਜ਼ ਵਿਚਕਾਰ ਕੜੀ ਟੱਕਰ
ਫਾਈਨਲ ਮੁਕਾਬਲੇ ਵਿੱਚ ਭਾਰਤ ਦੀਆਂ ਮਨੂ ਭਾਕਰ, ਈਸ਼ਾ ਸਿੰਘ ਅਤੇ ਰਿਦਮ ਸਾਂਗਵਾਨ ਨੇ ਵੀਅਤਨਾਮ ਦੀ ਥੁਈ ਤ੍ਰਾਂਗ ਗੁਏਨ ਨੂੰ ਸਖ਼ਤ ਟੱਕਰ ਦਿੱਤੀ। ਅੱਠਵੀਂ ਸੀਰੀਜ਼ ਤੱਕ ਈਸ਼ਾ ਸਿੰਘ 30 ਅੰਕਾਂ ਨਾਲ ਸਭ ਤੋਂ ਅੱਗੇ ਸੀ, ਪਰ ਨੌਵੀਂ ਸੀਰੀਜ਼ ਵਿੱਚ ਉਹ ਸਾਰੇ ਨਿਸ਼ਾਨੇ ਖੁੰਝ ਗਈ ਅਤੇ ਉਨ੍ਹਾਂ ਨੂੰ ਕਾਂਸੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ। ਅਖੀਰ ਵਿੱਚ ਮਨੂ ਭਾਕਰ ਅਤੇ ਗੁਏਨ ਦੋਵੇਂ 35-35 ਅੰਕਾਂ ਨਾਲ ਬਰਾਬਰੀ 'ਤੇ ਰਹੀਆਂ, ਜਿਸ ਕਾਰਨ ਮੁਕਾਬਲਾ ਸ਼ੂਟ-ਆਫ ਵਿੱਚ ਚਲਾ ਗਿਆ। ਪਹਿਲੇ ਸ਼ੂਟ-ਆਫ ਵਿੱਚ ਦੋਵਾਂ ਨੇ 2-2 ਸਹੀ ਨਿਸ਼ਾਨੇ ਲਗਾਏ, ਪਰ ਦੂਜੇ ਸ਼ੂਟ-ਆਫ ਵਿੱਚ ਮਨੂ ਤਿੰਨ ਸ਼ਾਟ ਖੁੰਝ ਗਈ ਅਤੇ ਵੀਅਤਨਾਮ ਨੇ ਸੋਨ ਤਗਮਾ ਜਿੱਤ ਲਿਆ।
ਜੂਨੀਅਰ ਵਰਗ 'ਚ ਨਾਮਿਆ ਕਪੂਰ ਨੇ ਗੱਡੇ ਝੰਡੇ
ਜੂਨੀਅਰ ਵਰਗ ਦੇ ਫਾਈਨਲ ਵਿੱਚ ਭਾਰਤ ਦੀ ਨਾਮਿਆ ਕਪੂਰ ਨੇ ਸ਼ਾਨਦਾਰ ਸੰਜਮ ਦਿਖਾਉਂਦਿਆਂ ਭਾਰਤ ਦੀ ਝੋਲੀ ਵਿੱਚ ਸੋਨ ਤਗਮਾ ਪਾਇਆ। ਵਿਸ਼ਵ ਚੈਂਪੀਅਨਸ਼ਿਪ ਵਿੱਚ ਤਗਮਾ ਜਿੱਤਣ ਵਾਲੀ ਸਭ ਤੋਂ ਘੱਟ ਉਮਰ ਦੀ ਭਾਰਤੀ ਨਿਸ਼ਾਨੇਬਾਜ਼ ਨਾਮਿਆ ਨੇ ਸ਼ੂਟ-ਆਫ ਵਿੱਚ ਇੰਡੋਨੇਸ਼ੀਆ ਦੀ ਖਿਡਾਰਨ ਨੂੰ ਮਾਤ ਦਿੱਤੀ। ਇਸੇ ਮੁਕਾਬਲੇ ਵਿੱਚ ਤਜਰਬੇਕਾਰ ਅੰਜਲੀ ਭਗਵਤ ਨੇ 24 ਅੰਕਾਂ ਨਾਲ ਕਾਂਸੀ ਦਾ ਤਗਮਾ ਹਾਸਲ ਕੀਤਾ। ਭਾਰਤੀ ਸੀਨੀਅਰ ਅਤੇ ਜੂਨੀਅਰ ਦੋਵਾਂ ਟੀਮਾਂ ਨੇ ਆਪਣੀਆਂ-ਆਪਣੀਆਂ ਸ਼੍ਰੇਣੀਆਂ ਵਿੱਚ ਟੀਮ ਸੋਨ ਤਗਮੇ ਵੀ ਜਿੱਤੇ।
ਭਾਰਤ ਦੇ ਤਗਮਿਆਂ ਦੀ ਗਿਣਤੀ 60 'ਤੇ ਪਹੁੰਚੀ
ਇਸ ਚੈਂਪੀਅਨਸ਼ਿਪ ਵਿੱਚ ਭਾਰਤੀ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤ ਦੇ ਕੁੱਲ ਤਗਮਿਆਂ ਦੀ ਗਿਣਤੀ 60 ਹੋ ਗਈ ਹੈ, ਜਿਸ ਵਿੱਚ 37 ਸੋਨੇ, 13 ਚਾਂਦੀ ਅਤੇ 10 ਕਾਂਸੀ ਦੇ ਤਗਮੇ ਸ਼ਾਮਲ ਹਨ।
T20i 'ਚ ਸੂਰਿਆ ਦੀ ਕਪਤਾਨੀ ਨੇ ਮੇਰਾ ਕੰਮ ਸੌਖਾ ਕਰ'ਤਾ : ਗੰਭੀਰ
NEXT STORY