ਕ੍ਰਾਈਸਟਚਰਚ : ਭਾਰਤ ਦੇ ਟੀ-20 ਕਪਤਾਨ ਸ਼੍ਰੇਅਸ ਅਈਅਰ ਨੇ ਬੁੱਧਵਾਰ ਨੂੰ ਕਿਹਾ ਕਿ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਲਈ ਹਾਲੇ ਅੰਤਿਮ ਗਿਆਰ੍ਹਾਂ (ਪਲੇਇੰਗ-11) ਵਿੱਚ ਜਗ੍ਹਾ ਬਣਾਉਣਾ ਆਸਾਨ ਨਹੀਂ ਹੋਵੇਗਾ, ਕਿਉਂਕਿ ਸਲਾਮੀ ਬੱਲੇਬਾਜ਼ਾਂ ਵਜੋਂ ਅਭਿਸ਼ੇਕ ਸ਼ਰਮਾ ਅਤੇ ਸੰਜੂ ਸੈਮਸਨ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਹਾਲਾਂਕਿ ਇਹ ਵੀ ਸਪੱਸ਼ਟ ਕੀਤਾ ਕਿ ਇਸ ਕਿਸ਼ੋਰ ਬੱਲੇਬਾਜ਼ ਨੂੰ ਸਹੀ ਸਮੇਂ 'ਤੇ ਉਚਿਤ ਮੌਕੇ ਜ਼ਰੂਰ ਮਿਲਣਗੇ। ਸੂਰਿਆਵੰਸ਼ੀ ਨੂੰ ਇਸੇ ਸਾਲ ਦੇ ਸ਼ੁਰੂ ਵਿੱਚ ਇੰਗਲੈਂਡ ਅਤੇ ਆਇਰਲੈਂਡ ਦੌਰੇ ਲਈ ਟੀਮ ਵਿੱਚ ਚੁਣਿਆ ਗਿਆ ਸੀ, ਪਰ ਉਸ ਤੋਂ ਬਾਅਦ ਭਾਰਤ ਵਲੋਂ ਖੇਡੇ ਗਏ 21 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚੋਂ ਉਹ ਮਹਿਜ਼ 8 ਮੈਚਾਂ ਵਿੱਚ ਹੀ ਹਿੱਸਾ ਲੈ ਸਕਿਆ ਹੈ, ਕਿਉਂਕਿ ਨਿਯਮਤ ਓਪਨਰ ਅਭਿਸ਼ੇਕ ਅਤੇ ਸੈਮਸਨ ਲਗਾਤਾਰ ਬਿਹਤਰੀਨ ਫਾਰਮ ਵਿੱਚ ਹਨ। ਇਨ੍ਹਾਂ ਦੋਵਾਂ ਨੇ ਇਸੇ ਸਾਲ ਭਾਰਤ ਨੂੰ ਟੀ-20 ਵਿਸ਼ਵ ਕੱਪ ਦਾ ਖ਼ਿਤਾਬ ਦਿਵਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ।
ਨਿਊਜ਼ੀਲੈਂਡ ਖ਼ਿਲਾਫ਼ 5 ਮੈਚਾਂ ਦੀ ਲੜੀ ਦੇ ਪਹਿਲੇ ਟੀ-20 ਮੁਕਾਬਲੇ ਦੀ ਪੂਰਵ ਸੰਧਿਆ 'ਤੇ ਗੱਲਬਾਤ ਕਰਦਿਆਂ ਸ਼੍ਰੇਅਸ ਅਈਅਰ ਨੇ ਕਿਹਾ ਕਿ ਵੈਭਵ ਵਰਗੇ ਪ੍ਰਤਿਭਾਸ਼ਾਲੀ ਖਿਡਾਰੀ ਦਾ ਡਰੈਸਿੰਗ ਰੂਮ ਵਿੱਚ ਹਮੇਸ਼ਾ ਖੁਸ਼ ਰਹਿਣਾ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਵੈਭਵ ਹਾਲੇ ਬਹੁਤ ਛੋਟਾ ਹੈ ਅਤੇ ਉਸ ਨੂੰ ਅੱਗੇ ਕਾਫ਼ੀ ਮੌਕੇ ਮਿਲਣਗੇ, ਪਰ ਓਪਨਰਾਂ ਦੇ ਲਗਾਤਾਰ ਵਧੀਆ ਪ੍ਰਦਰਸ਼ਨ ਕਾਰਨ ਉਸ ਨੂੰ ਸਿੱਧਾ ਪਲੇਇੰਗ-11 ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਜ਼ਿਕਰਯੋਗ ਹੈ ਕਿ ਏਸ਼ੀਆਈ ਖੇਡਾਂ ਦੌਰਾਨ ਸੂਰਿਆਵੰਸ਼ੀ ਨੂੰ ਪਾਰੀ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਸੀ, ਜਦਕਿ ਸੰਜੂ ਸੈਮਸਨ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਉੱਤਰੇ ਸਨ।
ਅਈਅਰ ਨੇ ਅੱਗੇ ਕਿਹਾ ਕਿ ਵਿਦੇਸ਼ੀ ਹਾਲਾਤ ਵਿੱਚ ਖੇਡਣ ਦਾ ਤਜਰਬਾ ਹਾਸਲ ਕਰਨ ਨਾਲ ਵੈਭਵ ਨੂੰ ਭਵਿੱਖ ਦੀਆਂ ਪ੍ਰਤੀਯੋਗਤਾਵਾਂ ਲਈ ਬਿਹਤਰੀਨ ਤਿਆਰੀ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਅਨੁਸਾਰ ਜਦੋਂ ਵੀ ਉਹ ਵਿਦੇਸ਼ੀ ਦੌਰਿਆਂ 'ਤੇ ਜਾਵੇਗਾ, ਉਸ ਨੂੰ ਉੱਥੋਂ ਦੀਆਂ ਪਿੱਚਾਂ 'ਤੇ ਖੇਡਣ ਦਾ ਚੰਗਾ ਅੰਦਾਜ਼ਾ ਹੋ ਜਾਵੇਗਾ। ਇਸ ਨਾਲ ਉਹ ਅਗਲੀ ਵਾਰ ਪੂਰੀ ਤਰ੍ਹਾਂ ਤਿਆਰ ਹੋਵੇਗਾ ਅਤੇ ਪਹਿਲੀ ਵਾਰ ਦੌਰਾ ਕਰਨ ਵਾਲੇ ਖਿਡਾਰੀਆਂ ਨਾਲ ਵੀ ਆਪਣਾ ਤਜਰਬਾ ਸਾਂਝਾ ਕਰ ਸਕੇਗਾ।
ਏਸ਼ੀਆਈ ਪੈਰਾ ਖੇਡਾਂ : ਪਾਵਰਲਿਫ਼ਟਰ ਕਸਤੂਰੀ ਰਾਜਮਣੀ ਨੇ ਜਿੱਤਿਆ ਚਾਂਦੀ ਦਾ ਤਗਮਾ
NEXT STORY