ਨਵੀਂ ਦਿੱਲੀ– ਭਾਰਤ ਦੀ ਟੀ-20 ਟੀਮ ’ਚ ਵਾਪਸੀ ਕਰਨ ਦੀ ਮੁਹਿੰਮ ’ਚ ਲੱਗਾ ਰਿਸ਼ਭ ਪੰਤ 28 ਮਾਰਚ ਤੋਂ ਸ਼ੁਰੂ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਇਸ ਸੈਸ਼ਨ ’ਚ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਨ ਲਈ ਤਿਆਰ ਹੈ। ਲਖਨਊ ਸੁਪਰ ਜਾਇੰਟਸ (ਐੱਲ. ਐੱਸ. ਜੀ.) ਦੇ ਕਪਤਾਨ ਦੇ ਰੂਪ ’ਚ ਪੰਤ ਲਈ ਇਹ ਸੈਸ਼ਨ ਫੈਸਲਾਕੁੰਨ ਸਾਬਤ ਹੋ ਸਕਦਾ ਹੈ। ਉਸ ਲਈ ਕਾਫੀ ਕੁਝ ਦਾਅ ’ਤੇ ਲੱਗਾ ਹੈ ਕਿਉਂਕਿ ਫ੍ਰੈਂਚਾਈਜ਼ੀ ਨੇ 2025 ਦੀ ਮੈਗਾ ਨਿਲਾਮੀ ’ਚ ਉਸ ਨੂੰ ਰਿਕਾਰਡ 27 ਕਰੋੜ ਰੁਪਏ ’ਚ ਆਪਣੀ ਟੀਮ ਨਾਲ ਜੋੜਿਆ ਸੀ। ਪਿਛਲੇ ਸਾਲ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਜੇਕਰ ਪੰਤ ਇਸ ਸੈਸ਼ਨ ’ਚ ਚੰਗਾ ਪ੍ਰਦਰਸ਼ਨ ਕਰਦਾ ਹੈ ਤਾਂ ਉਹ ਭਵਿੱਖ ’ਚ ਭਾਰਤ ਦੀ ਟੀ-20 ਯੋਜਨਾਵਾਂ ਦਾ ਹਿੱਸਾ ਬਣ ਸਕਦਾ ਹੈ। ਪੰਤ ਖੇਡ ਦੇ ਤਿੰਨੋਂ ਫਾਰਮੈੱਟਾਂ ’ਚੋਂ ਸਿਰਫ ਭਾਰਤੀ ਟੈਸਟ ਟੀਮ ਦਾ ਹੀ ਅਟੁੱਟ ਮੈਂਬਰ ਹੈ ਜਦਕਿ ਵਨ ਡੇ ’ਚ ਉਹ ਕੇ. ਐੱਲ. ਰਾਹੁਲ ਦਾ ਬੈਕਅੱਪ ਵਿਕਟਕੀਪਰ ਹੈ। ਇਸ 28 ਸਾਲਾ ਖਿਡਾਰੀ ਨੇ 2024 ’ਚ ਭਾਰਤ ਦੀ ਵਿਸ਼ਵ ਕੱਪ ਜਿੱਤ ਤੋਂ ਬਾਅਦ ਟੀ-20 ਟੀਮ ’ਚ ਆਪਣੀ ਜਗ੍ਹਾ ਗੁਆ ਦਿੱਤੀ ਸੀ।
ਸੰਜੂ ਸੈਮਸਨ ਤੇ ਈਸ਼ਾਨ ਕਿਸ਼ਨ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦੇ ਹੋਏ ਟੀਮ ’ਚ ਵਾਪਸੀ ਕਰਨ ਲਈ ਉਸ ਨੂੰ ਕੁਝ ਖਾਸ ਪ੍ਰਦਰਸ਼ਨ ਕਰਨਾ ਪਵੇਗਾ, ਕਿਉਂਕਿ ਇਨ੍ਹਾਂ ਦੋਵਾਂ ਖਿਡਾਰੀਆਂ ਨੇ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਟੀਮ ’ਚ ਆਪਣੀ ਜਗ੍ਹਾ ਲੱਗਭਗ ਪੱਕੀ ਕਰ ਲਈ ਹੈ। ਇਸ ਲਈ ਪੰਤ ਲਈ ਆਈ. ਪੀ. ਐੱਲ. ਦਾ ਆਗਾਮੀ ਸੈਸ਼ਨ ਕਾਫੀ ਮਹੱਤਵਪੂਰਨ ਹੈ ਕਿਉਂਕਿ ਇਸ ’ਚ ਉਹ ਆਪਣੀ ਕੀਮਤ ਨੂੰ ਜਾਇਜ਼ ਠਹਿਰਾਉਣ ਤੋਂ ਇਲਾਵਾ ਖੇਡ ਦੇ ਸਭ ਤੋਂ ਛੋਟੇ ਫਾਰਮੈੱਟ ’ਚ ਆਪਣੀ ਪ੍ਰਸੰਗਿਕਤਾ ਬਣਾਈ ਰੱਖਣ ਦੀ ਵੀ ਕੋਸ਼ਿਸ਼ ਕਰੇਗਾ। ਪੰਤ ਨੇ ਪਿਛਲੇ ਸੈਸ਼ਨ ’ਚ ਜ਼ਿਆਦਾਤਰ ਸਮੇਂ ਚੌਥੇ ਨੰਬਰ ’ਤੇ ਬੱਲੇਬਾਜ਼ੀ ਕੀਤੀ ਸੀ ਪਰ ਤਦ ਉਹ ਆਖਰੀ ਦੇ ਕੁਝ ਮੈਚਾਂ ’ਚ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਨ ਲਈ ਉਤਰਿਆ ਸੀ। ਉਸ ਸਮੇਂ ਤੱਕ ਹਾਲਾਂਕਿ ਲਖਨਊ ਦੀ ਵਾਪਸੀ ਦੀ ਸੰਭਾਵਨਾ ਖਤਮ ਹੋ ਗਈ ਸੀ। ਪੰਤ ਦੇ ਤੀਜੇ ਨੰਬਰ ’ਤੇ ਉਤਰਨ ਦਾ ਮਤਲਬ ਹੋਵੇਗਾ ਕਿ ਨਿਕੋਲਸ ਪੂਰਨ ਨੂੰ ਬੱਲੇਬਾਜ਼ੀ ਕ੍ਰਮ ’ਚ ਹੇਠਾਂ ਆਉਣਾ ਪਵੇਗਾ।
ਐੱਲ. ਐੱਸ. ਜੀ. ਦੀ ਟੀਮ ਅਜੇ ਲਖਨਊ ’ਚ ਆਪਣੇ ਘਰੇਲੂ ਮੈਦਾਨ ’ਤੇ ਅਭਿਆਸ ਕਰ ਰਹੀ ਹੈ। ਉਸ ਦਾ ਪਹਿਲਾ ਮੈਚ 1 ਅਪ੍ਰੈਲ ਨੂੰ ਦਿੱਲੀ ਕੈਪੀਟਲਜ਼ ਵਿਰੁੱਧ ਹੋਵੇਗਾ। ਮੁੱਖ ਕੋਚ ਜਸਟਿਨ ਲੈਂਗਰ ਤੇ ਉਸ ਦਾ ਸਹਿਯੋਗੀ ਸਟਾਫ ਆਪਣੇ ਕਪਤਾਨ ਦੇ ਬੱਲੇਬਾਜ਼ੀ ਕ੍ਰਮ ਨੂੰ ਲੈ ਕੇ ਇਕਮਤ ਹਨ। ਆਈ. ਪੀ. ਐੱਲ. ਸੂਤਰਾਂ ਅਨੁਸਾਰ, ‘‘ਟੀਮ ਮੈਨੇਜਮੈਂਟ ਤੇ ਪੰਤ ਦੋਵੇਂ ਇਸ ਗੱਲ ਨਾਲ ਸਹਿਮਤ ਹਨ ਕਿ ਉਸ ਲਈ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਨਾ ਢੁਕਵਾਂ ਹੋਵੇਗਾ। ਇਸ ਸਾਲ ਉਸ ਦੇ ਟਾਪ ਆਰਡਰ ’ਚ ਐਡਨ ਮਾਰਕ੍ਰਮ, ਮਿਸ਼ੇਲ ਮਾਰਸ਼ ਤੇ ਪੰਤ ਸ਼ਾਮਲ ਹੋਣਗੇ।’’
ਪੰਤ ਨੇ ਪਿਛਲੇ ਸਾਲ 133.17 ਦੀ ਨਿਰਾਸ਼ਾਜਨਕ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕੀਤੀ ਸੀ ਤੇ ਉਸ ਨੇ ਸਿਰਫ 269 ਦੌੜਾਂ ਬਣਾਈਆਂ ਸਨ, ਜਿਨ੍ਹਾਂ ’ਚ ਅਜੇਤੂ 118 ਦੌੜਾਂ ਦੀ ਇਕ ਪਾਰੀ ਵੀ ਸ਼ਾਮਲ ਹੈ। ਲਖਨਊ ਦੀ ਟੀਮ ਦੇ ਮੱਧਕ੍ਰਮ ’ਚ ਪੂਰਨ, ਆਯੂਸ਼ ਬਾਦੋਨੀ, ਅਬਦੁਲ ਸਮਦ ਤੇ ਸ਼ਾਹਬਾਜ਼ ਅਹਿਮਦ ਸ਼ਾਮਲ ਹਨ। ਪਿਛਲੇ ਸੈਸ਼ਨ ’ਚ ਲਖਨਊ ਦੀ ਸਭ ਤੋਂ ਵੱਡੀ ਕਮਜ਼ੋਰੀ ਉਸ ਦੀ ਗੇਂਦਬਾਜ਼ੀ ਰਹੀ ਸੀ ਕਿਉਂਕਿ ਮਯੰਕ ਯਾਦਵ ਤੇ ਮੋਹਸਿਨ ਖਾਨ ਵਰਗੇ ਤੇਜ਼ ਗੇਂਦਬਾਜ਼ ਸੱਟਾਂ ਕਾਰਨ ਉਪਲੱਬਧ ਨਹੀਂ ਸਨ। ਹੋਰ ਤੇਜ਼ ਗੇਂਦਬਾਜ਼ੀ ਬਦਲਾਂ ’ਚ ਆਵੇਸ਼ ਖਾਨ ਤੇ ਐਨਰਿਚ ਨੋਰਤਜੇ ਸ਼ਾਮਲ ਸਨ।
ਸੂਤਰ ਨੇ ਕਿਹਾ, ‘‘ਲਖਨਊ ਦੀ ਬੱਲੇਬਾਜ਼ੀ ਚੰਗੀ ਹੈ ਤੇ ਗੇਂਦਬਾਜ਼ੀ ਪਿਛਲੇ ਸਾਲ ਦੀ ਤੁਲਨਾ ’ਚ ਕਾਫੀ ਬਿਹਤਰ ਦਿਖ ਰਹੀ ਹੈ ਪਰ ਅਜੇ ਵੀ ਸੁਮੇਲ ਤੈਅ ਕਰਨਾ ਬਾਕੀ ਹੈ। ਮਯੰਕ ਫਿਟ ਹੈ ਪਰ ਉਸ ਨੂੰ ਨੈੱਟ ’ਤੇ ਹੋਰ ਜ਼ਿਆਦਾ ਗੇਂਦਬਾਜ਼ੀ ਕਰਨ ਦੀ ਲੋੜ ਹੈ। ਉਮੀਦ ਹੈ ਕਿ ਉਹ ਟੀਮ ਦੀ ਉਮੀਦ ’ਤੇ ਖਰਾ ਉਤਰੇਗਾ।’’
PSL 2026 ਦੇ ਮੁਕਾਬਲੇ ਸਿਰਫ਼ ਦੋ ਸ਼ਹਿਰਾਂ ਵਿੱਚ ਹੀ ਹੋਣਗੇ, ਦਰਸ਼ਕਾਂ ਦੇ ਬਿਨਾਂ ਖੇਡੀ ਜਾਵੇਗੀ ਲੀਗ
NEXT STORY