ਰਾਵਲਪਿੰਡੀ– ਸਪਿਨਰਾਂ ਦੇ ਕਮਾਲ ਨਾਲ ਦੂਜਾ ਟੈਸਟ ਮੈਚ ਜਿੱਤ ਕੇ ਉਤਸ਼ਾਹ ਨਾਲ ਭਰੀ ਪਾਕਿਸਤਾਨ ਦੀ ਟੀਮ ਇੰਗਲੈਂਡ ਵਿਰੁੱਧ ਵੀਰਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਤੀਜੇ ਤੇ ਆਖਰੀ ਟੈਸਟ ਮੈਚ ਵਿਚ ਹੌਲੀ ਗਤੀ ਦੇ ਗੇਂਦਬਾਜ਼ਾਂ ਲਈ ਅਨੁਕੂਲ ਪਿੱਚ ’ਤੇ ਜਿੱਤ ਦਰਜ ਕਰਕੇ ਤਿੰਨ ਮੈਚਾਂ ਦੀ ਲੜੀ ਆਪਣੇ ਨਾਂ ਕਰਨ ਦੀ ਕੋਸ਼ਿਸ਼ ਕਰੇਗੀ। ਪਾਕਿਸਤਾਨ ਦਾ ਕਪਤਾਨ ਸ਼ਾਨ ਮਸੂਦ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਇੰਗਲੈਂਡ ਦੇ ਹਮਲਾਵਰ ਬੱਲੇਬਾਜ਼ਾਂ ’ਤੇ ਲਗਾਮ ਕੱਸਣ ਲਈ ਟੀਮ ਨੂੰ ਸਪਿਨਰਾਂ ਦੀ ਮਦਦਗਾਰ ਪਿੱਚ ਦੀ ਲੋੜ ਪਵੇਗੀ।
ਮੈਦਾਨ ਕਰਮਚਾਰੀ ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਪਿਛਲੇ ਕੁਝ ਦਿਨਾਂ ਤੋਂ ਵਿਕਟ ਨੂੰ ਸੁਕਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਖੱਬੇ ਹੱਥ ਦੇ ਸਪਿਨਰ ਨੋਮਾਨ ਅਲੀ ਤੇ ਆਫ ਸਪਿਨਰ ਸਾਜਿਦ ਖਾਨ ਨੇ ਮੁਲਤਾਨ ਵਿਚ ਦੂਜੇ ਟੈਸਟ ਵਿਚ ਟਰਨ ਲੈਂਦੀ ਵਿਕਟ ’ਤੇ ਇੰਗਲੈਂਡ ਦੀਆਂ ਸਾਰੀਆਂ 20 ਵਿਕਟਾਂ ਲਈਆਂ, ਜਿਸ ਨਾਲ ਪਾਕਿਸਤਾਨ ਨੇ ਇਹ ਮੈਚ ਜਿੱਤ ਕੇ ਲੜੀ 1-1 ਨਾਲ ਬਰਾਬਰ ਕੀਤੀ। ਹੈਰੀ ਬਰੂਕ ਦੇ ਤਿਹਰੇ ਸੈਂਕੜੇ ਤੇ ਜੋ ਰੂਟ ਦੇ ਕਰੀਅਰ ਦੀ ਸਰਵਸ੍ਰੇਸ਼ਠ 262 ਦੌੜਾਂ ਦੀ ਪਾਰੀ ਦੀ ਮਦਦ ਨਾਲ ਇੰਗਲੈਂਡ ਨੇ 7 ਵਿਕਟਾਂ ’ਤੇ 823 ਦੌੜਾਂ ਦਾ ਰਿਕਾਰਡ ਸਕੋਰ ਬਣਾ ਕੇ ਲੜੀ ਦਾ ਪਹਿਲਾ ਮੈਚ ਪਾਰੀ ਦੇ ਫਰਕ ਨਾਲ ਜਿੱਤਿਆ ਸੀ।
ਮੁਲਤਾਨ ਵਿਚ ਪਾਕਿਸਤਾਨ ਦੇ ਤੀਜੇ ਸਪਿਨਰ ਜਾਹਿਦ ਮਹਿਮੂਦ ਨੇ ਦੂਜੇ ਟੈਸਟ ਮੈਚ ਦੀ ਪਹਿਲੀ ਪਾਰੀ ਵਿਚ 6 ਓਵਰ ਕੀਤੇ ਜਦਕਿ ਦੂਜੀ ਪਾਰੀ ਵਿਚ ਉਸਦੀ ਲੋੜ ਨਹੀਂ ਪਈ। ਇੰਗਲੈਂਡ ਦੀ ਟੀਮ ਦੂਜੀ ਪਾਰੀ ਵਿਚ 144 ਦੌੜਾਂ ’ਤੇ ਢੇਰ ਹੋ ਗਈ ਤੇ ਪਾਕਿਸਤਾਨ ਨੇ ਇਹ ਮੈਚ 152 ਦੌੜਾਂ ਨਾਲ ਜਿੱਤਿਆ। ਅਜਿਹੇ ਹਾਲਾਤ ਵਿਚ ਟਾਸ ਦੀ ਭੂਮਿਕਾ ਮਹੱਤਵਪੂਰਨ ਹੋਵੇਗੀ ਕਿਉਂਕਿ ਖੇਡ ਅੱਗੇ ਵਧਣ ਨਾਲ ਸਪਿਨਰਾਂ ਨੂੰ ਪਿੱਚ ਤੋਂ ਜ਼ਿਆਦਾ ਮਦਦ ਮਿਲੇਗੀ।
ਰੋਹਿਤ ਸ਼ਰਮਾ ਦਾ ਟੁੱਟਿਆ ਰਿਕਾਰਡ, ਸਿਕੰਦਰ ਰਜ਼ਾ ਨੇ 33 ਗੇਂਦਾਂ 'ਤੇ ਲਾਇਆ ਟੀ-20 ਦਾ ਸਭ ਤੋਂ ਤੇਜ਼ ਸੈਂਕੜਾ
NEXT STORY