ਸਪੋਰਟਸ ਡੈਸਕ— 20 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਰੋਜਰ ਫ਼ੈਡਰਰ ਨੇ ਟੋਕੀਓ ਓਲੰਪਿਕ ’ਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੇ ਗੋਡੇ ਦੀ ਸੱਟ ਦੇ ਬਾਅਦ ਇਹ ਕਦਮ ਚੁੱਕਿਆ ਹੈ ਤੇ ਇਸ ਗੱਲ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਹੈ। ਟੋਕੀਓ ਖੇਡਾਂ ’ਚ ਟੈਨਿਸ ਟੂਰਨਾਮੈਂਟ 24 ਜੁਲਾਈ ਤੋਂ 1 ਅਗਸਤ ਤਕ ਹੋਣ ਵਾਲਾ ਹੈ।
ਇਸ 40 ਸਾਲਾ ਸਟਾਰ ਖਿਡਾਰੀ ਨੇ ਲਿਖਿਆ, ਬਦਕਿਸਮਤੀ ਨਾਲ ਗ੍ਰਾਸ ਕੋਰਟ ਸੀਜ਼ਨ ਦੇ ਦੌਰਾਨ ਮੇਰੇ ਗੋਡੇ ’ਚ ਝਟਕਾ (ਸੱਟ) ਲੱਗਾ ਤੇ ਮੈਂ ਸਵੀਕਾਰ ਕਰ ਲਿਆ ਕਿ ਮੈਨੂੰ ਟੋਕੀਓ ਓਲੰਪਿਕ ਖੇਡਾਂ ਤੋਂ ਹੱਟ ਜਾਣਾ ਚਾਹੀਦਾ ਹੈ। ਮੈਂ ਬਹੁਤ ਨਿਰਾਸ਼ ਹਾਂ ਕਿਉਂਕਿ ਜਦੋਂ ਵੀ ਮੈਂ ਸਵਿਟਜ਼ਰਲੈਂਡ ਦੀ ਨੁਮਾਇੰਦਗੀ ਕੀਤੀ ਹੈ ਇਹ ਮੇਰੇ ਕਰੀਅਰ ਦਾ ਸਨਮਾਨ ਤੇ ਮੁੱਖ ਆਕਰਸ਼ਣ ਰਿਹਾ ਹੈ। ਮੈਂ ਪੂਰੀ ਸਵਿਸ ਟੀਮ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਤੇ ਮੈਂ ਦੂਰ ਤੋਂ ਹੀ ਸਖ਼ਤ ਮਿਹਨਤ ਕਰਾਂਗਾ।
ਫ਼ੈਡਰਰ ਨੇ ਚਾਰ ਵਾਰ ਓਲੰਪਿਕ ’ਚ ਹਿੱਸਾ ਲਿਆ ਹੈ ਤੇ 2012 ਦੀਆਂ ਲੰਡਨ ਖੇਡਾਂ ’ਚ ਸਥਾਨਕ ਖਿਡਾਰੀ ਐਂਡੀ ਮਰੇ ਤੋਂ ਹਾਰਨ ਦੇ ਬਾਅਦ ਸਿੰਗਲ ’ਚ ਚਾਂਦੀ ਤੇ 2008 ਬੀਜਿੰਗ ਖੇਡਾਂ ’ਚ ਡਬਲਜ਼ ’ਚ ਸੋਨ ਤਮਗ਼ਾ ਜਿੱਤਿਆ ਸੀ। ਫ਼ੈਡਰਰ ਦੇ ਟੋਕੀਓ ਖੇਡਾਂ ਤੋਂ ਬਾਹਰ ਹੋਣ ਨਾਲ ਸਟਾਰ ਐਥਲੀਟਾਂ ਦੀ ਇਕ ਲੰਬੀ ਸੂਚੀ ਬਣ ਗਈ ਹੈ ਜੋ ਟੋਕੀਓ ਓਲਪਿੰਕ ’ਚ ਹਿੱਸਾ ਨਹੀਂ ਲੈ ਰਹੇ। ਇਸ ਸੂਚੀ ’ਚ ਰਾਫ਼ੇਲ ਨਡਾਲ, ਸੇਰੇਨਾ ਵਿਲੀਅਮਸ, ਡੋਮਿਨਿਕ ਥਿਏਮ, ਸਿਮੋਨਾ ਹਾਲੇਪ ਤੇ ਡੇਨਿਸ ਸ਼ਾਪੋਵਾਲੋਵ ਸ਼ਾਮਲ ਹਨ ਜਦਕਿ ਨੋਵਾਕ ਜੋਕੋਵਿਚ ਅਜੇ ਵੀ ਟੋਕੀਓ ’ਚ ਆਪਣੀ ਮੌਜੂਦਗੀ ’ਤੇ ਪੂਰੀ ਤਰ੍ਹਾਂ ਫ਼ੈਸਲਾ ਨਹੀਂ ਕਰ ਸਕੇ ਹਨ।
FIH ਕੋਵਿਡ-19 ਕਾਰਨ ਪਹਿਲੇ ਵਿਸ਼ਵ ਹਾਕੀ ਫ਼ਾਈਵਸ ਟੂਰਨਾਮੈਂਟ ਨੂੰ ਮੁਲਤਵੀ ਕਰਨ ਨੂੰ ਮਜਬੂਰ
NEXT STORY