ਸਪੋਰਟਸ ਡੈਸਕ- ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ 73 ਸਾਲਾ ਸਾਬਕਾ ਖਿਡਾਰੀ ਵਸੀਮ ਬਾਰੀ ਨੂੰ ਆਪਣੇ ਹਾਈ ਪਰਫ਼ਾਰਮੈਂਸ ਸੈਂਟਰ 'ਚ ਵਿਕਟਕੀਪਿੰਗ ਸਲਾਹਕਾਰ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ ਦੀ ਖ਼ਬਰ ਸਾਹਮਣੇ ਆਉਣ ਦੇ ਬਾਅਦ ਪੀ. ਸੀ. ਬੀ. ਨੂੰ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ। ਪੀ. ਸੀ. ਬੀ. ਨੇ ਕਿਹਾ ਕਿ ਉਸ ਨੇ ਬਾਰੀ ਦੀ ਬੇਨਤੀ 'ਤੇ ਅਤੇ ਪਾਕਿਸਤਾਨ ਕ੍ਰਿਕਟ ਲਈ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਵਿਕਟਕੀਪਿੰਗ ਸਲਾਹਕਾਰ ਬਣਾਇਆ ਹੈ। ਪੀ. ਸੀ. ਬੀ. ਦੇ ਇਸ ਤਰਕ ਦੀ ਪਾਕਿਸਤਾਨ ਦਾ ਕ੍ਰਿਕਟ ਜਗਤ ਆਲੋਚਨਾ ਕਰ ਰਿਹਾ ਹੈ।
ਬਾਰੀ ਪਾਕਿਸਤਾਨ ਕ੍ਰਿਕਟ 'ਚ ਇਕ ਸਨਮਾਨਤ ਵਿਅਕਤੀ ਹੈ ਜਿਨ੍ਹਾਂ ਨੇ ਰਾਸ਼ਟਰੀ ਟੀਮ ਦੀ ਕਪਤਾਨੀ ਵੀ ਕੀਤੀ ਹੈ। ਪੀ. ਸੀ. ਬੀ. ਦੇ ਇਕ ਸੂਤਰ ਨੇ ਕਿਹਾ ਕਿ ਉਹ ਹਾਈ ਪਰਫਾਰਮੈਂਸ ਸੈਂਟਰ ਦੇ ਨਿਰਦੇਸ਼ਕ ਦੇ ਤੌਰ 'ਤੇ ਕੰਮ ਕਰ ਰਹੇ ਸਨ, ਪਰ ਉਨ੍ਹਾਂ ਦਾ ਕਰਾਰ 31 ਦਸੰਬਰ ਨੂੰ ਖ਼ਤਮ ਹੋ ਗਿਆ ਹੈ ਤੇ ਉਨ੍ਹਾਂ ਨੇ ਤਿੰਨ ਮਹੀਨੇ ਦਾ ਵਿਸਥਾਰ ਦੇਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੀ. ਸੀ. ਬੀ. ਪ੍ਰਧਾਨ ਰਮੀਜ਼ ਰਾਜਾ ਨੇ ਸਾਬਕਾ ਕਪਤਾਨ ਦੇ ਸਨਮਾਨ 'ਚ, ਖ਼ਾਸ ਅਹੁਦਾ ਬਣਾਉਣ ਲਈ ਕਿਹਾ ਸੀ ਤੇ ਬਾਰੀ ਲਈ ਤਿੰਨ ਮਹੀਨੇ ਦੇ ਵਿਸਥਾਰ ਨੂੰ ਮਨਜ਼ੂਰੀ ਦਿੱਤੀ।
ਬਾਰੀ ਨੇ ਪਾਕਿਸਤਾਨ ਦੇ ਲਈ 81 ਟੈਸਟ ਤੇ 51 ਵਨ-ਡੇ ਮੈਚ ਖੇਡੇ ਹਨ। ਖੇਡ ਤੋਂ ਸੰਨਿਆਸ ਦੇ ਬਾਅਦ ਬਾਰੀ ਨੇ ਬੋਰਡ 'ਚ ਕਈ ਅਹਿਮ ਅਹੁਦਿਆਂ 'ਤੇ ਕੰਮ ਕੀਤਾ ਹੈ। ਉਨ੍ਹਾਂ ਨੇ ਬੋਰਡ ਦੇ ਨਿਰਦੇਸ਼ਕ (ਕ੍ਰਿਕਟ ਸੰਚਾਲਨ), ਮੁੱਖ ਚੋਣਕਰਤਾ, ਰਾਸ਼ਟਰੀ ਟੀਮ ਪ੍ਰਬੰਧਕ ਤੇ ਰਾਸ਼ਟਰੀ ਕ੍ਰਿਕਟ ਅਕੈਡਮੀ ਦੇ ਪ੍ਰਮੁੱਖ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਦਿੱਤੀਆਂ ਹਨ।
IND vs WI : ਦੂਜੇ ਵਨ-ਡੇ 'ਚ ਰਿਸ਼ਭ ਪੰਤ ਤੇ ਕੇ. ਐੱਲ. ਰਾਹੁਲ ਨੇ ਬਣਾਏ ਇਹ ਖ਼ਾਸ ਰਿਕਾਰਡ
NEXT STORY