ਸਿੰਗਾਪੁਰ— ਨਵੇਂ ਸੈਸ਼ਨ 'ਚ ਆਪਣੇ ਪਹਿਲੇ ਖਿਤਾਬ ਦੀ ਭਾਲ 'ਚ ਲੱਗੀ ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਭਾਰਤ ਦੀ ਪੀ.ਵੀ. ਸਿੰਧੂ ਨੂੰ ਸ਼ਨੀਵਾਰ ਨੂੰ ਸੈਮੀਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੇ ਨਾਲ ਹੀ ਸਿੰਗਾਪੁਰ ਓਪਨ ਬੈਡਮਿੰਟਨ ਟੂਰਨਾਮੈਂਟ 'ਚ ਭਾਰਤੀ ਚੁਣੌਤੀ ਖਤਮ ਹੋ ਗਈ। ਚੌਥਾ ਦਰਜਾ ਪ੍ਰਾਪਤ ਸਿੰਧੂ ਨੂੰ ਸੈਮੀਫਾਈਨਲ 'ਚ ਦੂਜਾ ਦਰਜਾ ਪ੍ਰਾਪਤ ਨੋਜੋਮੀ ਓਕੁਹਾਰਾ ਨੇ ਸਿਰਫ 37 ਮਿੰਟ 'ਚ 21-7, 21-11 ਨਾਲ ਹਰਾ ਕੇ ਖਿਤਾਬੀ ਮੁਕਾਬਲੇ 'ਚ ਜਗ੍ਹਾ ਬਣਾ ਲਈ।

ਸਿੰਧੂ ਨੇ 2018 ਦੇ ਅੰਤ 'ਚ ਅੱਠ ਚੋਟੀ ਦੀਆਂ ਖਿਡਾਰਨਾਂ ਦਾ ਵਰਲਡ ਟੂਰ ਫਾਈਨਲਸ ਟੂਰਨਾਮੈਂਟ ਜਿੱਤਿਆ ਸੀ ਪਰ 2019 'ਚ ਉਨ੍ਹਾਂ ਦੀ ਖਿਤਾਬ ਦੀ ਭਾਲ ਅਜੇ ਤਕ ਪੂਰੀ ਨਹੀਂ ਹੋ ਸਕੀ ਹੈ। ਸਿੰਧੂ ਮਾਰਚ ਦੇ ਅੰਤ 'ਚ ਆਪਣੇ ਘਰੇਲੂ ਟੂਰਨਾਮੈਂਟ ਇੰਡੀਆ ਓਪਨ ਦੇ ਸੈਮੀਫਾਈਨਲ ਤਕ ਪਹੁੰਚੀ ਸੀ ਜਦਕਿ ਪਿਛਲੇ ਹਫਤੇ ਉਹ ਮਲੇਸ਼ੀਆ ਓਪਨ ਦੇ ਦੂਜੇ ਦੌਰ ਤੋਂ ਬਾਹਰ ਹੋ ਗਈ ਸੀ। ਵਿਸ਼ਵ ਰੈਂਕਿੰਗ 'ਚ ਛੇਵੇਂ ਨੰਬਰ ਦੀ ਭਾਰਤੀ ਖਿਡਾਰਨ ਦਾ ਸਿੰਗਾਪੁਰ ਓਪਨ 'ਚ ਸਫਰ ਸੈਮੀਫਾਈਨਲ 'ਚ ਖਤਮ ਹੋ ਗਿਆ। ਸਿੰਧੂ ਮੁਕਾਬਲੇ 'ਚ ਓਕੁਹਾਰਾ ਦੇ ਸਾਹਮਣੇ ਕੋਈ ਚੁਣੌਤੀ ਪੇਸ਼ ਨਾ ਕਰ ਸਕੀ। ਓਕੂਹਾਰਾ ਨੇ ਇਸ ਤੋਂ ਪਹਿਲਾਂ ਕੁਆਰਟਰ ਫਾਈਨਲ 'ਚ ਭਾਰਤ ਦੀ ਸਾਇਨਾ ਨੇਹਵਾਲ ਨੂੰ ਵੀ ਹਰਾਇਆ ਸੀ। ਸਿੰਧੂ ਦਾ ਇਸ ਹਾਰ ਨਾਲ ਓਕੂਹਾਰਾ ਖਿਲਾਫ 7-7 ਦਾ ਕਰੀਅਰ ਰਿਕਾਰਡ ਹੋ ਗਿਆ ਹੈ।
IPL 2019 : ਬਟਲਰ ਦੀ ਸ਼ਾਨਦਾਰ ਪਾਰੀ, ਰਾਜਸਥਾਨ ਨੇ ਮੁੰਬਈ ਨੂੰ 4 ਵਿਕਟਾਂ ਨਾਲ ਹਰਾਇਆ
NEXT STORY