ਮੈਲਬੌਰਨ- ਵਿਸ਼ਵ ਦੇ ਨੰਬਰ 1 ਖਿਡਾਰੀ ਅਤੇ 8 ਵਾਰ ਦੇ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ, ਦੂਸਰੀ ਸੀਡ ਰੋਮਾਨੀਆ ਦੀ ਸਿਮੋਨਾ ਹਾਲੇਪ, ਯੂ. ਐੈੱਸ. ਓਪਨ ਚੈਂਪੀਅਨ ਜਾਪਾਨ ਦੀ ਨਾਓਮੀ ਓਸਾਕਾ ਅਤੇ 23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਅਮਰੀਕਾ ਦੀ ਸਰੇਨਾ ਵਿਲੀਅਮਸ ਨੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਦੌਰ ’ਚ ਜਗ੍ਹਾ ਬਣਾ ਲਈ। ਚੌਟੀ ਦਾ ਦਰਜਾ ਪ੍ਰਾਪਤ ਅਤੇ 9ਵੇਂ ਖਿਤਾਬ ਦੀ ਭਾਲ ’ਚ ਲੱਗੇ ਜੋਕੋਵਿਚ ਨੇ ਅਮਰੀਕਾ ਦੇ ਫ੍ਰਾਂਸਿਸ ਤਿਯਾਫੋ ਨੂੰ 6-3, 6-7 (3), 7-6 (2), 6-3 ਨਾਲ ਹਰਾ ਕੇ ਤੀਜੇ ਦੌਰ ’ਚ ਸਥਾਨ ਬਣਾਇਆ।
ਮਹਿਲਾ ਵਰਗ ’ਚ ਵਿਸ਼ਵ ਦੀ ਦੂਜੇ ਨੰਬਰ ਦੀ ਖਿਡਾਰਨ ਰੋਮਾਨੀਆ ਦੀ ਹਾਲੇਪ ਨੂੰ ਵੀ ਆਪੇ ਦੂਜੇ ਦੌਰ ਦਾ ਮੈਚ ਜਿੱਤਣ ਲਈ ਸੰਘਰਸ਼ ਕਰਨਾ ਪਿਆ। ਹਾਲੇਪ ਨੇ ਸਥਾਨਕ ਖਿਡਾਰੀ ਐਜਲਾ ਟਾਮਲਿਯਾਨੋਵਿਚ ਖਿਲਾਫ ਮੁਕਾਬਲੇ ’ਚ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ 4-6, 6-4, 7-5 ਨਾਲ ਜਿੱਤ ਹਾਸਲ ਕੀਤੀ। ਟਾਮਲਿਯੋਨੋਵਿਚ ਨੇ ਫੈਸਲਾਕੁੰਨ ਸੈੱਟ ’ਚ 5-2 ਦੀ ਬੜ੍ਹਤ ਬਣਾ ਲਈ ਸੀ ਪਰ ਹਾਲੇਪ ਨੇ ਇਸ ਤੋਂ ਬਾਅਦ ਅਗਲੇ 5 ਸੈੱਟ ਲਗਾਤਾਰ ਜਿੱਤੇ ਅਤੇ ਮੈਚ ਆਪਣੇ ਨਾਂ ਕਰ ਲਿਆ।
ਤੀਜਾ ਦਰਜਾ ਪ੍ਰਾਪਤ ਓਸਾਕਾ ਨੇ ਫ੍ਰਾਂਸ ਦੀ ਕੈਰੋਲਿਨ ਗਾਰਸੀਆ ਨੂੰ ਆਸਾਨੀ ਨਾਲ 61 ਮਿੰਟ ’ਚ 6-2, 6-3 ਨਾਲ ਹਰਾ ਕੇ ਤੀਜੇ ਦੌਰ ’ਚ ਜਗਾ ਬਣਾਈ। 24ਵੇਂ ਗ੍ਰੈਂਡ ਸਲੈਮ ਖਿਤਾਬ ਦੀ ਭਾਲ ’ਚ ਲੱਗੀ ਅਮਰੀਕਾ ਦੀ ਲੀਜ਼ੈਂਡ ਖਿਡਾਰਨ ਸਰੇਨਾ ਨੇ ਸਰਬੀਆ ਦੀ ਨੀਨਾ ਸਤੋਜਾਨੋਵਿਚ ਨੂੰ ਸਿਰਫ 69 ਮਿੰਟ ’ਚ 6-3, 6-0 ਨਾਲ ਹਰਾ ਦਿੱਤਾ ਅਤੇ ਤੀਜੇ ਦੌਰ ’ਚ ਪ੍ਰਵੇਸ਼ ਕਰ ਲਿਆ।
ਸਰੇਨਾ ਤਾਂ ਤੀਜੇ ਦੌਰ ’ਚ ਪਹੁੰਚ ਗਈ ਪਰ ਉਸ ਦੀ ਵੱਡੀ ਭੈਣ ਵੀਨਸ ਨੂੰ ਦੂਜੇ ਦੌਰ ’ਚ ਕੁਆਲੀਫਾਇਰ ਖਿਡਾਰੀ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। 9ਵੀਂ ਸੀਡ ਚੈੱਕ ਗਣਰਾਜ ਦੀ ਪੇਤਰਾ ਕਿਤੋਵਾ ਨੇ 3 ਸੈੱਟਾਂ ’ਚ ਜਿੱਤ ਹਾਸਲ ਕਰ ਕੇ ਤੀਜੇ ਦੌਰ ’ਚ ਸਥਾਨ ਬਣਾ ਲਿਆ ਹੈ। ਪੁਰਸ਼ਾਂ ’ਚ ਤੀਜੀ ਸੀਡ ਆਸਟ੍ਰੀਆ ਦੇ ਡੋਮਿਨਿਕ ਥੀਏਮ ਨੇ ਜਰਮਨੀ ਦੇ ਡੋਮਿਨਿਕ ਕੋਪਫੇਰ ਨੂੰ 6-4, 6-0, 6-2 ਨਾਲ ਹਰਾਇਆ ਜਦਕਿ 17ਵੀਂ ਸੀਡ ਸਵਿਟਜ਼ਰਲੈਂਡ ਦੇ ਸਟੇਨਿਸਲਾਸ ਵਾਵਰਿੰਕਾ ਨੂੰ ਦੂਜੇ ਦੌਰ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਵਾਵਰਿੰਕਾ ਨੂੰ ਹੰਗਰੀ ਦੇ ਮਾਰਟਨ ਫੁਕਸੋਵਿਕਸ ਨੇ 7-5, 6-1, 4-6, 2-6, 7-6 (11) ਨਾਲ ਹਰਾ ਕੇ ਤੀਜੇ ਦੌਰ ’ਚ ਸਥਾਨ ਬਣਾਇਆ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਓਪੇਰਾ ਯੂਰੋ ਰੈਪਿਡ ਕੁਆਰਟਰ ਫਾਈਨਲ : ਕਾਰਲਸਨ ਦੀ ਇਕਤਰਫਾ ਜਿੱਤ
NEXT STORY