ਸਪੋਰਟਸ ਡੈਸਕ- ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਕ੍ਰਿਕਟ ਵਿਵਾਦ ਹੁਣ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਬੰਗਲਾਦੇਸ਼ ਵਿੱਚ ਹਿੰਦੂ ਨਾਗਰਿਕਾਂ ਦੇ ਕਤਲ ਦੇ ਵਿਰੋਧ ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਸੀ, ਜਿਸ ਤੋਂ ਬਾਅਦ ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਤੇਜ਼ ਗੇਂਦਬਾਜ਼ ਮੁਸਤਫੀਜ਼ੁਰ ਰਹਿਮਾਨ ਨੂੰ ਆਪਣੀ ਟੀਮ ਤੋਂ ਰਿਲੀਜ਼ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਕ੍ਰਿਕਟ ਬੋਰਡਾਂ ਵਿਚਾਲੇ ਰਿਸ਼ਤੇ ਕਾਫੀ ਤਣਾਅਪੂਰਨ ਹੋ ਗਏ ਹਨ।
ਮੁਸਤਫੀਜ਼ੁਰ ਦੀ ਆਈ.ਪੀ.ਐੱਲ. ਵਾਪਸੀ ਮਹਿਜ਼ ਅਫਵਾਹ
ਹਾਲ ਹੀ ਵਿੱਚ ਬੰਗਲਾਦੇਸ਼ੀ ਮੀਡੀਆ ਵਿੱਚ ਇਹ ਖ਼ਬਰਾਂ ਚੱਲ ਰਹੀਆਂ ਸਨ ਕਿ ਸਬੰਧਾਂ ਵਿੱਚ ਨਰਮੀ ਲਿਆਉਣ ਲਈ ਬੀ.ਸੀ.ਸੀ.ਆਈ. ਨੇ ਮੁਸਤਫੀਜ਼ੁਰ ਨੂੰ ਦੁਬਾਰਾ ਆਈ.ਪੀ.ਐੱਲ. ਵਿੱਚ ਸ਼ਾਮਲ ਹੋਣ ਦਾ ਪ੍ਰਸਤਾਵ ਦਿੱਤਾ ਹੈ। ਹਾਲਾਂਕਿ, ਬੀ.ਸੀ.ਬੀ. ਦੇ ਪ੍ਰਧਾਨ ਅਮੀਨੁਲ ਇਸਲਾਮ ਬੁਲਬੁਲ ਨੇ ਇਨ੍ਹਾਂ ਰਿਪੋਰਟਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮੁਸਤਫੀਜ਼ੁਰ ਦੀ ਵਾਪਸੀ ਨੂੰ ਲੈ ਕੇ ਬੀ.ਸੀ.ਸੀ.ਆਈ. ਨਾਲ ਕੋਈ ਲਿਖਤੀ ਜਾਂ ਜ਼ਬਾਨੀ ਗੱਲਬਾਜ਼ੀ ਨਹੀਂ ਹੋਈ ਹੈ ਅਤੇ ਇਹ ਖ਼ਬਰਾਂ ਬਿਲਕੁਲ ਗਲਤ ਹਨ।
ਵਿਸ਼ਵ ਕੱਪ ਮੈਚਾਂ ਨੂੰ ਸ੍ਰੀਲੰਕਾ ਤਬਦੀਲ ਕਰਨ ਦੀ ਮੰਗ
ਮੁਸਤਫੀਜ਼ੁਰ ਵਿਵਾਦ ਤੋਂ ਤੁਰੰਤ ਬਾਅਦ ਬੰਗਲਾਦੇਸ਼ ਕ੍ਰਿਕਟ ਬੋਰਡ (BCB) ਨੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੂੰ ਇੱਕ ਰਸਮੀ ਪੱਤਰ ਲਿਖ ਕੇ ਵੱਡਾ ਐਲਾਨ ਕੀਤਾ ਹੈ। ਬੀ.ਸੀ.ਬੀ. ਨੇ ਕਿਹਾ ਹੈ ਕਿ ਉਹ ਆਪਣੀ ਟੀਮ ਦੇ ਟੀ-20 ਵਿਸ਼ਵ ਕੱਪ 2026 ਦੇ ਮੈਚ ਭਾਰਤ ਵਿੱਚ ਨਹੀਂ ਖੇਡਣਾ ਚਾਹੁੰਦੇ। ਦੱਸ ਦੇਈਏ ਕਿ ਬੰਗਲਾਦੇਸ਼ ਦੇ ਚਾਰ ਮੈਚ (ਤਿੰਨ ਕੋਲਕਾਤਾ ਅਤੇ ਇੱਕ ਮੁੰਬਈ) ਭਾਰਤ ਵਿੱਚ ਹੋਣੇ ਤੈਅ ਹਨ। ਬੰਗਲਾਦੇਸ਼ ਨੇ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਇਨ੍ਹਾਂ ਮੈਚਾਂ ਨੂੰ ਸ੍ਰੀਲੰਕਾ ਤਬਦੀਲ ਕਰਨ ਦੀ ਮੰਗ ਕੀਤੀ ਹੈ।
ਖਿਡਾਰੀਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ
ਬੀ.ਸੀ.ਬੀ. ਨੇ 8 ਜਨਵਰੀ ਨੂੰ ਆਈ.ਸੀ.ਸੀ. ਨੂੰ ਇੱਕ ਹੋਰ ਵਿਸਤ੍ਰਿਤ ਪੱਤਰ ਭੇਜਿਆ ਹੈ, ਜਿਸ ਵਿੱਚ ਭਾਰਤ ਵਿੱਚ ਸੰਭਾਵੀ ਸੁਰੱਖਿਆ ਜੋਖਮਾਂ ਅਤੇ ਟੀਮ ਪ੍ਰਬੰਧਨ ਨਾਲ ਜੁੜੇ ਖ਼ਤਰਿਆਂ ਦਾ ਵੇਰਵਾ ਦਿੱਤਾ ਗਿਆ ਹੈ। ਬੋਰਡ ਦਾ ਕਹਿਣਾ ਹੈ ਕਿ ਉਹ ਖਿਡਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕਰਨਗੇ। ਦੂਜੇ ਪਾਸੇ, ਆਈ.ਪੀ.ਐੱਲ. ਤੋਂ ਬਾਹਰ ਕੀਤੇ ਗਏ ਮੁਸਤਫੀਜ਼ੁਰ ਹੁਣ ਪਾਕਿਸਤਾਨ ਸੁਪਰ ਲੀਗ (PSL) ਵਿੱਚ ਨਜ਼ਰ ਆ ਸਕਦੇ ਹਨ। ਫਿਲਹਾਲ ਆਈ.ਸੀ.ਸੀ. ਨੇ ਬੰਗਲਾਦੇਸ਼ ਦੀ ਮੰਗ 'ਤੇ ਕੋਈ ਅਧਿਕਾਰਤ ਫੈਸਲਾ ਨਹੀਂ ਲਿਆ ਹੈ।
0,0,0,0,0,0…! ਗੇਂਦਬਾਜ਼ ਨੇ ਸੁੱਟਿਆ 'ਜਾਦੂਈ ਓਵਰ', ਟੀਮ ਨੂੰ ਜਿਤਾ'ਤਾ ਹਾਰਿਆ ਹੋਇਆ ਮੈਚ
NEXT STORY