ਨਵੀਂ ਦਿੱਲੀ : ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਤਿਲਕ ਵਰਮਾ ਨੇ ਗੁਜਰਾਤ ਟਾਈਟਨਜ਼ ਵਿਰੁੱਧ ਆਈ. ਪੀ. ਐੱਲ. ਮੈਚ ’ਚ ਆਪਣੇ ਮੈਚ ਜੇਤੂ ਸੈਂਕੜੇ ਦਾ ਸਿਹਰਾ ਹਾਲਾਤ ਦਾ ਚੰਗੀ ਤਰ੍ਹਾਂ ਜਾਇਜ਼ਾ ਲੈਣ ਨੂੰ ਦਿੱਤਾ ਤੇ ਕਿਹਾ ਕਿ ਜੇ ਉਸ ਦੀ ਟੀਮ ਆਪਣੀ ਰਣਨੀਤੀ ’ਤੇ ਚੰਗੀ ਤਰ੍ਹਾਂ ਅਮਲ ਕਰਦੀ ਹੈ ਤਾਂ ਉਸ ਨੂੰ ਰੋਕਣਾ ਹੁਣ ਆਸਾਨ ਨਹੀਂ ਹੋਵੇਗਾ। ਤਿਲਕ ਦੀ ਧਮਾਕੇਦਾਰ 101 ਦੌੜਾਂ ਦੀ ਅਜੇਤੂ ਪਾਰੀ ਦੀ ਬਦੌਲਤ ਮੁੰਬਈ ਇੰਡੀਅਨਜ਼ ਨੇ ਅਹਿਮਦਾਬਾਦ ’ਚ ਗੁਜਰਾਤ ਟਾਈਟਨਜ਼ ’ਤੇ 99 ਦੌੜਾਂ ਦੀ ਸ਼ਾਨਦਾਰ ਜਿੱਤ ਹਾਸਲ ਕੀਤੀ ਤੇ ਆਈ. ਪੀ. ਐੱਲ. 2026 ’ਚ ਲਗਾਤਾਰ ਚਾਰ ਮੈਚਾਂ ’ਚ ਹਾਰ ਦਾ ਸਿਲਸਿਲਾ ਖਤਮ ਕੀਤਾ।
ਤਿਲਕ ਨੇ ਕਿਹਾ, ‘‘ਇਹ ਸੈਂਕੜਾ ਟੀਮ ਤੇ ਮੇਰੇ ਲਈ ਬਹੁਤ ਮਹੱਤਵਪੂਰਨ ਸੀ। ਪਿਛਲੇ 4-5 ਮੈਚਾਂ ਤੋਂ ਮੇਰੇ ਦਿਮਾਗ ’ਚ ਲਗਾਤਾਰ ਇਕ ਹੀ ਗੱਲ ਚੱਲ ਰਹੀ ਸੀ ਕਿ ਮੈਂ ਕ੍ਰੀਜ਼ ’ਤੇ ਜ਼ਿਆਦਾ ਸਮਾਂ ਨਹੀਂ ਬਿਤਾਇਆ ਹੈ ਤੇ ਜ਼ਿਆਦਾ ਗੇਂਦਾਂ ਦਾ ਸਾਹਮਣਾ ਨਹੀਂ ਕੀਤਾ ਸੀ। ਇਸ ਲਈ ਮੇਰਾ ਟੀਚਾ ਵਿਕਟ ’ਤੇ ਕੁਝ ਸਮਾਂ ਬਿਤਾਉਣਾ ਤੇ ਫਿਰ ਟੀਮ ਦੀ ਸਥਿਤੀ ਅਨੁਸਾਰ ਬੱਲੇਬਾਜ਼ੀ ਕਰਨਾ ਸੀ।’’
ਤਿਲਕ ਨੇ ਆਪਣੀ ਰਣਨੀਤੀ ਦੇ ਬਾਰੇ ’ਚ ਕਿਹਾ ਕਿ ਉਸ ਨੇ ਪਿੱਚ ਦਾ ਸ਼ੁਰੂਆਤੀ ਜਾਇਜ਼ਾ ਲਿਆ ਤੇ ਸਿੱਧੀ ਸ਼ਾਟ ਲਾਉਣ ’ਤੇ ਧਿਆਨ ਕੇਂਦ੍ਰਿਤ ਕੀਤਾ। ਉਸ ਨੇ ਕਿਹਾ, ‘‘ਜਦੋਂ ਵੀ ਮੁੰਬਈ ਇੰਡੀਅਨਜ਼ ਦੀ ਟੀਮ ਅਹਿਮਦਾਬਾਦ ਆਉਂਦੀ ਹੈ ਤਾਂ ਅਸੀਂ ਆਮ ਤੌਰ ’ਤੇ ਕਾਲੀ ਮਿੱਟੀ ਵਾਲੀ ਪਿੱਚ ’ਤੇ ਮੈਚ ਖੇਡਦੇ ਹਾਂ, ਜਿਹੜੀ ਥੋੜ੍ਹੀ ਹੌਲੀ ਹੁੰਦੀ ਹੈ। ਅਜਿਹਾ ਨਹੀਂ ਹੈ ਕਿ ਸਾਡੇ ਬੱਲੇਬਾਜ਼ ਇਸ ਦੇ ਅਨੁਕੂਲ ਨਹੀਂ ਢਲ ਸਕਦੇ ਪਰ ਅਸੀਂ ਜਾਣਦੇ ਹਾਂ ਕਿ ਜੇ ਪਿੱਚ ’ਤੇ ਜ਼ਿਆਦਾ ਉਛਾਲ ਹੋਵੇ ਤਾਂ ਅਸੀਂ ਕੀ ਕਰ ਸਕਦੇ ਹਾਂ।’’
ਤਿਲਕ ਨੇ ਕਿਹਾ, ‘‘ਗੇਂਦ ਹੌਲੀ ਤੇ ਨੀਵੀਂ ਰਹਿ ਰਹੀ ਸੀ, ਇਸ ਲਈ ਸਾਨੂੰ ਉਸ ਨਾਲ ਤਾਲਮੇਲ ਬਿਠਾਉਣਾ ਪਿਆ ਤੇ ਸਿੱਧੀਆਂ ਸ਼ਾਟਾਂ ਲਾਉਣ ਦੀ ਕੋਸ਼ਿਸ਼ ਕਰਨੀ ਪਈ। ਗੇਂਦ ਜ਼ਿਆਦਾ ਉਛਾਲ ਨਹੀਂ ਲੈ ਰਹੀ ਸੀ, ਇਸ ਲਈ ਵਿਕਟ ਦੀ ਸੇਧ ’ਚ ਆਉਣ ਵਾਲੀਆਂ ਗੇਂਦਾਂ ’ਤੇ ‘ਐਕ੍ਰਾਸ ਦਿ ਲਾਈਨ’ ਖੇਡਣਾ ਜੋਖਮ ਭਰਿਆ ਸੀ। ਮੈਂ ਸਿੱਧੀ ਸ਼ਾਟ ਲਾਉਣ ਦਾ ਫੈਸਲਾ ਕੀਤਾ। ਮੈਂ ਹਾਲਾਤ ਨੂੰ ਚੰਗੀ ਤਰ੍ਹਾਂ ਸਮਝਿਆ।’’
ਇਸ ਜਿੱਤ ਨਾਲ ਮੁੰਬਈ ਅੰਕ ਸੂਚੀ ’ਚ 7ਵੇਂ ਸਥਾਨ ’ਤੇ ਪਹੁੰਚ ਗਈ ਹੈ ਤੇ ਤਿਲਕ ਨੂੰ ਉਮੀਦ ਹੈ ਕਿ ਉਸ ਦੀ ਟੀਮ ਅੱਗੇ ਵੀ ਚੰਗਾ ਪ੍ਰਦਰਸ਼ਨ ਜਾਰੀ ਰੱਖੇਗੀ।
ਕ੍ਰਿਕਟਰ ਰਿੰਕੂ ਸਿੰਘ ਨੇ ਮੰਗੇਤਰ ਨਾਲ ਕੀਤੇ ਬਾਬਾ ਵਿਸ਼ਵਨਾਥ ਮੰਦਰ ਦੇ ਦਰਸ਼ਨ, ਗੰਗਾ ਦੀ ਉਤਾਰੀ ਆਰਤੀ
NEXT STORY