ਨਵੀਂ ਦਿੱਲੀ- ਚੇਨਈ ’ਚ ਹੋਣ ਵਾਲੇ ਦੂਜੇ ਟੈਸਟ ’ਚ ਭਾਰਤ ਦੀ ਅੰਤਿਮ ਇਲੈਵਨ ’ਚ ਘੱਟੋ-ਘੱਟ ਇਕ ਬਦਲਾਅ ਹੋਵੇਗਾ ਕਿਉਂਕਿ ਇੰਗਲੈਂਡ ਖਿਲਾਫ ਪਹਿਲੇ ਟੈਸਟ ’ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਝਾਰਖੰਡ ਦੇ ਖੱਬੇ ਹੱਥ ਦੇ ਸਪਿਨਰ ਸ਼ਾਹਬਾਜ ਨਦੀਮ ਦਾ ਬਾਹਰ ਹੋਣਾ ਤੈਅ ਹੈ। ਨਦੀਮ ਦੇ ਬਦਲ ’ਤੇ ਫੈਸਲਾ ਸ਼ੁੱਕਰਵਾਰ ਤੱਕ ਕੀਤਾ ਜਾਵੇਗਾ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਫਿੱਟ ਹੋ ਚੁਕਾ ਆਲਰਾਊਂਡਰ ਅਕਸ਼ਰ ਪਟੇਲ ਉਸ ਦੀ ਜਗ੍ਹਾ ਲਵੇਗਾ। ਮੰਗਲਵਾਰ ਨੂੰ ਖਤਮ ਹੋਏ ਪਹਿਲੇ ਟੈਸਟ ’ਚ ਭਾਰਤ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਇਕ ਸੂਤਰ ਨੇ ਕਿਹਾ ਕਿ ਅਕਸ਼ਰ ਦੇ ਗੋਡੇ ’ਤੇ ਮਾਮੂਲੀ ਸੱਟ ਲੱਗੀ ਸੀ ਅਤੇ ਉਹ ਪਹਿਲਾਂ ਹੀ ਨੈੱਟ ’ਤੇ ਬੱਲੇਬਾਜ਼ੀ ਸ਼ੁਰੂ ਕਰ ਚੁਕਾ ਹੈ। ਅਗਲੇ ਕੁੱਝ ਦਿਨਾਂ ’ਚ ਉਸ ਦੇ ਗੇਂਦਬਾਜ਼ੀ ਵੀ ਸ਼ੁਰੂ ਕਰਨ ਦੀ ਉਮੀਦ ਹੈ।
ਕੋਹਲੀ ਨੇ ਮੈਚ ਤੋਂ ਬਾਅਦ ਨਦੀਮ ਦੇ ਪ੍ਰਦਰਸ਼ਨ ਨੂੰ ਲੈ ਕੇ ਆਪਣੀ ਨਿਰਾਸ਼ਾ ਨਹੀਂ ਲੁਕਾਈ ਅਤੇ ਮੈਚ ਤੋਂ ਬਾਅਦ ਪੁਰਸਕਾਰ ਵੰਡ ਸਮਾਰੋਹ ਦੌਰਾਨ ਕਿਹਾ ਕਿ ਜਸਪ੍ਰੀਤ ਬੁਮਰਾਹ, ਇਸ਼ਾਂਤ ਸ਼ਰਮਾ ਅਤੇ ਰਵੀਚੰਦਰਨ ਅਸ਼ਵਿਨ ਨੇ ਜੋ ਦਬਾਅ ਬਣਾਇਆ ਉਸ ਨੂੰ ਨਦੀਮ ਅਤੇ ਵਾਸ਼ਿੰਗਟਨ ਸੁੰਦਰ ਬਰਕਰਾਰ ਨਹੀਂ ਰੱਖ ਸਕਿਆ। ਨਦੀਮ ਨੇ ਮੈਚ ’ਚ 4 ਵਿਕਟਾਂ ਲਈਆਂ ਪਰ ਦੋਨੋਂ ਪਾਰੀਆਂ ’ਚ 59 ਓਵਰ ’ਚ 233 ਦੌੜਾਂ ਖਰਚ ਕੀਤੀਆਂ। ਇਨਾ ਹੀ ਨਹੀਂ, ਸਪਿਨਰ ਹੋਣ ਦੇ ਬਾਵਜੂਦ ਉਸ ਨੇ ਮੈਚ ’ਚ 9 ਨੌਬਾਲਾਂ ਵੀ ਸੁੱਟੀਆਂ।
ਵਾਸ਼ਿੰਗਟਨ ਸੁੰਦਰ ਨੇ ਪਹਿਲੀ ਪਾਰੀ ’ਚ 26 ਓਵਰ ’ਚ 98 ਦੌੜਾਂ ਦਿੱਤੀਆਂ ਜਦਕਿ ਦੂਜੀ ਪਾਰੀ ’ਚ ਉਸ ਨੂੰ ਸਿਰਫ 1 ਓਵਰ ਸੁੱਟਣ ਨੂੰ ਮਿਲਿਆ। ਹਾਲਾਂਕਿ ਉਸ ਨੇ ਪਹਿਲੀ ਪਾਰੀ ’ਚ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਨਾਲ ਉਸ ਨੂੰ ਅੰਤਿਮ ਇਲੈਵਨ ’ਚ ਇਕ ਵਾਰ ਫਿਰ ਮੌਕਾ ਦਿੱਤੇ ਜਾਣ ਦੀ ਸੰਭਾਵਨਾ ਹੈ। ਭਾਰਤੀ ਪ੍ਰਸ਼ੰਸਕਾਂ ਲਈ ਚੰਗੀ ਖਬਰ ਇਹ ਹੈ ਕਿ ਭਾਰਤ ਦੀ ਦੂਜੀ ਪਾਰੀ ਦੌਰਾਨ ਜੋਫਰਾ ਆਰਚਰ ਦੀ ਗੇਂਦ ਲੱਗਣ ਦੇ ਬਾਵਜੂਦ ਅਸ਼ਵਿਨ ਠੀਕ ਹੈ। ਪਹਿਲੇ ਟੈਸਟ ’ਚ ਭਾਰਤ ਲਈ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਗੇਂਦਬਾਜ਼ ਅਸ਼ਵਿਨ ਨੂੰ ਅਹਿਤਿਆਤਨ ਸਕੈਨ ਲਈ ਲਿਜਾਣ ਦੀ ਜ਼ਰੂਰਤ ਨਹੀਂ ਪਈ ਜੋ ਕੋਹਲੀ ਲਈ ਰਾਹਤ ਭਰੀ ਖਬਰ ਹੈ, ਜਿਸ ਨੂੰ ਸ਼ਨੀਵਾਰ ਤੋਂ ਸ਼ੁਰੂ ਹੋ ਰਹੇ ਅਗਲੇ ਟੈਸਟ ’ਚ ਵਧੀਆ ਪਿੱਚ ਦੀ ਉਮੀਦ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਜੋਕੋਵਿਚ, ਹਾਲੇਪ, ਓਸਾਕਾ ਤੇ ਸਰੇਨਾ ਆਸਟ੍ਰੇਲੀਅਨ ਓਪਨ ਦੇ ਤੀਜੇ ਦੌਰ ’ਚ
NEXT STORY