ਨਵੀਂ ਦਿੱਲੀ— ਸਪੈਨਿਸ਼ ਫੁੱਟਬਾਲ ਕਲੱਬ ਰੀਅਲ ਮੈਡ੍ਰਿਡ 'ਚ ਆਪਣੇ ਭਵਿੱਖ ਨੂੰ ਲੈ ਕੇ ਦੁਚਿੱਤੀ 'ਚ ਫਸੇ ਗੇਰੇਥ ਬੇਲ ਨੇ ਮੰਗਲਵਾਰ ਨੂੰ ਆਰਸੇਨਲ 'ਤੇ ਆਪਣੀ ਟੀਮ ਨੂੰ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ। ਇੰਟਰਨੈਸ਼ਨਲ ਚੈਂਪੀਅਨਸ਼ਿਪ ਕੱਪ ਦੇ ਇਸ ਦੋਸਤਾਨਾ ਮੁਕਾਬਲੇ ਵਿਚ ਦੋ ਗੋਲ ਨਾਲ ਪਛੜਨ ਤੋਂ ਬਾਅਦ ਰੀਅਲ ਨੇ ਆਰਸੇਨਲ ਨੂੰ ਤੈਅ ਸਮੇਂ ਤਕ 2-2 ਦੀ ਬਰਾਬਰੀ 'ਤੇ ਰੋਕ ਦਿੱਤਾ। ਇਸ ਤੋਂ ਬਾਅਦ ਰੀਅਲ ਨੇ ਪੈਨਲਟੀ ਸ਼ੂਟਆਊਟ ਵਿਚ 3-2 ਨਾਲ ਆਰਸੇਨਲ ਨੂੰ ਹਰਾ ਦਿੱਤਾ। ਬਾਇਰਨ ਮਿਊਨਿਖ ਖ਼ਿਲਾਫ਼ ਪਿਛਲੇ ਮੁਕਾਬਲੇ ਵਿਚ ਬੇਲ ਖੇਡਣ ਨਹੀਂ ਉਤਰੇ ਸਨ ਜਿਸ ਤੋਂ ਬਾਅਦ ਰੀਅਲ ਦੇ ਮੈਨੇਜਰ ਜਿਨੇਦਿਨ ਜਿਦਾਨ ਨੇ ਕਿਹਾ ਸੀ ਕਿ ਵੇਲਸ ਦੇ ਸਟਾਰ ਨੇ ਉਸ ਮੁਕਾਬਲੇ ਵਿਚ ਖੇਡਣ ਤੋਂ ਮਨ੍ਹਾ ਕਰ ਦਿੱਤਾ ਸੀ। ਹਾਲਾਂਕਿ ਤਦ ਬੇਲ ਦੇ ਏਜੰਟ ਨੇ ਜਿਦਾਨ 'ਤੇ ਬੇਇੱਜ਼ਤੀ ਕਰਨ ਦੇ ਦੋਸ਼ ਲਾਏ ਸਨ ਜਿਸ ਤੋਂ ਜਿਦਾਨ ਨੇ ਇਨਕਾਰ ਕੀਤਾ ਸੀ। ਆਰਸੇਨਲ ਖ਼ਿਲਾਫ਼ ਬੇਲ ਮੈਦਾਨ ਵਿਚ ਉਤਰੇ ਤੇ 56ਵੇਂ ਮਿੰਟ ਵਿਚ ਗੋਲ ਕਰ ਕੇ ਦੋ ਗੋਲਾਂ ਨਾਲ ਪਛੜ ਰਹੀ ਆਪਣੀ ਟੀਮ ਨੂੰ ਵਾਪਸੀ ਦਿਵਾਈ। ਇਸ ਤੋਂ ਤਿੰਨ ਮਿੰਟ ਬਾਅਦ ਮਾਰਕੋ ਅਸੇਂਸੀਓ ਨੇ ਗੋਲ ਕਰ ਕੇ ਰੀਅਲ ਨੂੰ ਬਰਾਬਰੀ 'ਤੇ ਲਿਆ ਖੜ੍ਹਾ ਕੀਤਾ। ਇਸ ਤੋਂ ਪਹਿਲਾਂ ਅਲੈਗਜ਼ੈਂਡਰ ਲੈਕਾਜੇਤ (10ਵੇਂ ਮਿੰਟ) ਤੇ ਪੀਅਰ ਇਮਰਿਕ ਅਯੂਬਮੇਯਾਂਗ (24ਵੇਂ ਮਿੰਟ) ਨੇ ਗੋਲ ਕਰ ਕੇ ਆਰਸੇਨਲ ਨੂੰ ਅੱਧੇ ਸਮੇਂ ਤਕ 2-0 ਦੀ ਬੜ੍ਹਤ ਦਿਵਾਈ। ਇਸ ਦੌਰਾਨ ਜ਼ਿਆਦਾਤਰ ਸਮੇਂ ਤਕ ਦੋਵੇਂ ਟੀਮਾਂ ਨੂੰ 10 ਖਿਡਾਰੀਆਂ ਨਾਲ ਹੀ ਮੁਕਾਬਲੇ ਨੂੰ ਪੂਰਾ ਕਰਨਾ ਪਿਆ। ਰੀਅਲ ਦੇ ਨਾਚੋ ਤੇ ਆਰਸੇਨਲ ਦੇ ਸੁਕਰਾਤਿਸ ਨੂੰ ਰੈੱਡ ਕਾਰਡ ਦਿਖਾਇਆ ਗਿਆ।
ਦੁਤੀ ਚੰਦ ਨੂੰ ਇਸ ਸਾਲ ਨਹੀਂ ਮਿਲੇਗਾ ਅਰਜੁਨ ਐਵਾਰਡ : ਖੇਡ ਮੰਤਰਾਲਾ
NEXT STORY