ਨਵੀਂ ਦਿੱਲੀ– ਅੰਕਿਤਾ ਰੈਨਾ ਦੀ ਸ਼ਨੀਵਾਰ ਨੂੰ ਇੱਥੇ ਦੱਖਣੀ ਕੋਰੀਆ ਦੀ ਡੇਯੋਨ ਬੈਕ ਹੱਥੋਂ ਸਿੱਧੇ ਸੈੱਟਾਂ ’ਚ ਹਾਰ ਦੇ ਨਾਲ ਹੀ ਭਾਰਤ ਦੀ ਬਿਲੀ ਜੀਨ ਕਿੰਗ ਕੱਪ (ਬੀ. ਜੇ. ਕੇ. ਸੀ.) ਟੈਨਿਸ ਟੂਰਨਾਮੈਂਟ ਦੇ ਵਿਸ਼ਵ ਗਰੁੱਪ ਦੇ ਪਲੇਅ ਆਫ ’ਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਖਤਮ ਹੋ ਗਈਆਂ।
ਭਾਰਤੀ ਟੀਮ ਦਿਨ ਦੀ ਸ਼ੁਰੂਆਤ ’ਚ ਅੰਕ ਸੂਚੀ ’ਚ ਚੌਥੇ ਸਥਾਨ ’ਤੇ ਸੀ ਤੇ ਉਸ ਨੂੰ ਟਾਪ-2 ’ਚ ਜਗ੍ਹਾ ਬਣਾਉਣ ਲਈ ਕੋਰੀਆ ’ਤੇ 3-0 ਨਾਲ ਜਿੱਤ ਦੀ ਲੋੜ ਸੀ। ਕਪਤਾਨ ਵਿਸ਼ਾਲ ਉੱਪਲ ਨੇ ਇਸ ਮਹੱਤਵਪੂਰਨ ਮੁਕਾਬਲੇ ਦੀ ਸ਼ੁਰੂਆਤ ਲਈ ਸਭ ਤੋਂ ਤਜ਼ਰੇਬਕਾਰ ਖਿਡਾਰੀ ਅੰਕਿਤਾ ਨੂੰ ਚੁਣਿਆ ਸੀ ਪਰ ਡੇਯੋਨ ਬੈਕ ਨੇ ਇਹ ਮੁਕਾਬਲਾ ਜਿੱਤ ਕੇ ਭਾਰਤੀ ਉਮੀਦਾਂ ’ਤੇ ਪਾਣੀ ਫੇਰ ਦਿੱਤਾ।
ਵਿਸ਼ਵ ’ਚ 581ਵੀਂ ਰੈਂਕਿੰਗ ਦੀ ਖਿਡਾਰਨ 33 ਸਾਲਾ ਅੰਕਿਤਾ ਨੇ 343ਵੀਂ ਰੈਂਕਿੰਗ ਵਾਲੀ ਕੋਰੀਆਈ ਖਿਡਾਰਨ ਵਿਰੁੱਧ ਪਹਿਲਾ ਸੈੱਟ ਆਸਾਨੀ ਨਾਲ ਗੁਆ ਦਿੱਤਾ ਪਰ ਦੂਜੇ ਸੈੱਟ ’ਚ ਉਸ ਨੇ ਸਖਤ ਚੁਣੌਤੀ ਪੇਸ਼ ਕੀਤੀ। ਆਖਿਰ ’ਚ ਹਾਲਾਂਕਿ ਉਸ ਨੂੰ 1 ਘੰਟਾ ਤੇ 55 ਮਿੰਟ ਤੱਕ ਚੱਲੇ ਮੈਚ ’ਚ 1-6, 5-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਅੰਕਿਤਾ ਨੇ ਇਸ ਟੂਰਨਾਮੈਂਟ ’ਚ ਇਸ ਤੋਂ ਪਹਿਲਾਂ ਕੋਈ ਸਿੰਗਲਜ਼ ਮੈਚ ਨਹੀਂ ਖੇਡਿਆ ਸੀ। ਉਹ ਸਿਰਫ ਡਬਲਜ਼ ’ਚ ਹੀ ਮੁਕਾਬਲੇਬਾਜ਼ੀ ਕਰਦੀ ਸੀ ।
ਭਾਰਤ ਹੁਣ ਬਾਕੀ ਬਚੇ ਦੋ ਮੈਚ ਜਿੱਤਣ ਦੀ ਕੋਸ਼ਿਸ਼ ਕਰੇਗਾ। ਇਸ ਨਾਲ ਉਹ ਚੌਥੇ ਸਥਾਨ ’ਤੇ ਬਣੇ ਰਹਿਣ ਦੀ ਆਪਣੀ ਉਮੀਦ ਨੂੰ ਬਰਕਰਾਰ ਰੱਖੇਗਾ। ਅਜਿਹਾ ਕਰਨ ’ਤੇ ਉਹ ਏਸ਼ੀਆ–ਓਸ਼ੀਨੀਆ ਗਰੁੱਪ-1 ’ਚ ਬਣਿਆ ਰਹੇਗਾ।
IPL 2026: ਲਖਨਊ ਦਾ ਸਾਹਮਣਾ ਅੱਜ ਗੁਜਰਾਤ ਨਾਲ, ਮੈਚ ਤੋਂ ਪਹਿਲਾਂ ਜਾਣੋ ਇਹ ਖਾਸ ਗੱਲਾਂ
NEXT STORY