ਦੁਬਈ : ILT20 2025 ਵਿੱਚ MI ਐਮੀਰੇਟਸ ਦੇ ਕਪਤਾਨ ਕੀਰੋਨ ਪੋਲਾਰਡ ਨੇ ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਮਰ ਮਹਿਜ਼ ਇੱਕ ਅੰਕੜਾ ਹੈ। 38 ਸਾਲ ਦੀ ਉਮਰ ਵਿੱਚ ਪੋਲਾਰਡ ਨੇ ਮੈਦਾਨ 'ਤੇ ਅਜਿਹਾ ਤੂਫ਼ਾਨ ਲਿਆਂਦਾ ਕਿ ਵਿਰੋਧੀ ਟੀਮ ਦੁਬਈ ਕੈਪੀਟਲਸ ਦੇ ਗੇਂਦਬਾਜ਼ ਬੇਵੱਸ ਨਜ਼ਰ ਆਏ। ਪੋਲਾਰਡ ਦੀ ਇਸ ਪਾਰੀ ਦੀ ਬਦੌਲਤ MI ਐਮੀਰੇਟਸ ਨੇ ਦੁਬਈ ਕੈਪੀਟਲਸ ਨੂੰ 8 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ।
ਇੱਕ ਓਵਰ ਵਿੱਚ ਠੋਕੀਆਂ 30 ਦੌੜਾਂ
ਮੈਚ ਦਾ ਸਭ ਤੋਂ ਰੋਮਾਂਚਕ ਪਲ 15ਵੇਂ ਓਵਰ ਵਿੱਚ ਆਇਆ, ਜਦੋਂ ਪੋਲਾਰਡ ਨੇ ਵਕਾਰ ਸਲਾਮਖੇਲ ਦੇ ਓਵਰ ਵਿੱਚ 30 ਦੌੜਾਂ ਬਣਾ ਦਿੱਤੀਆਂ। ਉਸ ਨੇ ਪਹਿਲੀ ਗੇਂਦ 'ਤੇ ਛੱਕਾ ਜੜਿਆ, ਦੂਜੀ 'ਤੇ ਚੌਕਾ ਮਾਰਿਆ ਅਤੇ ਤੀਜੀ ਗੇਂਦ 'ਤੇ ਦੋ ਦੌੜਾਂ ਲਈਆਂ। ਇਸ ਤੋਂ ਬਾਅਦ ਅਗਲੀਆਂ ਤਿੰਨ ਗੇਂਦਾਂ 'ਤੇ ਲਗਾਤਾਰ ਤਿੰਨ ਲੰਬੇ ਛੱਕੇ ਜੜ ਕੇ ਮੈਚ 'ਚ ਜਿਵੇਂ ਤਰਥੱਲੀ ਮਚਾ ਦਿੱਤੀ। ਪੋਲਾਰਡ ਨੇ ਕੁੱਲ 31 ਗੇਂਦਾਂ ਵਿੱਚ 44 ਦੌੜਾਂ ਬਣਾਈਆਂ, ਜਿਸ ਵਿੱਚ 5 ਛੱਕੇ ਅਤੇ 1 ਚੌਕਾ ਸ਼ਾਮਲ ਸੀ।
ਦੁਬਈ ਕੈਪੀਟਲਸ ਦੀ ਬੱਲੇਬਾਜ਼ੀ ਰਹੀ ਫੇਲ੍ਹ
ਪਹਿਲਾਂ ਬੱਲੇਬਾਜ਼ੀ ਕਰਦਿਆਂ ਦੁਬਈ ਕੈਪੀਟਲਸ ਦੀ ਟੀਮ ਨਿਰਧਾਰਤ ਓਵਰਾਂ ਵਿੱਚ ਸਿਰਫ਼ 122 ਦੌੜਾਂ ਹੀ ਬਣਾ ਸਕੀ। ਕਪਤਾਨ ਮੁਹੰਮਦ ਨਬੀ ਨੇ ਸਭ ਤੋਂ ਵੱਧ 22 ਦੌੜਾਂ ਅਤੇ ਜੇਮਸ ਨੀਸ਼ਮ ਨੇ 21 ਦੌੜਾਂ ਬਣਾਈਆਂ, ਜਦਕਿ ਬਾਕੀ ਖਿਡਾਰੀ ਸੰਘਰਸ਼ ਕਰਦੇ ਨਜ਼ਰ ਆਏ। MI ਐਮੀਰੇਟਸ ਵੱਲੋਂ ਅੱਲ੍ਹਾ ਮੁਹੰਮਦ ਗਜ਼ਨਫਰ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਓਵਰਾਂ ਵਿੱਚ 28 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਿਸ ਲਈ ਉਨ੍ਹਾਂ ਨੂੰ 'ਪਲੇਅਰ ਆਫ ਦ ਮੈਚ' ਚੁਣਿਆ ਗਿਆ।
ਆਸਾਨੀ ਨਾਲ ਹਾਸਲ ਕੀਤਾ ਟੀਚਾ
123 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ MI ਐਮੀਰੇਟਸ ਦੀ ਸ਼ੁਰੂਆਤ ਵਧੀਆ ਰਹੀ। ਮੁਹੰਮਦ ਵਸੀਮ ਅਤੇ ਆਂਦਰੇ ਫਲੇਚਰ ਨੇ ਪਹਿਲੀ ਵਿਕਟ ਲਈ 47 ਦੌੜਾਂ ਜੋੜ ਕੇ ਜਿੱਤ ਦੀ ਨੀਂਹ ਰੱਖੀ। ਵਿਕਟਕੀਪਰ ਟੋਮ ਬੈਂਟਨ ਨੇ ਵੀ 28 ਦੌੜਾਂ ਦਾ ਯੋਗਦਾਨ ਪਾਇਆ। ਪੋਲਾਰਡ ਦੀ ਤੂਫ਼ਾਨੀ ਬੱਲੇਬਾਜ਼ੀ ਸਦਕਾ ਟੀਮ ਨੇ ਮਹਿਜ਼ 16.4 ਓਵਰਾਂ ਵਿੱਚ ਹੀ ਟੀਚਾ ਹਾਸਲ ਕਰਕੇ ਜਿੱਤ ਦਰਜ ਕਰ ਲਈ।
ਰਿਕਲਟਨ ਦਾ ਸੈਂਕੜਾ ਬੇਕਾਰ, ਡਰਬਨ ਸੁਪਰ ਜਾਇੰਟਸ ਨੇ ਐੱਮ. ਆਈ. ਕੇਪਟਾਊਨ ਨੂੰ ਹਰਾਇਆ
NEXT STORY