ਮਾਨਚੈਸਟਰ- ਪਾਕਿਸਤਾਨ ਤੇ ਇੰਗਲੈਂਡ ਵਿਚਾਲੇ 3 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਮਾਨਚੈਸਟਰ 'ਚ ਖੇਡਿਆ ਗਿਆ। ਆਲਰਾਊਂਡਰ ਕ੍ਰਿਸ ਵੋਕਸ (ਅਜੇਤੂ 84) ਤੇ ਵਿਕਟਕੀਪਰ-ਬੱਲੇਬਾਜ਼ ਜੋਸ ਬਟਲਰ (75) ਦੀਆਂ ਅਰਧ ਸੈਂਕੜੇ ਵਾਲੀਆਂ ਪਾਰੀਆਂ ਤੇ ਦੋਵਾਂ ਵਿਚਾਲੇ 6ਵੀਂ ਵਿਕਟ ਲਈ 139 ਦੌੜਾਂ ਦੀ ਸਾਂਝੇਦਾਰੀ ਨਾਲ ਇੰਗਲੈਂਡ ਨੇ ਪਹਿਲੇ ਟੈਸਟ ਮੈਚ ਵਿਚ ਪਾਕਿਸਤਾਨ ਨੂੰ 3 ਵਿਕਟਾਂ ਨਾਲ ਹਰਾ ਕੇ ਲੜੀ ਵਿਚ 1-0 ਦੀ ਬੜ੍ਹਤ ਹਾਸਲ ਕਰ ਲਈ।
ਇਸ ਰੋਮਾਂਚਕ ਮੁਕਾਬਲੇ ਵਿਚ ਬਟਲਰ ਤੇ ਵੋਕਸ ਨੇ ਉਸ ਸਮੇਂ ਮੋਰਚਾ ਸੰਭਾਲਿਆ ਜਦੋਂ ਟੀਮ 117 ਦੌੜਾਂ 'ਤੇ 5 ਵਿਕਟਾਂ ਗੁਆ ਕੇ ਮੁਸ਼ਕਿਲ ਵਿਚ ਫਸ ਗਈ ਸੀ। ਦੋਵਾਂ ਨੇ ਕ੍ਰੀਜ਼ 'ਤੇ ਆਉਂਦੇ ਹੀ ਬੇਖੌਫ ਹੋ ਕੇ ਪਾਕਿਸਤਾਨ ਦੇ ਗੇਂਦਬਾਜ਼ਾਂ ਦੇ ਦਬਦਬੇ ਨੂੰ ਖਤਮ ਕੀਤਾ। ਇਸ ਸਾਂਝੇਦਾਰੀ ਨੂੰ ਤਜਰਬੇਕਾਰ ਲੈੱਗ ਸਪਿਨਰ ਯਾਸਿਰ ਸ਼ਾਹ ਨੇ ਬਟਲਰ ਨੂੰ ਆਊਟ ਕਰਕੇ ਤੋੜਿਆ। ਬਟਲਰ ਨੇ 101 ਗੇਂਦਾਂ ਦੀ ਪਾਰੀ ਵਿਚ 7 ਚੌਕੇ ਤੇ 1 ਛੱਕਾ ਲਾਇਆ। ਜਦੋਂ ਬਟਲਰ ਆਊਟ ਹੋਇਆ ਤਾਂ ਇੰਗਲੈਂਡ ਨੂੰ ਜਿੱਤ ਲਈ 21 ਦੌੜਾਂ ਦੀ ਲੋੜ ਸੀ। ਬਟਲਰ ਦੇ ਆਊਟ ਹੋਣ ਤੋਂ ਬਾਅਦ ਵੀ ਵੋਕਸ ਇਕ ਪਾਸੇ 'ਤੇ ਡਟਿਆ ਰਿਹਾ ਤੇ ਉਸ ਨੇ ਸ਼ਾਹੀਨ ਸ਼ਾਹ ਅਫਰੀਦੀ ਦੀ ਗੇਂਦ 'ਤੇ ਚੌਕਾ ਲਾ ਕੇ ਟੀਮ ਨੂੰ ਸ਼ਾਨਦਾਰ ਜਿੱਤ ਦਿਵਾ ਦਿੱਤੀ। ਉਸ ਨੇ ਪਾਰੀ ਵਿਚ 120 ਗੇਂਦਾਂ 'ਤੇ 10 ਚੌਕੇ ਲਾਏ। ਪਾਕਿਸਤਾਨ ਲਈ ਤਜਰਬੇਕਾਰ ਲੈੱਗ ਸਪਿਨਰ ਯਾਸਿਰ ਸ਼ਾਹ ਨੇ 99 ਦੌੜਾਂ 'ਤੇ 4 ਵਿਕਟਾਂ ਹਾਸਲ ਕੀਤੀਆਂ । ਉਸ ਨੇ ਪਹਿਲੀ ਪਾਰੀ ਵਿਚ ਵੀ 4 ਵਿਕਟਾਂ ਹਾਸਲ ਕੀਤੀਆਂ ।
ਓਲਡ ਟ੍ਰੈਫਰਡ ਮੈਦਾਨ 'ਤੇ ਪਾਕਿਸਤਾਨ ਦੀ ਦੂਜੀ ਪਾਰੀ ਨੂੰ 169 ਦੌੜਾਂ 'ਤੇ ਸਮੇਟਣ ਤੋਂ ਬਾਅਦ ਇੰਗਲੈਂਡ ਨੇ ਪਹਿਲੀ ਵਿਕਟ ਜਲਦੀ ਗੁਆਉਣ ਤੋਂ ਬਾਅਦ ਚੰਗੀ ਵਾਪਸੀ ਕੀਤੀ ਸੀ ਪਰ ਦਿਨ ਦੇ ਦੂਜੇ ਸੈਸ਼ਨ ਵਿਚ ਪਾਕਿਸਤਾਨ ਨੇ ਜਲਦੀ-ਜਲਦੀ ਚਾਰ ਅਹਿਮ ਵਿਕਟਾਂ ਲੈ ਕੇ ਮੈਚ ਵਿਚ ਦਬਦਬਾ ਬਣਾ ਲਿਆ। ਇੰਗਲੈਂਡ ਦੀ ਟੀਮ ਦਿਨ ਦੇ ਦੂਜੇ ਸੈਸ਼ਨ ਵਿਚ ਇਕ ਸਮੇਂ ਇਕ ਵਿਕਟ 'ਤੇ 86 ਦੌੜਾਂ ਬਣਾ ਕੇ ਚੰਗੀ ਸਥਿਤੀ ਵਿਚ ਸੀ ਪਰ 20 ਦੌੜਾਂ ਦੇ ਅੰਦਰ ਟੀਮ ਨੇ ਸਿਬਲੀ, ਰੂਟ ਤੇ ਉਪ ਕਪਤਾਨ ਬੇਨ ਸਟੋਕਸ ਦੀ ਵਿਕਟ ਗੁਆ ਦਿੱਤੀ। ਓਲੀ ਪੋਪ ਵੀ ਕੁਝ ਖਾਸ ਨਹੀਂ ਕਰ ਸਕਿਆ ਤੇ 7 ਦੌੜਾਂ ਬਣਾ ਕੇ ਚਲਦਾ ਬਣਿਆ ਸੀ।
ਇਸ ਤੋਂ ਪਹਿਲਾਂ ਪਾਕਿਸਤਾਨ ਨੇ ਦਿਨ ਦੀ ਸ਼ੁਰੂਆਤ 8 ਵਿਕਟਾਂ 'ਤੇ 137 ਦੌੜਾਂ ਤੋਂ ਕੀਤੀ ਸੀ। ਟੀਮ ਹਾਲਾਂਕਿ ਤੇਜ਼ੀ ਨਾਲ 32 ਦੌੜਾਂ ਜੋੜ ਕੇ 169 ਦੌੜਾਂ 'ਤੇ ਆਲ ਆਊਟ ਹੋ ਗਈ। ਸ਼ੁੱਕਰਵਾਰ ਦੇ ਅਜੇਤੂ ਬੱਲੇਬਾਜ਼ ਯਾਸਿਰ ਸ਼ਾਹ ਨੇ 33 ਦੌੜਾਂ ਬਣਾਈਆਂ। ਉਹ ਸਟੂਅਰਟ ਬ੍ਰਾਡ ਦੀ ਗੇਂਦ 'ਤੇ ਵਿਕਟਾਂ ਦੇ ਿਪੱਛੇ ਜੋਸ ਬਟਲਰ ਨੂੰ ਕੈਚ ਦੇ ਬੈਠਾ। ਇਸ ਤੋਂ ਬਾਅਦ ਜੋਫ੍ਰਾ ਆਰਚਰ ਨੇ ਨਸੀਮ ਸ਼ਾਹ (4 ਦੌੜਾਂ) ਨੂੰ ਬੋਲਡ ਕਰਕੇ ਪਾਰੀ ਨੂੰ ਖਤਮ ਕੀਤਾ। ਬ੍ਰਾਡ ਨੇ ਦੂਜੀ ਪਾਰੀ ਵਿਚ 37 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਿਸ ਨਾਲ ਮੈਚ ਵਿਚ ਉਸਦੀਆਂ ਵਿਕਟਾਂ ਦੀ ਗਿਣਤੀ 6 ਹੋ ਗਈ। ਕ੍ਰਿਸ ਵੋਕਸ ਤੇ ਬੇਨ ਸਟੋਕਸ ਨੇ 2-2 ਵਿਕਟਾਂ ਹਾਸਲ ਕੀਤੀਆਂ।
ਐਲੀਨਾ ਤੇ ਕਿਕੀ ਬਰਟੇਸ ਨੇ ਅਮਰੀਕੀ ਓਪਨ ਤੋਂ ਨਾਂ ਵਾਪਿਸ ਲਿਆ
NEXT STORY