ਅਹਿਮਦਾਬਾਦ (ਭਾਸ਼ਾ)- ਆਸਟ੍ਰੇਲੀਆਈ ਟੀਮ ਦੇ ਨਿਯਮਤ ਕਪਤਾਨ ਪੈਟ ਕਮਿੰਸ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਦਰਅਸਲ, ਪੈਟ ਦੀ ਮਾਂ ਮਾਰੀਆ ਕਮਿੰਸ ਦਾ ਵੀਰਵਾਰ ਰਾਤ ਨੂੰ ਸਿਡਨੀ ਵਿਚ ਦਿਹਾਂਤ ਹੋ ਗਿਆ। ਆਸਟ੍ਰੇਲੀਆਈ ਖ਼ਿਡਾਰੀ ਸ਼ੁੱਕਰਵਾਰ ਨੂੰ ਭਾਰਤ ਖ਼ਿਲਾਫ਼ ਚੌਥੇ ਅਤੇ ਆਖ਼ਰੀ ਕ੍ਰਿਕਟ ਟੈਸਟ ਦੇ ਦੂਜੇ ਦਿਨ ਕਪਤਾਨ ਪੈਟ ਕਮਿੰਸ ਦੀ ਮਾਂ ਮਾਰੀਆ ਨੂੰ ਸ਼ਰਧਾਂਜਲੀ ਦੇਣ ਲਈ ਬਾਂਹ 'ਤੇ ਕਾਲੀ ਪੱਟੀ ਬੰਨ੍ਹ ਕੇ ਖੇਡੇ। ਮਾਰੀਆ ਨੂੰ 2005 ਵਿਚ ਛਾਤੀ ਦੇ ਕੈਂਸਰ ਦਾ ਪਤਾ ਲੱਗਾ ਸੀ। ਉਹ ਪਿਛਲੇ ਕੁੱਝ ਹਫ਼ਤਿਆਂ ਤੋਂ ਇਸ ਬੀਮਾਰੀ ਨਾਲ ਜੂਝ ਰਹੀ ਸੀ, ਜੋ ਕੁੱਝ ਸਮਾਂ ਪਹਿਲਾਂ ਦੁਬਾਰਾ ਉਭਰ ਆਈ। ਉਨ੍ਹਾਂ ਦਾ ਵੀਰਵਾਰ ਰਾਤ ਨੂੰ ਆਪਣੀ ਰਿਹਾਇਸ਼ 'ਤੇ ਦਿਹਾਂਤ ਹੋ ਗਿਆ। ਆਸਟ੍ਰੇਲੀਆਈ ਖ਼ਿਡਾਰੀਆਂ ਨੂੰ ਇੱਥੇ ਆਖ਼ਰੀ ਟੈਸਟ ਦੇ ਦੂਜੇ ਦਿਨ ਦੀ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਕੋਚ ਐਂਡਰਿਊ ਮੈਕਡੋਨਲਡ ਤੋਂ ਇਹ ਦੁਖ਼ਦ ਖ਼ਬਰ ਮਿਲੀ। ਕ੍ਰਿਕਟ ਆਸਟ੍ਰੇਲੀਆ ਨੇ ਸ਼ੁੱਕਰਵਾਰ ਨੂੰ ਬਿਆਨ ਵਿਚ ਕਿਹਾ ਕਿ ਅਸੀਂ ਮਾਰੀਆ ਕਮਿੰਸ ਦੇ ਦਿਹਾਂਤ ਤੋਂ ਬਹੁਤ ਦੁਖ਼ੀ ਹਾਂ।
ਉਨ੍ਹਾਂ ਕਿਹਾ ਕਿ ਆਸਟ੍ਰੇਲੀਆਈ ਕ੍ਰਿਕਟ ਵੱਲੋਂ ਅਸੀਂ ਪੈਟ, ਕਮਿੰਸ ਪਰਿਵਾਰ ਅਤੇ ਉਨ੍ਹਾਂ ਦੇ ਦੋਸਤਾਂ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਾਂ। ਬਿਆਨ ਵਿਚ ਕਿਹਾ ਗਿਆ ਹੈ ਕਿ ਆਸਟ੍ਰੇਲੀਆਈ ਪੁਰਸ਼ ਟੀਮ ਸਨਮਾਨ ਦੇ ਤੌਰ 'ਤੇ ਅੱਜ ਬਾਂਹ 'ਤੇ ਕਾਲੀ ਪੱਟੀ ਬੰਨ੍ਹ ਕੇ ਖੇਡੇਗੀ। ਭਾਰਤ ਦੇ ਚਾਰ ਟੈਸਟ ਦੇ ਮੌਜੂਦਾ ਦੌਰੇ 'ਤੇ ਸ਼ੁਰੂਆਤੀ ਦੋ ਟੈਸਟ ਵਿਚ ਆਸਟ੍ਰੇਲੀਆ ਦੀ ਅਗਵਾਈ ਕਰਨ ਵਾਲੇ ਕਮਿੰਸ ਆਪਣੀ ਮਾਂ ਦੀ ਸਿਹਤ ਖ਼ਰਾਬ ਹੋਣ ਕਾਰਨ ਸਿਡਨੀ ਪਰਤ ਗਏ ਸਨ। ਉਨ੍ਹਾਂ ਦੀ ਗੈਰ-ਮੌਜੂਦਗੀ ਵਿਚ ਸਟੀਵ ਸਮਿਥ ਨੇ ਇੰਦੌਰ ਟੈਸਟ ਵਿਚ ਆਸਟ੍ਰੇਲੀਆ ਦੀ ਕਪਤਾਨੀ ਕੀਤੀ ਅਤੇ ਮਹਿਮਾਨ ਟੀਮ ਨੇ ਇਹ ਟੈਸਟ 9 ਵਿਕਟਾਂ ਨਾਲ ਜਿੱਤਿਆ।
ਏਕਤਾ ਨੇ ਵਿਸ਼ਵ ਚੈਂਪੀਅਨਸ਼ਿਪ ਲਈ ਕੀਤਾ ਕੁਆਲੀਫਾਈ, ਦੁਬਈ ਗ੍ਰਾਂ ਪ੍ਰੀ 'ਚ ਚਮਕੇ ਭਾਰਤੀ ਪੈਰਾ ਐਥਲੀਟ
NEXT STORY