ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਸਾਬਕਾ ਖਿਡਾਰੀ ਸੁਰੇਸ਼ ਰੈਨਾ ਨੇ ਲੰਮੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਇੰਗਲੈਂਡ ਵਿਰੁੱਧ 2018 ’ਚ ਰੈਨਾ ਨੇ ਆਪਣਾ ਆਖਰੀ ਵਨ ਡੇ ਮੈਚ ਖੇਡਿਆ ਸੀ। ਸ਼ਨੀਵਾਰ (15 ਅਗਸਤ) ਨੂੰ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ਦੇ ਨਾਲ ਹੀ ਰੈਨਾ ਨੇ ਵੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਆਪਣੀ ਰਿਟਾਇਰਮੈਂਟ ਦੀ ਜਾਣਕਾਰੀ ਦਿੱਤੀ।
ਰੈਨਾ ਭਾਰਤ ਵਲੋਂ ਤਿੰਨੇ ਫਾਰਮੈਟਾਂ ’ਚ ਸੈਂਕੜਾ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ। ਟੈਸਟ ਡੈਬਿਊ ’ਤੇ ਸੈਂਕੜਾ ਲਗਾਉਣ ਵਾਲੇ ਰੈਨਾ ਨੇ ਵਨ ਡੇ ਤੇ ਟੀ-20 ’ਚ ਵੀ ਸੈਂਕੜੇ ਵਾਲੀ ਪਾਰੀ ਖੇਡੀ ਸੀ। ਟੀ-20 ਕ੍ਰਿਕਟ ’ਚ ਭਾਰਤ ਵਲੋਂ ਸਭ ਤੋਂ ਜ਼ਿਆਦਾ ਸੈਂਕੜੇ ਰੈਨਾ ਦੇ ਬੱਲੇ ਤੋਂ ਹੀ ਲੱਗੇ ਸਨ।
ਰੈਨਾ ਦੇ ਨਾਂ ਅਨੋਖੇ ਰਿਕਾਰਡ
ਟੈਸਟ ਡੈਬਿਊ ’ਤੇ ਰੈਨਾ ਨੇ ਸੈਂਕੜਾ ਲਗਾਇਆ ਤੇ ਇਸ ਨੂੰ ਯਾਦਗਾਰ ਬਣਾਇਆ ਸੀ, ਜਦਕਿ ਆਪਣੀ ਆਖਰੀ ਪਾਰੀ ਦੇ ਮੁਕਾਬਲੇ ’ਚ ਜ਼ੀਰੋ ’ਤੇ ਆਊਟ ਹੋ ਕੇ ਨਿਰਾਸ਼ਾਜਨਕ ਅੰਤ ਕੀਤਾ। ਸਾਲ 2010 ’ਚ ਸ਼੍ਰੀਲੰਕਾ ਦੇ ਵਿਰੁੱਧ ਆਪਣੇ ਪਹਿਲੇ ਟੈਸਟ ਮੈਚ ਦੀ ਪਹਿਲੀ ਪਾਰੀ ’ਚ ਰੈਨਾ ਨੇ 120 ਦੌੜਾਂ ਦੀ ਪਾਰੀ ਖੇਡੀ ਸੀ, ਜਦਕਿ 2015 ’ਚ ਆਸਟਰੇਲੀਆ ਵਿਰੁੱਧ ਖੇਡੇ ਗਏ ਆਖਰੀ ਟੈਸਟ ਦੀ ਦੋਵਾਂ ਪਾਰੀਆਂ ’ਚ ਜ਼ੀਰੋ ’ਤੇ ਆਊਟ ਹੋਏ। ਸੰਨਿਆਸ ਤੋਂ ਬਾਅਦ ਦੁਨੀਆ ਦੇ ਪਹਿਲੇ ਅਜਿਹੇ ਬੱਲੇਬਾਜ਼ ਬਣ ਗਏ ਹਨ, ਜਿਨ੍ਹਾਂ ਨੇ ਪਹਿਲੇ ਟੈਸਟ ਦੀ ਪਹਿਲੀ ਪਾਰੀ ’ਚ ਸੈਂਕੜਾ ਲਗਾਇਆ ਤੇ ਆਖਰੀ ਟੈਸਟ ਦੀਆਂ ਦੋਵਾਂ ਪਾਰੀਆਂ ’ਚ ਬਿਨਾਂ ਖਾਤਾ ਖੋਲ੍ਹੇ ਆਊਟ ਹੋਏ।
ਦੱਸ ਦੇਈਏ ਕਿ 33 ਸਾਲ ਦੇ ਰੈਨਾ ਦੁਨੀਆ ਉਨ੍ਹਾਂ ਦਿੱਗਜ ਖਿਡਾਰੀਆਂ ’ਚ ਸ਼ਾਮਲ ਹਨ, ਜਿਨ੍ਹਾਂ ਨੇ ਖੇਡ ਦੇ ਤਿੰਨੇ ਸਵਰੂਪਾਂ ’ਚ ਸੈਂਕੜੇ ਲਗਾਏ ਹਨ। ਉਨ੍ਹਾਂ ਨੇ 18 ਟੈਸਟ, 226 ਵਨ ਡੇ ਤੇ 78 ਟੀ-20 ਅੰਤਰਰਾਸ਼ਟਰੀ ਮੈਚਾਂ ’ਚ ਭਾਰਤ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੇ ਟੈਸਟ ’ਚ 768, ਵਨ ਡੇ ’ਚ 5615 ਤੇ ਟੀ-20 ’ਚ 1605 ਦੌੜਾਂ ਬਣਾਈਆਂ। ਉਨ੍ਹਾਂ ਨੇ ਵਨ ਡੇ ’ਚ 36, ਟੈਸਟ ਤੇ ਟੀ-20 ’ਚ 13-13 ਵਿਕਟਾਂ ਹਾਸਲ ਕੀਤੀਆਂ।
ਸੁਰੇਸ਼ ਰੈਨਾ ਨੇ 2011 ਵਿਸ਼ਵ ਕੱਪ ’ਚ ਭਾਰਤ ਦੀ ਖਿਤਾਬ ਜਿੱਤ ਦੇ ਦੌਰਾਨ ਆਸਟਰੇਲੀਆ ਵਿਰੁੱਧ ਅਜੇਤੂ 34 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡੀ ਸੀ। ਸੈਮੀਫਾਈਨਲ ’ਚ ਉਨ੍ਹਾਂ ਨੇ ਅਜੇਤੂ 36 ਦੌੜਾਂ ਬਣਾਈਆਂ ਪਰ ਉਸ ਮੈਚ ’ਚ ਸਾਰਿਆਂ ਨੂੰ ਸਚਿਨ ਤੇਂਦੁਲਕਰ ਦੀਆਂ 85 ਦੌੜਾਂ ਯਾਦ ਹਨ।
ਵਿਸ਼ਵ ਕੱਪ 2015 ਤੋਂ ਬਾਅਦ ਹਾਲਾਂਕਿ ਉਸਦੇ ਲੈਅ ’ਚ ਗਿਰਾਵਟ ਆਈ ਤੇ 2017 ’ਚ ਉਹ ਯੋ-ਯੋ ਟੈਸਟ ਪਾਸ ਨਹੀਂ ਕਰ ਸਕੇ। ਇੰਗਲੈਂਡ ਵਿਰੁੱਧ 2018 ’ਚ ਉਨ੍ਹਾਂ ਨੇ ਸੀਮਿਤ ਓਵਰਾਂ ਦੀ ਸੀਰੀਜ਼ ਤੇ ਲਾਰਡਸ ’ਚ 46 ਦੌੜਾਂ ਬਣਾਈਆਂ ਸਨ। ਉਸ ਮੈਚ ’ਚ ਉਸਦੀਆਂ 63 ਗੇਂਦਾਂ ’ਚ 46 ਦੌੜਾਂ ਤੇ ਧੋਨੀ ਦੀਆਂ 59 ਗੇਂਦਾਂ ’ਚ 37 ਦੌੜਾਂ ਚਰਚਾ ਦਾ ਵਿਸ਼ਾ ਰਹੀਆਂ।
ਸੁਰੇਸ਼ ਰੈਨਾ ਦੇ ਇੰਟਰਨੈਸ਼ਨਲ ਕ੍ਰਿਕਟ ਨੂੰ ਅਲਵਿਦਾ ਕਹਿਣ ਤੋਂ ਬਾਅਦ ਉਸਦੀ ਪਤਨੀ ਪਿ੍ਰਯੰਕਾ ਰੈਨਾ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਰੈਨਾ ਦੀਆਂ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਇਕ ਭਾਵੁਕ ਸੰਦੇਸ਼ ਲਿਖਿਆ।
ਗ੍ਰੈਂਡ ਫਾਈਨਲ ਸ਼ਤਰੰਜ ਟੂਰਨਾਮੈਂਟ : ਨਾਕਾਮੁਰਾ ਨੇ ਫਿਰ ਕਾਰਲਸਨ ਨੂੰ ਹਰਾਇਆ
NEXT STORY