ਨਵੀਂ ਦਿੱਲੀ- ਜਿੱਤ ਦੇ ਜਸ਼ਨ ਵਿਚ ਗਲੇ ਮਿਲਦੇ, ਹਾਰ ਦੇ ਦੁੱਖ ਵਿਚ ਇਕ-ਦੂਜੇ ਦੇ ਹੰਝੂ ਪੂੰਝਦੇ, ਕ੍ਰੀਜ਼ ’ਤੇ ਇਕ-ਦੂਜੇ ਦੀ ਉਪਲੱਬਧੀ ਦੀ ਸ਼ਲਾਘਾ ਕਰਦੇ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਫਿਲਮ ‘ਸ਼ੋਲੇ’ ਦੇ ਜੈ ਤੇ ਵੀਰੂ ਦੀ ਤਰ੍ਹਾਂ ਹਮੇਸ਼ਾ ਇਕ-ਦੂਜੇ ਦੇ ਨਾਲ ਖੜ੍ਹੇ ਨਜ਼ਰ ਆਏ ਤੇ ਹੁਣ ਦੋਵਾਂ ਨੇ ਟੀ-20 ਕ੍ਰਿਕਟ ਤੋਂ ਵਿਦਾਈ ਵੀ ਇਕੱਠਿਆਂ ਹੀ ਲਈ।
ਜਿੱਤ ਤੋਂ ਬਾਅਦ ਮੋਢੇ ’ਤੇ ਤਿਰੰਗਾ ਲਈ ਜਾਂ ਇਕ-ਦੂਜੇ ਦੇ ਗਲੇ ਲੱਗ ਕੇ ਰੋਂਦੇ ਦੋਵਾਂ ਦੀਆਂ ਤਸਵੀਰਾਂ 140 ਕਰੋੜ ਭਾਰਤੀਆਂ ਦੇ ਦਿਲਾਂ ਵਿਚ ਘਰ ਕਰ ਗਈਆਂ। ਦੋਵਾਂ ਦੀ ਸ਼ਖ਼ਸੀਅਤ ਵਿਚ ਕੋਈ ਬਰਾਬਰਤਾ ਨਹੀਂ ਹੈ। ਇਕ ਅੱਗ ਹੈ ਤਾਂ ਦੂਜਾ ਪਾਣੀ। ਇਕ ‘ਵੱਡਾ ਪਾਓ’ ਖਾਣ ਵਾਲਾ ਠੇਠ ਮੁੰਬਈ ਦਾ ਤਾਂ ਦੂਜਾ ‘ਛੋਲੇ-ਭਟੂਰਿਆਂ’ ਦਾ ਸ਼ੌਕੀਨ ਦਿੱਲੀ ਵਾਲਾ ਪਰ ਫਿਰ ਵੀ ਪਿਛਲੇ 15 ਸਾਲ ਤੋਂ ਦੋਵੇਂ ਇਕ-ਦੂਜੇ ਦੇ ਪੂਰਕ ਰਹੇ ਹਨ। ਦੁੱਖ ਵਿਚ, ਖੁਸ਼ੀ ਵਿਚ, ਜਿੱਤ ਵਿਚ ਤੇ ਹਾਰ ਵਿਚ।
ਵੈਸਟਇੰਡੀਜ਼ ਵਿਚ ਦੱਖਣੀ ਅਫਰੀਕਾ ਨੂੰ ਹਰਾ ਕੇ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਰੋਹਿਤ ਮੈਦਾਨ ’ਤੇ ਲੰਬਾ ਪੈ ਗਿਆ, ਅੱਖਾਂ ਹੰਝੂਆਂ ਨਾਲ ਭਿੱਜੀਆਂ ਸਨ। ਉੱਥੇ ਹੀ, ਕੋਹਲੀ ਆਪਣੀਆਂ ਭਾਵਨਾਵਾਂ ਛੁਪਾਉਂਦੇ ਹੋਏ ਕੁਝ ਦੇਰ ਲਈ ਚੁੱਪਚਾਪ ਡ੍ਰੈਸਿੰਗ ਰੂਮ ਵਿਚ ਚਲਾ ਗਿਆ। ਉਹ ਜਿੱਤ ਦਾ ਜਸ਼ਨ ਮਨਾਉਣਾ ਚਾਹੁੰਦਾ ਸੀ ਪਰ ਇਕੱਲਾ ਵੀ ਰਹਿਣਾ ਚਾਹੁੰਦਾ ਸੀ।
ਦੋਵਾਂ ਦੇ ਵਿਚਾਲੇ ਸਾਂਝਾ ਕੀ ਹੈ, ਇਕ-ਦੂਜੇ ਦੇ ਹੁਨਰ ਤੇ ਉਪਲਬੱਧੀਆਂ ਸਨਮਾਨ। ਰੋਹਿਤ ਨੂੰ ਬਾਖੂਬੀ ਪਤਾ ਸੀ ਕਿ ਕੋਹਲੀ ਨੇ ਸੰਨਿਆਸ ਦਾ ਫੈਸਲਾ ਲੈ ਲਿਆ ਹੈ, ਫਾਈਨਲ ਦਾ ਨਤੀਜਾ ਭਾਵੇਂ ਜੋ ਵੀ ਹੋਵੇ। ਇਹ ਹੀ ਵਜ੍ਹਾ ਹੈ ਕਿ ਮੈਚ ਤੋਂ ਬਾਅਦ ਐਵਾਰਡ ਵੰਡ ਸਮਾਰੋਹ ਵਿਚ ਰੋਹਿਤ ਨੇ ਉਸ ਨੂੰ ਉਹ ਮੌਕਾ ਦਿੱਤਾ ਤੇ ਆਪਣੇ ਸੰਨਿਆਸ ਦਾ ਐਲਾਨ ਨਹੀਂ ਕੀਤਾ। ਉਸ ਨੇ ਪ੍ਰੈੱਸ ਕਾਨਫਰੰਸ ਵਿਚ ਇਸਦਾ ਐਲਾਨ ਕੀਤਾ। ਜਦੋਂ ਇਕ ਹੀ ਦੌਰ ਵਿਚ ਦੋ ਧਾਕੜ ਖੇਡ ਰਹੇ ਹੋਣ ਤਾਂ ਮਤਭੇਦ ਹੋਣਾ ਲਾਜ਼ਮੀ ਹਨ ਕਿਉਂਕਿ ਕਹਿੰਦੇ ਹਨ ਕਿ ਇਕ ਮਿਆਨ ਵਿਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ।
ਭਾਰਤੀ ਕ੍ਰਿਕਟ ਵਿਚ ਇੰਨਾ ਕੁਝ ਦਾਅ ’ਤੇ ਹੁੰਦਾ ਹੈ ਕਿ ਦੋ ਤਲਵਾਰਾਂ ਇਕ ਮਿਆਨ ਵਿਚ ਰਹਿਣਾ ਸਿੱਖ ਜਾਂਦੀਆਂ ਹਨ। ਸੁਨੀਲ ਗਾਵਸਕਰ ਤੇ ਕਪਿਲ ਦੇਵ 80 ਦੇ ਦਹਾਕੇ ਵਿਚ ਇਕੱਠੇ ਖੇਡ ਰਹੇ ਸਨ ਜਦੋਂ ਸੋਸ਼ਲ ਮੀਡੀਆ ਨਹੀਂ ਸੀ। ਉਸ ਦੌਰ ਵਿਚ ਕਪਤਾਨੀ ਨੂੰ ਲੈ ਕੇ ਮਿਊਜ਼ੀਕਲ ਚੇਅਰ ਹੁੰਦੀ ਸੀ ਪਰ ਇਨ੍ਹਾਂ ਦੋਵਾਂ ਧਾਕੜਾਂ ਦਾ ਇਕ-ਦੂਜੇ ਦੇ ਪ੍ਰਤੀ ਸਨਮਾਨ ਘੱਟ ਨਹੀਂ ਹੋਇਆ।
ਰੋਹਿਤ ਤੇ ਵਿਰਾਟ ਸੋਸ਼ਲ ਮੀਡੀਆ ਦੇ ਦੌਰ ਦੇ ਧਾਕੜ ਹਨ। ‘ਰਾਈ ਦਾ ਪਹਾੜ’ ਬਣਾਉਣ ਵਾਲੇ ਇਸ ਦੌਰ ਵਿਚ ਦੋਵਾਂ ਨੇ ਆਪਣਾ ਅਕਸ ਬਰਕਰਾਰ ਰੱਖਿਆ। ਵਿਸ਼ਵ ਕੱਪ ਸੈਮੀਫਾਈਨਲ 2019 ਵਿਚ ਭਾਰਤ ਦੀ ਹਾਰ ਤੋਂ ਬਾਅਦ ਦੋਵਾਂ ਦੇ ਸਬੰਧਾਂ ਵਿਚ ਦਰਾੜ ਦੀਆਂ ਖਬਰਾਂ ਆਉਣ ਲੱਗੀਆਂ। ਕੋਹਲੀ ਨੇ ਟੀ-20 ਕਪਤਾਨੀ ਛੱਡਣ ਦਾ ਫੈਸਲਾ ਕੀਤਾ ਤੇ ਬੀ. ਸੀ. ਸੀ. ਅਾਈ. ਨੇ ਸੀਮਤ ਓਵਰਾਂ ਦੇ ਦੋਵਾਂ ਸਵਰੂਪਾਂ ਵਿਚ ਰੋਹਿਤ ਨੂੰ ਕਪਤਾਨ ਬਣਾਇਆ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਕੁਝ ਪੋਸਟਾਂ ਤੋਂ ਪਤਾ ਲੱਗਦਾ ਹੈ ਕਿ ਦੋਵਾਂ ਦੇ ਮਨ ਵਿਚ ਇਕ-ਦੂਜੇ ਲਈ ਕਿੰਨਾ ਸਨਮਾਨ ਹੈ। ਕੋਹਲੀ ਨੇ ਕੁਝ ਸਾਲ ਪਹਿਲਾਂ ‘ਬ੍ਰੇਕਫਾਸਟ ਵਿਦ ਚੈਂਪੀਅਨ’ ਪਾਡਕਾਸਟ ਵਿਚ ਕਿਹਾ ਸੀ, ‘‘ਜਦੋਂ ਉਹ ਸਭ ਤੋਂ ਪਹਿਲਾਂ ਆਇਆ ਤਾਂ ਸਭ ਕਹਿੰਦੇ ਸਨ ਕਿ ਇਕ ਖਿਡਾਰੀ ਆਇਆ ਹੈ ਰੋਹਿਤ ਸ਼ਰਮਾ। ਮੈਂ ਸੋਚਿਆ ਕਿ ਨੌਜਵਾਨ ਖਿਡਾਰੀ ਤਾਂ ਅਸੀਂ ਵੀ ਹਾਂ, ਅਜਿਹਾ ਕਿਹੜਾ ਖਿਡਾਰੀ ਆਇਆ ਹੈ ਕਿ ਕੋਈ ਸਾਡੀ ਗੱਲ ਹੀ ਨਹੀਂ ਕਰ ਰਿਹਾ। ਫਿਰ ਟੀ-20 ਵਿਸ਼ਵ ਕੱਪ ਵਿਚ ਦੱਖਣੀ ਅਫਰੀਕਾ ਵਿਰੁੱਧ ਮੈਂ ਉਸਦੀ ਪਾਰੀ ਦੇਖੀ ਤਾਂ ਮੈਂ ਸੋਫੇ ਵਿਚ ਵੜ੍ਹ ਗਿਆ। ਮੈਂ ਖੁਦ ਨੂੰ ਕਿਹਾ ਕਿ ਭਰਾ ਅੱਜ ਤੋਂ ਬਾਅਦ ਚੁੱਪ ਰਹਿਣਾ।’ ਇਸੇ ਤਰ੍ਹਾਂ ਨਾਲ ਰੋਹਿਤ ਨੇ ਕਿਹਾ, ‘‘ਵਿਰਾਟ ਹਮੇਸ਼ਾ ਤੋਂ ਚੈਂਪੀਅਨ ਕ੍ਰਿਕਟਰ ਰਿਹਾ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਸ ਨੇ ਸਾਡੇ ਲਈ ਕੀ ਕੀਤਾ ਹੈ।’’
ਦੋਵਾਂ ਦੇ ਆਪਣੇ-ਆਪਣੇ ਸੰਘਰਸ਼ ਰਹੇ ਹਨ। ਕੋਹਲੀ ਨੂੰ ਦਿੱਲੀ ਕ੍ਰਿਕਟ ਦੇ ਭ੍ਰਿਸ਼ਟ ਮਾਹੌਲ ਵਿਚ ਖੁਦ ਨੂੰ ਸਾਬਤ ਕਰਨਾ ਸੀ, ਜਿਸ ਵਿਚ ਉਸਦੇ ਸਵ. ਪਿਤਾ ਨੇ ਅੰਡਰ-15 ਚੋਣ ਲਈ ਰਿਸ਼ਵਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉੱਥੇ ਹੀ, ਰੋਹਿਤ ਦੇ ਅੰਕਲ ਨੇ ਬੋਰੀਵਲੀ ਵਿਚ ਸਵਾਮੀ ਵਿਵੇਕਾਨੰਦ ਸਕੂਲ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ 200 ਰੁਪਏ ਮਹੀਨਾ ਫੀਸ ਨਹੀਂ ਦੇ ਸਕੇਗਾ। ਉਸ ਨੂੰ ਖੇਡ ਵਿਚ ਸਕਾਲਰਸ਼ਿਪ ਮਿਲੀ। ਵਿਸ਼ਵ ਕੱਪ 1983 ਵਿਚ ਲਾਰਡਸ ਦੀ ਬਾਲਕਨੀ ’ਤੇ ਜਿਸ ਤਰ੍ਹਾਂ ਕਪਿਲ ਦਾ ਹੱਥ ਫੜੀ ਗਵਾਸਕਰ ਦੀ ਤਸਵੀਰ ਕ੍ਰਿਕਟ ਪ੍ਰੇਮੀਆਂ ਦੇ ਦਿਮਾਗ ਵਿਚ ਘਰ ਕਰ ਗਈ, ਉਸੇ ਤਰ੍ਹਾਂ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਰੋਹਿਤ ਤੇ ਕੋਹਲੀ ਦਾ ਇਕ-ਦੂਜੇ ਨੂੰ ਗਲੇ ਲਗਾਉਣਾ ਵੀ ਲੋਕ ਭੁੱਲ ਨਹੀਂ ਸਕਣਗੇ। ਭਾਰਤੀ ਕ੍ਰਿਕਟ ਦੇ ਇਸ ਜੈ ਤੇ ਵੀਰੂ ਦੀਆਂ ਤਸਵੀਰਾਂ ਨਿਸ਼ਚਿਤ ਤੌਰ ’ਤੇ ਕ੍ਰਿਕਟ ਪ੍ਰੇਮੀਆਂ ਦੀਆਂ ਪਲਕਾਂ ਨੂੰ ਹੰਝੂਆਂ ਨਾਲ ਭਰ ਦੇਣਗੀਆਂ। ਵੈਸੇ ਵੀ ਲੀਜੈਂਡ ਕਦੇ ਰਿਟਾਇਰ ਨਹੀਂ ਹੁੰਦੇ।
T20 ਵਿਸ਼ਵ ਕੱਪ ਜੇਤੂ ਟੀਮ ਇੰਡੀਆ ਲਈ BCCI ਨੇ ਖੋਲ੍ਹਿਆ ਖ਼ਜ਼ਾਨਾ, ਵੱਡੀ ਇਨਾਮੀ ਰਾਸ਼ੀ ਦਾ ਕੀਤਾ ਐਲਾਨ
NEXT STORY