ਸਪੋਰਟਸ ਡੈਸਕ : ਮਿਸ਼ੇਲ ਮਾਰਸ਼ ਦੀ 63 ਦੌੜਾਂ ਦੀ ਪਾਰੀ ਤੋਂ ਬਾਅਦ ਸ਼ਾਰਦੁਲ ਠਾਕੁਰ (36 ਦੌੜਾਂ ’ਤੇ 4 ਵਿਕਟਾਂ) ਦੀ ਅਗਵਾਈ ’ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਦਿੱਲੀ ਕੈਪੀਟਲਸ ਨੇ ਆਈ. ਪੀ. ਐੱਲ. ਮੈਚ ’ਚ ਸੋਮਵਾਰ ਨੂੰ ਇਥੇ ਪੰਜਾਬ ਕਿੰਗਜ਼ ਨੂੰ 17 ਦੌੜਾਂ ਨਾਲ ਹਰਾ ਕੇ ਪਲੇਅ ਆਫ ’ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਕਾਇਮ ਰੱਖੀਆਂ ਹਨ। ਦਿੱਲੀ ਦੀ 13 ਮੈਚਾਂ ਵਿਚ ਇਹ 7ਵੀਂ ਜਿੱਤ ਹੈ। ਟੀਮ ਹੁਣ 14 ਅੰਕਾਂ ਨਾਲ ਅੰਕ ਸੂਚੀ ਵਿਚ ਚੌਥੇ ਸਥਾਨ ’ਤੇ ਪਹੁੰਚ ਗਈ ਹੈ। ਪੰਜਾਬ ਕਿੰਗਜ਼ ਦੇ 13 ਮੈਚਾਂ ’ਚੋਂ 12 ਅੰਕ ਹਨ ਤੇ ਟੀਮ ਖਿਤਾਬੀ ਦੌੜ ’ਚੋਂ ਬਾਹਰ ਹੋਣ ਦੇ ਕੰਢੇ ’ਤੇ ਹੈ। ਜੇਕਰ ਪੰਜਾਬ ਨੂੰ ਪਲੇਅ ਆਫ ’ਚ ਪਹੁੰਚਣਾ ਹੈ ਤਾਂ ਉਸ ਨੂੰ ਕਿਸਮਤ ਦੇ ਸਹਾਰੇ ਦੀ ਲੋੜ ਪਵੇਗੀ, ਨਹੀਂ ਤਾਂ ਲੱਗਭਗ ਉਸ ਦੀਆਂ ਉਮੀਦਾਂ ਖਤਮ ਹੁੰਦੀਆਂ ਦਿਸ ਰਹੀਆਂ ਹਨ।

ਦਿੱਲੀ ਨੇ 7 ਵਿਕਟਾਂ ’ਤੇ 159 ਦੌੜਾਂ ਬਣਾਉਣ ਤੋਂ ਬਾਅਦ ਪੰਜਾਬ ਦੀ ਪਾਰੀ ਨੂੰ 9 ਵਿਕਟਾਂ ’ਤੇ 142 ਦੌੜਾਂ ’ਤੇ ਰੋਕ ਦਿੱਤਾ। ਪੰਜਾਬ ਲਈ ਜਿਤੇਸ਼ ਸ਼ਰਮਾ ਨੇ 34 ਗੇਂਦਾਂ ’ਚ 3 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 44 ਦੌੜਾਂ ਬਣਾਈਆਂ ਪਰ ਉਸ ਨੂੰ ਰਾਹੁਲ ਚਾਹਰ (ਅਜੇਤੂ 25) ਤੋਂ ਇਲਾਵਾ ਕਿਸੇ ਹੋਰ ਦਾ ਸਾਥ ਨਹੀਂ ਮਿਲਿਆ। ਦਿੱਲੀ ਲਈ ਸ਼ਾਰਦੁਲ ਦੀਆਂ ਚਾਰ ਵਿਕਟਾਂ ਤੋਂ ਇਲਾਵਾ ਅਕਸ਼ਰ ਪਟੇਲ ਤੇ ਕੁਲਦੀਪ ਯਾਦਵ ਨੇ 2-2 ਵਿਕਟਾਂ ਲਈਆਂ। ਐਨਰਿਚ ਨੋਰਤਜੇ ਨੇ ਇਕ ਵਿਕਟ ਲਈ। ਇਸ ਤੋਂ ਪਹਿਲਾਂ ਲਗਾਤਾਰ ਦੂਜੇ ਮੈਚ ਵਿਚ ਅਰਧ ਸੈਂਕੜਾ ਲਾਉਣ ਵਾਲੇ ਮਾਰਸ਼ ਨੇ 48 ਗੇਂਦਾਂ ਦੀ ਪਾਰੀ ਵਿਚ 4 ਚੌਕੇ ਤੇ 3 ਛੱਕੇ ਲਾਉਣ ਤੋਂ ਇਲਾਵਾ ਦੂਜੀ ਵਿਕਟ ਲਈ ਸਰਫਰਾਜ਼ ਖਾਨ (32) ਦੇ ਨਾਲ 51 ਤੇ ਲਲਿਤ ਯਾਦਵ (24) ਦੇ ਨਾਲ ਤੀਜੀ ਵਿਕਟ ਲਈ 47 ਦੌੜਾਂ ਦੀ ਸਾਂਝੇਦਾਰੀ ਕੀਤੀ। ਸਰਫਰਾਜ਼ ਨੇ 16 ਗੇਂਦਾਂ ਦੀ ਹਮਲਵਾਰ ਪਾਰੀ ਵਿਚ 5 ਚੌਕੇ ਤੇ 1 ਛੱਕਾ ਲਾਇਆ, ਜਦਕਿ ਲਲਿਤ ਨੇ 21 ਗੇਂਦਾਂ ਦੀ ਪਾਰੀ ਵਿਚ 1 ਚੌਕਾ ਤੇ 1 ਛੱਕਾ ਲਾਇਆ।

ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕਰਨ ਤੋਂ ਬਾਅਦ ਪੰਜਾਬ ਨੂੰ ਲਿਆਮ ਲਿਵਿੰਗਸਟੋਨ ਨੇ ਪਹਿਲੀ ਗੇਂਦ ’ਤੇ ਡੇਵਿਡ ਵਾਰਨਰ (0) ਨੂੰ ਆਊਟ ਕਰਕੇ ਸ਼ਾਨਦਾਰ ਸ਼ੁਰੂਆਤ ਦਿਵਾਈ। ਮਿਸ਼ੇਲ ਮਾਰਸ਼ ਨੇ ਹਾਲਾਂਕਿ ਅਗਲੇ ਓਵਰ ਵਿਚ ਰਬਾਡਾ ਵਿਰੁੱਧ ਲਗਾਤਾਰ ਦੋ ਛੱਕੇ ਲਾਏ ਤੇ ਸਲਾਮੀ ਬੱਲੇਬਾਜ਼ ਸਰਫਰਾਜ਼ ਖਾਨ ਨੇ ਤੀਜੇ ਓਵਰ ਵਿਚ ਹਰਪ੍ਰੀਤ ਬਰਾੜ ਵਿਰੁੱਧ ਲਗਾਤਾਰ ਗੇਂਦਾਂ ’ਤੇ ਛੱਕਾ ਤੇ ਦੋ ਚੌਕੇ ਲਾ ਕੇ ਦਬਾਅ ਨੂੰ ਘੱਟ ਕੀਤਾ। ਸਰਫਰਾਜ਼ ਨੇ ਇਸ ਤੋਂ ਬਾਅਦ ਵੀ ਹਮਲਵਾਰ ਬੱਲੇਬਾਜ਼ੀ ਜਾਰੀ ਰੱਖੀ ਪਰ ਅਰਸ਼ਦੀਪ ਸਿੰਘ ਨੇ 5ਵੇਂ ਓਵਰ ਵਿਚ ਉਸ ਨੂੰ ਚੱਲਦਾ ਕਰ ਦਿੱਤਾ। ਅਗਲੀ ਗੇਂਦ ’ਤੇ ਲਲਿਤ ਯਾਦਵ ਨੇ ਵੀ ਜਾਨੀ ਬੇਅਰਸਟੋ ਨੂੰ ਕੈਚ ਦੇ ਦਿੱਤਾ ਪਰ ਗੇਂਦ ਨੋ ਬਾਲ ਹੋ ਗਈ।

ਪੰਜਾਬ ਦੇ ਗੇਂਦਬਾਜ਼ਾਂ ਨੇ ਇਸ ਤੋਂ ਬਾਅਦ ਦਿੱਲੀ ਦੀ ਰਨ ਰੇਟ ’ਤੇ ਲਗਾਮ ਲਾ ਦਿੱਤੀ। ਮਾਰਸ਼ ਨੇ 11ਵੇਂ ਓਵਰ ਵਿਚ ਅਰਸ਼ਦੀਪ ਵਿਰੁੱਧ ਛੱਕਾ ਲਾਇਆ ਪਰ ਇਸੇ ਓਵਰ ਵਿਚ ਉਸਦੀ ਹੌਲੀ ਗੇਂਦ ’ਤੇ ਲਲਿਤ ਭਾਨੁਕਾ ਰਾਜਪਕਸ਼ੇ ਨੂੰ ਕੈਚ ਦੇ ਬੈਠਾ। ਦਿੱਲੀ ਨੇ 12ਵੇਂ ਓਵਰ ਵਿਚ ਦੌੜਾਂ ਦਾ ਸੈਂਕੜਾ ਪੂਰਾ ਕੀਤਾ। ਲਿਵਿੰਗਸਟੋਨ ਦੇ ਇਸ ਓਵਰ ਵਿਚ ਰਿਸ਼ਭ ਪੰਤ (7) ਛੱਕਾ ਲਗਾਉਣ ਤੋਂ ਬਾਅਦ ਅਗਲੀ ਗੇਂਦ ’ਤੇ ਸਟੰਪ ਹੋ ਗਿਆ। ਇਸ ਗੇਂਦਬਾਜ਼ ਨੇ ਆਪਣੇ ਅਗਲੇ (ਪਾਰੀ ਦੇ 14ਵੇਂ ਓਵਰ) ਓਵਰ ਵਿਚ ਖਤਰਨਾਕ ਰੋਵਮੈਨ ਪੋਵੈੱਲ (2) ਨੂੰ ਸ਼ਿਖਰ ਧਵਨ ਹੱਥੋਂ ਕੈਚ ਆਊਟ ਕਰਵਾਇਆ।

ਅਕਸ਼ਰ ਪਟੇਲ ਨੇ 16ਵੇਂ ਓਵਰ ਵਿਚ ਲਿਵਿੰਗਸਟੋਨ ਵਿਰੁੱਧ ਚੌਕਾ ਲਾਇਆ, ਜਿਹੜੀ ਪਿਛਲੀਆਂ 20 ਗੇਂਦਾਂ ਵਿਚ ਟੀਮ ਦੀ ਪਹਿਲੀ ਬਾਊਂਡਰੀ ਸੀ। ਮਾਰਸ਼ ਨੇ 17ਵੇਂ ਓਵਰ ਵਿਚ ਹਰਪ੍ਰੀਤ ਵਿਰੁੱਧ ਚੌਕਾ ਲਾ ਕੇ 40 ਗੇਂਦਾਂ ਵਿਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਸ ਨੇ ਅਗਲੇ ਓਵਰ ਵਿਚ ਅਰਸ਼ਦੀਪ ਵਿਰੁੱਧ ਦੋ ਚੌਕੇ ਲਾ ਕੇ ਰਨ ਰੇਟ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕੀਤੀ ਪਰ 19ਵੇਂ ਓਵਰ ਵਿਚ ਰਬਾਡਾ ਵਿਰੁੱਧ ਵੱਡੀ ਸ਼ਾਟ ਖੇਡਣ ਦੇ ਚੱਕਰ ਵਿਚ ਰਿਸ਼ੀ ਨੂੰ ਕੈਚ ਦੇ ਬੈਠਾ। ਦਿੱਲੀ ਦੀ ਟੀਮ ਆਖਰੀ ਦੋ ਓਵਰਾਂ ਵਿਚ ਇਕ ਵੀ ਚੌਕਾ ਨਹੀਂ ਲਾ ਸਕੀ। ਅਕਸ਼ਰ 20 ਗੇਂਦਾਂ ’ਤੇ 17 ਦੌੜਾਂ ਬਣਾ ਕੇ ਅਜੇਤੂ ਰਿਹਾ।
ਇਹ ਵੀ ਪੜ੍ਹੋ : ਮੰਕੀਗੇਟ ਕਾਂਡ ਤੋਂ ਬਾਅਦ ਐਂਡ੍ਰਿਊ ਸਾਈਮੰਡਸ ਦੀ ਜ਼ਿੰਦਗੀ ’ਚ ਆਇਆ ਸੀ ਵੱਡਾ ਬਦਲਾਅ
IPL 2022: ਬੱਚੇ ਦੇ ਜਨਮ ਤੋਂ ਬਾਅਦ ਹੈਟਮਾਇਰ ਨੇ ਕੀਤੀ ਟੀਮ 'ਚ ਵਾਪਸੀ
NEXT STORY