ਬਾਸੇਲ— ਪੀ. ਵੀ. ਸਿੰਧੂ ਨੇ ਕਿਹਾ ਕਿ ਪਿਛਲੇ ਦੋ ਵਿਸ਼ਵ ਚੈਂਪੀਅਨਸ਼ਿਪ 'ਚ ਖਿਤਾਬ ਨਾ ਜਿੱਤਣ ਦੇ ਕਾਰਨ ਹੋ ਰਹੀ ਆਲੋਚਨਾ ਨਾਲ ਉਹ 'ਨਾਰਾਜ਼ ਅਤੇ ਦੁਖੀ' ਸੀ ਅਤੇ ਹਾਲ ਹੀ 'ਚ ਸੰਪੰਨ ਹੋਈ ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤਮਗਾ ਉਨ੍ਹਾਂ ਆਲੋਚਕਾ ਨੂੰ ਕਰਾਰਾ ਜਵਾਬ ਹੈ ਜਿਨ੍ਹਾਂ ਨੇ ਉਨ੍ਹਾਂ 'ਤੇ ਸਵਾਲ ਚੁੱਕਿਆ ਸੀ। ਦੋ ਵਾਰ ਦੀ ਚਾਂਦੀ ਦਾ ਤਮਗਾ ਜੇਤੂ ਸਿੰਧੂ ਨੇ ਐਤਵਾਰ ਨੂੰ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ।

ਜਾਪਾਨ ਦੀ ਨਾਜੋਮੀ ਓਕੂਹਾਰਾ ਖਿਲਾਫ ਖਿਤਾਬ ਜਿੱਤਣ ਦੇ ਬਾਅਦ ਵਿਸ਼ਵ ਬੈਡਮਿੰਟਨ (ਬੀ. ਡਬਲਿਊ. ਐੱਫ.) ਦੀ ਅਧਿਕਾਰਤ ਵੈੱਬਸਾਈਟ 'ਤੇ ਸਿੰਧੂ ਨੇ ਕਿਹਾ, ''ਇਹ ਮੇਰਾ ਉਨ੍ਹਾਂ ਲੋਕਾਂ ਨੂੰ ਜਵਾਬ ਹੈ ਜੋ ਵਾਰ-ਵਾਰ ਸਵਾਲ ਪੁੱਛ ਰਹੇ ਸਨ। ਮੈਂ ਸਿਰਫ ਆਪਣੇ ਰੈਕਟ ਨਾਲ ਜਵਾਬ ਦੇਣਾ ਚਾਹੁੰਦੀ ਸੀ ਅਤੇ ਇਸ ਜਿੱਤ ਨਾਲ ਮੈਂ ਅਜਿਹਾ ਕਰਨ 'ਚ ਸਫਲ ਰਹੀ।'' ਉਨ੍ਹਾਂ ਕਿਹਾ, ''ਪਹਿਲੇ ਵਿਸ਼ਵ ਚੈਂਪੀਅਨਸ਼ਿਪ ਫਾਈਨਲ ਦੇ ਬਾਅਦ ਮੈਨੂੰ ਕਾਫੀ ਬੁਰਾ ਲੱਗਾ ਸੀ ਅਤੇ ਪਿਛਲੇ ਸਾਲ ਮੈਂ ਨਾਰਾਜ਼ ਸੀ, ਦੁਖੀ ਸੀ। ਮੈਂ ਭਾਵਨਾਵਾਂ ਤੋਂ ਗੁਜ਼ਰ ਰਹੀ ਸੀ, ਖ਼ੁਦ ਤੋਂ ਪੁੱਛ ਰਹੀ ਸੀ। 'ਸਿੰਧੂ ਤੂੰ ਇਹ ਮੈਚ ਕਿਉਂ ਨਹੀਂ ਜਿੱਤ ਰਹੀ ਹੈ।'? ਪਰ ਅੱਜ ਮੈਂ ਖ਼ੁਦ ਤੋਂ ਆਪਣਾ ਸੁਭਾਵਕ ਖੇਡ ਦਿਖਾਉਣ ਅਤੇ ਚਿੰਤਾ ਨਹੀਂ ਕਰਨ ਨੂੰ ਕਿਹਾ ਅਤੇ ਇਹ ਕੰਮ ਕਰ ਗਿਆ।''

ਹੈਦਰਾਬਾਦ ਦੀ 24 ਸਾਲਾ ਦੀ ਸਿੰਧੂ ਬੇਹੱਦ ਇਕਪਾਸੜ ਫਾਈਨਲ 'ਚ ਜਾਪਾਨ ਦੀ ਨਾਜੋਮੀ ਓਕੂਹਾਰਾ ਨੂੰ 21-7, 21-7 ਨਾਲ ਹਰਾ ਕੇ ਖਿਤਾਬ ਜਿੱਤਣ 'ਚ ਸਫਲ ਰਹੀ। ਸਿੰਧੂ ਨੇ ਫਾਈਨਲ 'ਚ ਤੀਜੀ ਵਾਰ ਖੇਡਦੇ ਹੋਏ ਖਿਤਾਬ ਜਿੱਤਿਆ। ਇਸ ਤੋਂ ਪਹਿਲਾਂ 2018 'ਚ ਉਨ੍ਹਾਂ ਨੂੰ ਓਕੁਹਾਰਾ ਅਤੇ ਬਾਅਦ 'ਚ ਓਲੰਪਿਕ ਚੈਂਪੀਅਨ ਸਪੇਨ ਦੀ ਕੈਰੋਲਿਨਾ ਮਾਰਿਨ ਖਿਲਾਫ ਹਾਰ ਦੇ ਚਾਂਦਾ ਤਮਗੇ ਨਾਲ ਸਬਰ ਕਰਨਾ ਪਿਆ ਸੀ। ਇਹ ਵਿਸ਼ਵ ਚੈਂਪੀਅਨਸ਼ਿਪ 'ਚ ਸਿੰਧੂ ਦਾ ਪੰਜਵਾਂ ਤਮਗਾ ਹੈ। ਇਸ ਤੋਂ ਪਹਿਲਾਂ 2013 ਅਤੇ 2014 'ਚ ਉਨ੍ਹਾਂ ਨੇ ਕਾਂਸੀ ਤਮਗੇ ਜਿੱਤੇ ਸਨ। ਸਿੰਧੂ ਵਿਸ਼ਵ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲ 'ਚ ਸਭ ਤੋਂ ਜ਼ਿਆਦਾ ਤਮਗੇ ਜਿੱਤਣ ਦੇ ਮਾਮਲੇ 'ਚ ਚੀਨ ਦੀ ਝੇਂਗ ਨਿੰਗ ਦੇ ਨਾਲ ਚੋਟੀ 'ਤੇ ਹੈ। ਨਿੰਗ ਨੇ 2001 ਤੋਂ 2007 ਵਿਚਾਲੇ ਇਕ ਸੋਨ, ਦੋ ਚਾਂਦੀ ਅਤੇ ਦੋ ਕਾਂਸੀ ਤਮਗੇ ਜਿੱਤੇ।
ਬਾਰਸੀਲੋਨਾ ਨੇ ਰੀਅਲ ਬੇਟਿਸ ਨੂੰ ਹਰਾਇਆ
NEXT STORY