ਪੁਣੇ- ਅਜਿੰਕਯਾ ਰਹਾਨੇ ਦੀਆਂ ਅਜੇਤੂ 72 ਦੌੜਾਂ ਅਤੇ ਸਰਫਰਾਜ਼ ਖਾਨ ਦੀਆਂ 22 ਗੇਂਦਾਂ ’ਚ 73 ਦੌੜਾਂ ਦੀ ਮਦਦ ਨਾਲ ਮੁੰਬਈ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਸੁਪਰ ਲੀਗ ਗਰੁੱਪ ਬੀ ਦੇ ਮੈਚ ’ਚ ਰਾਜਸਥਾਨ ਨੂੰ 3 ਵਿਕਟਾਂ ਨਾਲ ਹਰਾਇਆ। ਰਹਾਨੇ ਨੇ 41 ਗੇਂਦਾਂ ’ਚ 7 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 72 ਦੌੜਾਂ ਬਣਾਈਆਂ ਪਰ ਸਰਫਰਾਜ਼ ਨੇ 22 ਗੇਂਦਾਂ ’ਚ 73 ਦੌੜਾਂ ਦੀ ਪਾਰੀ ’ਚ 7 ਛੱਕੇ ਅਤੇ 6 ਚੌਕੇ ਜੜੇ। ਜਿੱਤ ਲਈ 217 ਦੌੜਾਂ ਦੇ ਟੀਚੇ ਦੇ ਜਵਾਬ ’ਚ ਮੁੰਬਈ ਨੇ ਵਿਕਟ ਗੁਆਉਣ ਦੇ ਬਾਵਜੂਦ ਦੌੜਾਂ ਦੀ ਸਪੀਡ ਬਣਾ ਕੇ ਰੱਖੀ ਅਤੇ 11 ਗੇਂਦਾਂ ਬਾਕੀ ਰਹਿੰਦੇ ਟੀਚਾ ਹਾਸਲ ਕਰ ਲਿਆ।
ਰਹਾਨੇ ਅਤੇ ਸਰਫਰਾਜ਼ ਨੇ ਦੂਸਰੀ ਵਿਕਟ ਲਈ 39 ਗੇਂਦਾਂ ’ਚ 111 ਦੌੜਾਂ ਜੋੜੀਆਂ। ਸਰਫਰਾਜ਼ ਨੂੰ ਮਾਨਵ ਸੁਤਾਰ ਨੇ ਆਊਟ ਕੀਤਾ, ਜਿਸ ਨੇ 4 ਓਵਰਾਂ ’ਚ 23 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਅੰਗਕ੍ਰਿਸ਼ ਰਘੁਵੰਸ਼ੀ (0), ਸਾਈਰਾਜ ਪਾਟਿਲ (4), ਸੂਰਿਯਾਂਸ਼ ਸ਼ੇਡਗੇ (10) ਅਤੇ ਕਪਤਾਨ ਸ਼ਾਰਦੁਲ ਠਾਕੁਰ (2) ਦੇ ਸਸਤੇ ’ਚ ਆਊਟ ਹੋਣ ਦੇ ਬਾਵਜੂਦ ਰਹਾਨੇ ਨੂੰ ਅਥਰਵ ਅੰਕੋਲੇਕਰ ਕੋਲੋਂ ਸਹਿਯੋਗ ਮਿਲਿਆ।
8ਵੇਂ ਨੰਬਰ ’ਤੇ ਆਏ ਅੰਕੋਲੇਕਰ ਨੇ 9 ਗੇਂਦਾਂ ’ਚ 26 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਰਾਜਸਥਾਨ ਨੇ ਦੀਪਕ ਹੁੱਡਾ (31 ਗੇਂਦਾਂ ’ਚ 51 ਦੌੜਾਂ) ਅਤੇ ਮੁਕੁਲ ਚੌਧਰੀ (28 ਗੇਂਦਾਂ ’ਚ ਅਜੇਤੂ 54 ਦੌੜਾਂ) ਦੀਆਂ ਪਾਰੀਆਂ ਦੇ ਦਮ ’ਤੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 4 ਵਿਕਟਾਂ ’ਤੇ 216 ਦੌੜਾਂ ਬਣਾਈਆਂ।
Year Ender 2025: ਇਹ ਹਨ ਸਾਲ 'ਚ ਸਭ ਤੋਂ ਵੱਧ ਵਨਡੇ ਦੌੜਾਂ ਬਣਾਉਣ ਵਾਲੇ ਟਾਪ-5 ਭਾਰਤੀ ਬੱਲੇਬਾਜ਼
NEXT STORY