ਮੈਡ੍ਰਿਡ- ਰਾਫੇਲ ਨਡਾਲ ਤੇ ਨੋਵਾਕ ਜੋਕੋਵਿਚ ਨੇ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਕਾਰਨ ਇਸ ਸਾਲ ਵਿੰਬਲਡਨ ਟੈਨਿਸ ਟੂਰਨਾਮੈਂਟ 'ਚ ਰੂਸ ਤੇ ਬੇਲਾਰੂਸ ਦੇ ਖਿਡਾਰੀਆਂ ਨੂੰ ਖੇਡਣ ਤੋਂ ਰੋਕਣ ਦੇ ਫ਼ੈਸਲੇ ਦੀ ਆਲੋਚਨਾ ਕੀਤੀ ਹੈ। ਟੈਨਿਸ ਦੇ ਇਨ੍ਹਾਂ ਦੋਵੇਂ ਧਾਕੜ ਖਿਡਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਵਿੰਬਲਡਨ ਨੇ ਗ਼ਲਤ ਫ਼ੈਸਲਾ ਕੀਤਾ ਹੈ। ਨਡਾਲ ਤੇ ਜੋਕੋਵਿਚ ਦੋਵੇਂ ਮੈਡ੍ਰਿਡ ਓਪਨ 'ਚ ਖੇਡਣ ਦੀਆਂ ਤਿਆਰੀਆਂ ਕਰ ਰਹੇ ਹਨ।
ਰਿਕਾਰਡ 21 ਵਾਰ ਦੇ ਗ੍ਰੈਂਡ ਸਲੈਮ ਜੇਤੂ ਨਡਾਲ ਨੇ ਕਿਹਾ, 'ਮੈਨੂੰ ਲਗਦਾ ਹੈ ਕਿ ਇਹ ਰੂਸ ਦੇ ਮੇਰੇ ਟੈਨਿਸ ਸਾਥੀਆਂ ਦੇ ਨਾਲ ਬਹੁਤ ਗ਼ਲਤ ਹੋ ਰਿਹਾ ਹੈ। ਜੰਗ 'ਚ ਅਜੇ ਜੋ ਕੁਝ ਹੋ ਰਿਹਾ ਹੈ, ਉਹ ਉਨ੍ਹਾਂ ਦੀ ਗ਼ਲਤੀ ਨਹੀਂ ਹੈ।' ਉਨ੍ਹਾਂ ਨੇ ਕਿਹਾ, 'ਮੈਨੂੰ ਉਨ੍ਹਾਂ ਲਈ ਅਫ਼ਸੋਸ ਹੈ। ਵਿੰਬਲਡਨ ਨੇ ਖ਼ੁਦ ਹੀ ਆਪਣਾ ਫ਼ੈਸਲਾ ਲਿਆ। ਸਰਕਾਰ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜਬੂਰ ਨਹੀਂ ਕੀਤਾ। ਦੇਖਦੇ ਹਾਂ ਕਿ ਅਗਲੇ ਕੁਝ ਹਫ਼ਤਿਆਂ 'ਚ ਕੀ ਹੁੰਦਾ ਹੈ। ਕੀ ਖਿਡਾਰੀ ਇਸ ਸਬੰਧ 'ਚ ਕਿਸੇ ਤਰ੍ਹਾਂ ਦਾ ਫ਼ੈਸਲਾ ਕਰਦੇ ਹਨ।'
ਏ. ਟੀ. ਪੀ. ਤੇ ਡਬਲਯੂ. ਟੀ. ਏ. ਟੈਨਿਸ ਟੂਰ ਨੇ ਵੀ ਆਲ ਇੰਗਲੈਂਡ ਕਲੱਬ ਦੇ ਫ਼ੈਸਲੇ ਦੀ ਆਲੋਚਨਾ ਕੀਤੀ ਹੈ। ਯੂ. ਐੱਸ. ਓਪਨ ਚੈਂਪੀਅਨ ਦਾਨਿਲ ਮੇਦਵੇਦੇਵ, ਆਂਦਰੇ ਰੂਬਲੇਵ ਤੇ ਫ੍ਰੈਂਚ ਓਪਨ ਉਪ ਜੇਤੂ ਅਨਾਸਤਾਸੀਆ ਪਾਵਲੁਚੇਨਕੋਵਾ ਉਨ੍ਹਾਂ ਖਿਡਾਰੀਆਂ 'ਚ ਸ਼ਾਮਲ ਹਨ ਜੋ ਵਿੰਬਲਡਨ 'ਚ ਹਿੱਸਾ ਨਹੀਂ ਲੈਣਗੇ। ਇਹ ਸਾਰੇ ਖਿਡਾਰੀ ਰੂਸ ਦੇ ਹਨ। ਇਸ ਤੋਂ ਇਲਾਵਾ ਬੇਲਾਰੂਸ ਦੀ ਵਿਕਟੋਰੀਆ ਅਜ਼ਾਰੇਂਕਾ ਵੀ ਵਿੰਬਲਡਨ 'ਚ ਹਿੱਸਾ ਨਹੀਂ ਲੈ ਸਕੇਗੀ। ਬੇਲਾਰੂਸ ਨੇ ਯੂਕ੍ਰੇਨ 'ਤੇ ਰੂਸੀ ਹਮਲੇ ਦਾ ਸਮਰਥਨ ਕੀਤਾ ਹੈ।
ਜੋਕੋਵਿਚ ਨੇ ਇਨ੍ਹਾਂ ਖਿਡਾਰੀਆਂ ਦੀ ਤੁਲਨਾ ਜਨਵਰੀ 'ਚ ਉਸ ਸਥਿਤੀ ਨਾਲ ਕੀਤੀ ਜਦੋਂ ਉਹ ਆਸਟਰੇਲੀਆਈ ਓਪਨ 'ਚ ਹਿੱਸਾ ਨਹੀਂ ਲੈ ਸਕੇ ਸਨ। ਕੋਵਿਡ-19 ਦਾ ਟੀਕਾ ਨਹੀਂ ਲਗਵਾਉਣ ਕਾਰਨ ਉਦੋਂ ਉਨ੍ਹਾਂ ਨੂੰ ਆਸਟਰੇਲੀਆ ਤੋਂ ਬਾਹਰ ਕਰ ਦਿੱਤਾ ਗਿਆ ਸੀ। ਜੋਕੋਵਿਚ ਨੇ ਕਿਹਾ, 'ਇਹ ਅਲਗ ਮਾਮਲਾ ਹੈ ਪਰ ਇਸ ਸਾਲ ਦੇ ਸ਼ੁਰੂ 'ਚ ਮੈਂ ਵੀ ਇਸੇ ਤਰ੍ਹਾਂ ਦੀ ਸਥਿਤੀ ਤੋਂ ਗਜ਼ਰਿਆ ਸੀ। ਇਹ ਜਾਣ ਕੇ ਨਿਰਾਸ਼ਾ ਹੁੰਦਾ ਹੈ ਕਿ ਤੁਸੀਂ ਕਿਸੇ ਟੂਰਨਾਮੈਂਟ 'ਚ ਨਹੀਂ ਖੇਡ ਸਕੋਗੇ।' ਉਨ੍ਹਾਂ ਕਿਹਾ, 'ਮੇਰੀ ਰਾਏ ਸਪੱਸ਼ਟ ਹੈ ਤੇ ਮੈਂ ਉਸ 'ਤੇ ਕਾਇਮ ਹਾਂ ਕਿ ਮੈਂ ਵਿੰਬਲਡਨ ਦੇ ਫ਼ੈਸਲੇ ਦਾ ਸਮਰਥਨ ਨਹੀਂ ਕਰਦਾ। ਮੈਨੂੰ ਲਗਦਾ ਹੈ ਕਿ ਇਹ ਇਹ ਸਹੀ ਨਹੀਂ ਹੈ।'
KKR v RR : ਸੰਜੂ ਦਾ ਅਰਧ ਸੈਂਕੜਾ, ਰਾਜਸਥਾਨ ਨੇ ਕੋਲਕਾਤਾ ਨੂੰ ਦਿੱਤਾ 153 ਦੌੜਾਂ ਦਾ ਟੀਚਾ
NEXT STORY