ਹਾਲ ਹੀ ’ਚ ਇਕ ਰਿਸਰਚ ਵਿਚ ਇਹ ਗੱਲ ਸਾਹਮਣੇ ਆਈ ਕਿ ਬ੍ਰਿਟੇਨ ’ਚ ਪਰਿਵਾਰ ਦੇ ਮੈਂਬਰਾਂ (ਦਾਦਾ-ਦਾਦੀ, ਮਾਤਾ-ਪਿਤਾ, ਬੱਚੇ) ਜਾਂ ਗੈਰ-ਪਰਿਵਾਰਕ ਮੈਂਬਰਾਂ ਨਾਲ ਇਕ ਛੱਤ ਹੇਠ ਰਹਿਣ ਦਾ ਰੁਝਾਨ ਵਧ ਰਿਹਾ ਹੈ। ਸਿਰਫ ਮਾਤਾ-ਪਿਤਾ ਨਾਲ ਹੀ ਨਹੀਂ, ਸਗੋਂ ਬ੍ਰਿਟੇਨ, ਜਰਮਨੀ, ਫਰਾਂਸ ਅਤੇ ਅਮਰੀਕਾ ਵਰਗੇ ਦੇਸ਼ਾਂ ਵਿਚ ਸੈਂਕੜੇ ਕਮਿਊਨਿਟੀ ਲਿਵਿੰਗ ਗਰੁੱਪ ਬਣ ਗਏ ਹਨ, ਜਿਥੇ ਲੋਕ ਸਸਤੇ ਵਿਚ ਰਹਿੰਦੇ ਹਨ ਅਤੇ ਇਕੱਲੇਪਣ ਤੋਂ ਬਚਦੇ ਹਨ।
ਉਥੇ ਸਮਾਜਸ਼ਾਸਤਰੀਆਂ ਦੀ ਰਿਸਰਚ ਿਵਚ ਇਹ ਗੱਲ ਸਾਹਮਣੇ ਆਈ ਹੈ ਕਿ ਕਮਿਊਨਿਟੀ ਲਿਵਿੰਗ ਅਤੇ ਮਲਟੀ-ਜੈਨਰੇਸ਼ਨਲ ਘਰਾਂ ਵਿਚ ਰਹਿਣ ਵਾਲੇ ਲੋਕ ਇਕੱਲੇ ਅਤੇ ਨਿਊਕਲੀਅਰ ਫੈਮਿਲੀ (ਸਿੰਗਲ ਪਰਿਵਾਰ) ਵਿਚ ਰਹਿਣ ਵਾਲਿਆਂ ਦੀ ਤੁਲਨਾ ਵਿਚ ਵੱਧ ਸੰਤੁਸ਼ਟ ਅਤੇ ਖੁਸ਼ੀ ਮਹਿਸੂਸ ਕਰਦੇ ਹਨ। ਨਤੀਜੇ ਵਜੋਂ ਜੋ ਲੋਕ ਆਪਣੇ ਘਰ ਦਾ ਖਰਚ ਉਠਾ ਸਕਦੇ ਹਨ, ਉਹ ਵੀ ਹੁਣ ਕਮਿਊਨਿਟੀ ਲਿਵਿੰਗ ਚੁਣ ਰਹੇ ਹਨ, ਜਿਸ ਨਾਲ ਇਹ ਸਿਰਫ ਆਰਥਿਕ ਮਜਬੂਰੀ ਨਹੀਂ ਸਗੋਂ ਉਥੇ ਇਕ ਜੀਵਨਸ਼ੈਲੀ ਦਾ ਬਦਲ ਬਣਦਾ ਜਾ ਰਿਹਾ ਹੈ।
ਇਸ ਦੇ ਉਲਟ ਅਸੀਂ ਪਰਸਨਲ ਸਪੇਸ ਅਤੇ ਨਿੱਜਤਾ ਵੱਲ ਭੱਜ ਰਹੇ ਹਾਂ। ਅੱਜ ਭਾਰਤ ਇਕ ਅਜਿਹੇ ਮੋੜ ’ਤੇ ਖੜ੍ਹਾ ਹੈ ਜਿਥੇ ਆਰਥਿਕ ਪ੍ਰਗਤੀ, ਤਕਨੀਕੀ ਵਿਕਾਸ ਅਤੇ ਸੰਸਾਰਕ ਪਛਾਣ ਦੇ ਰੌਲੇ ਵਿਚ ਇਕ ਅਤਿਅੰਤ ਮੌਨ ਪਰ ਡੂੰਘੀ ਸਮਾਜਿਕ ਤ੍ਰਾਸਦੀ ਵਾਪਰ ਰਹੀ ਹੈ ਅਤੇ ਉਹ ਹੈ ਸਾਂਝੇ ਪਰਿਵਾਰਾਂ ਦਾ ਟੁੱਟਣਾ। ਤ੍ਰਾਸਦੀ ਇਹ ਹੈ ਕਿ ਜਿਸ ਸਾਂਝੇ ਪਰਿਵਾਰ ਦੀ ਵਿਵਸਥਾ ਨੂੰ ਭਾਰਤ ਨੇ ਪੱਛੜੇਪਣ ਦਾ ਪ੍ਰਤੀਕ ਮੰਨ ਕੇ ਤਿਆਗਣਾ ਸ਼ੁਰੂ ਕੀਤਾ, ਉਹੀ ਵਿਵਸਥਾ ਅੱਜ ਪੱਛਮੀ ਦੇਸ਼ਾਂ ਵਿਚ ਨਵੇਂ ਸਮਾਜਿਕ ਹੱਲ ਦੇ ਰੂਪ ਵਿਚ ਅਪਣਾਈ ਜਾ ਰਹੀ ਹੈ।
ਦਰਅਸਲ ਭਾਰਤ ਵਿਚ ਸਾਂਝਾ ਪਰਿਵਾਰ ਕਦੇ ਸਿਰਫ ਸਾਥ ਰਹਿਣ ਦੀ ਵਿਵਸਥਾ ਮਾਤਰ ਨਹੀਂ ਰਿਹਾ ਸਗੋਂ ਇਹ ਇਕ ਅਜਿਹਾ ਸੱਭਿਆਚਾਰਕ ਸੁਰੱਖਿਆ ਕਵਚ ਸੀ, ਜਿਥੇ ਬੱਚੇ ਸੰਸਕਾਰ ਸਿੱਖਦੇ ਸਨ, ਨੌਜਵਾਨ ਜ਼ਿੰਮੇਵਾਰੀ ਨਿਭਾਉਂਦੇ ਸਨ ਅਤੇ ਬਜ਼ੁਰਗ ਸਨਮਾਨ ਪਾਉਂਦੇ ਸਨ। ਇਹ ਉਹ ਵਿਵਸਥਾ ਸੀ, ਜਿਸ ਨੇ ਬਿਨਾਂ ਕਿਸੇ ਮਨੋਵਿਗਿਆਨਿਕ ਸਲਾਹ ਦੇ ਪੀੜ੍ਹੀਆਂ ਨੂੰ ਭਾਵਨਾਤਮਕ ਰੂਪ ਨਾਲ ਸੰਤੁਲਿਤ ਰੱਖਿਆ ਪਰ ਅੱਜ ਉਹੀ ਵਿਵਸਥਾ ‘ਸਪੇਸ’, ‘ਪ੍ਰਾਈਵੇਸੀ’ ਅਤੇ ‘ਇੰਡੀਵਿਜ਼ੁਅਲ ਫ੍ਰੀਡਮ’ ਵਰਗੇ ਸ਼ਬਦਾਂ ਦੇ ਹੇਠਾਂ ਦਮ ਤੋੜ ਰਹੀ ਹੈ ਅਤੇ ਜਦੋਂ ਪਰਿਵਾਰ ਟੁੱਟਦੇ ਹਨ, ਉਦੋਂ ਸਿਰਫ ਦੀਵਾਰਾਂ ਵੱਖ ਨਹੀਂ ਹੁੰਦੀਆਂ ਉਦੋਂ ਸੰਸਕਾਰ, ਸੰਵੇਦਨਾਵਾਂ ਅਤੇ ਸਮਾਜਿਕ ਸੰਤੁਲਨ ਵੀ ਟੁੱਟਣ ਲੱਗਦਾ ਹੈ।
ਅੰਕੜੇ ਇਸ ਸਮਾਜਿਕ ਬਦਲਾਅ ਦੀ ਪੁਸ਼ਟੀ ਕਰਦੇ ਹਨ। ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (ਐੱਨ. ਐੱਫ. ਐੱਚ. ਐੱਸ.-5, 2019-21) ਅਨੁਸਾਰ ਭਾਰਤ ਵਿਚ ਲਗਭਗ 58.2 ਫੀਸਦੀ ਪਰਿਵਾਰ ਹੁਣ ਸਿੰਗਲ (ਨਿਊਕਲੀਅਰ) ਰਚਨਾ ਦੇ ਹਨ, ਜਦੋਂਕਿ ਸਾਂਝੇ ਪਰਿਵਾਰਾਂ ਦੀ ਹਿੱਸੇਦਾਰੀ ਲਗਾਤਾਰ ਘਟ ਰਹੀ ਹੈ। ਇਹ ਸਪੱਸ਼ਟ ਸੰਕੇਤ ਹੈ ਕਿ ਸਾਂਝੇ ਪਰਿਵਾਰ ਹੁਣ ਅਪਵਾਦ ਬਣਦੇ ਜਾ ਰਹੇ ਹਨ।
ਸ਼ਹਿਰੀਕਰਨ ਅਤੇ ਰੋਜ਼ਗਾਰ ਦੀਆਂ ਮਜਬੂਰੀਆਂ ਇਸ ਟੁੱਟਣ ਨੂੰ ਹੋਰ ਤੇਜ਼ ਕਰ ਰਹੀਆਂ ਹਨ। ਖੋਜਾਂ ਦੱਸਦੀਆਂ ਹਨ ਕਿ ਸ਼ਹਿਰੀ ਨੌਜਵਾਨਾਂ ਵਿਚ ਆਜ਼ਾਦੀ ਅਤੇ ਨਿੱਜਤਾ ਨੂੰ ਸਰਵਉੱਚ ਪਹਿਲ ਦੇਣ ਦੀ ਪ੍ਰਵਿਰਤੀ ਵਧੀ ਹੈ ਜਿਸ ਨਾਲ ਸਾਂਝੇ ਪਰਿਵਾਰਾਂ ਨਾਲ ਰਹਿਣਾ ‘ਅਸੁਵਿਧਾਜਨਕ’ ਸਮਝਿਆ ਜਾਣ ਲੱਗਾ ਹੈ ਪਰ ਕੀ ਸਹੂਲਤ ਦਾ ਅਰਥ ਸੰਵੇਦਨਾ ਦਾ ਤਿਆਗ ਹੋਣਾ ਚਾਹੀਦਾ? ਕੀ ਆਜ਼ਾਦੀ ਦਾ ਅਰਥ ਰਿਸ਼ਤਿਆਂ ਤੋਂ ਮੁਕਤੀ ਹੈ?
ਨਤੀਜੇ ਵਜੋਂ ਅੱਜ ਭਾਰਤ ਵਿਚ ਪਰਿਵਾਰ ਛੋਟੇ ਹੋ ਰਹੇ ਹਨ ਅਤੇ ਸਮੱਸਿਆਵਾਂ ਵੱਡੀਆਂ। ਪਤੀ-ਪਤਨੀ ਦੋਵੇਂ ਕੰਮਕਾਜੀ ਹਨ, ਫਿਰ ਵੀ ਮਾਨਸਿਕ ਥਕਾਨ ਵਧੀ ਹੈ। ਬੱਚੇ ਸਹੂਲਤਾਂ ਨਾਲ ਘਿਰੇ ਹਨ, ਫਿਰ ਵੀ ਭਾਵਨਾਤਮਕ ਤੌਰ ’ਤੇ ਅਸੁਰੱਖਿਅਤ ਹਨ ਅਤੇ ਬਜ਼ੁਰਗ ਜਿਨ੍ਹਾਂ ਦੇ ਤਜਰਬੇ ਕਿਸੇ ਵੀ ਸਮਾਜ ਦੀ ਸਭ ਤੋਂ ਵੱਡੀ ਪੂੰਜੀ ਹੁੰਦੇ ਹਨ, ਅੱਜ ਨਜ਼ਰਅੰਦਾਜ਼ੀ ਅਤੇ ਇਕੱਲੇਪਣ ਦੇ ਸ਼ਿਕਾਰ ਹਨ। ਜਿਸ ਸਮਾਜ ਵਿਚ ਕਦੇ ਬਜ਼ੁਰਗ ਪਰਿਵਾਰ ਦਾ ਕੇਂਦਰ ਹੁੰਦੇ ਸਨ, ਅੱਜ ਉਥੇ ਹੀ ‘ਓਲਡ ਏਜ ਹੋਮ’ ਇਕ ਜ਼ਰੂਰੀ ਵਿਵਸਥਾ ਬਣਦੀ ਜਾ ਰਹੀ ਹੈ। ਇਹ ਵਿਕਾਸ ਨਹੀਂ ਇਹ ਸਮਾਜਿਕ ਅਸਫਲਤਾ ਦਾ ਸੰਕੇਤ ਹੈ।
ਇਸ ਦੇ ਉਲਟ ਜੇਕਰ ਅਸੀਂ ਪੱਛਮੀ ਦੇਸ਼ਾਂ ਵੱਲ ਦੇਖੀਏ ਤਾਂ ਇਕ ਬਿਲਕੁਲ ਅਲੱਗ ਤਸਵੀਰ ਉਭਰਦੀ ਹੈ। ਅਮਰੀਕਾ, ਯੂਰਪ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿਚ ਹੁਣ ਕਮਿਊਨਿਟੀ ਲਿਵਿੰਗ, ਮਲਟੀ-ਜੈਨਰੇਸ਼ਨ ਹੋਮਸ ਅਤੇ ਫੈਮਿਲੀ ਸਪੋਰਟ ਸਿਸਟਮ ਨੂੰ ਉਤਸ਼ਾਹ ਦਿੱਤਾ ਜਾ ਰਿਹਾ ਹੈ। ਉਥੇ ਸਰਕਾਰਾਂ ਅਤੇ ਸਮਾਜ ਇਹ ਸਮਝ ਚੁੱਕੇ ਹਨ ਕਿ ਇਕੱਲਾਪਣ ਸਭ ਤੋਂ ਮਹਿੰਗੀ ਬੀਮਾਰੀ ਹੈ ਜਿਸ ਦਾ ਇਲਾਜ ਨਾ ਦਵਾਈ ਨਾਲ ਹੁੰਦਾ ਹੈ, ਨਾ ਧਨ ਨਾਲ।
ਜਿਥੇ ਭਾਰਤ ਸੰਯੁਕਤ ਪਰਿਵਾਰ ਤੋਂ ਭੱਜ ਰਿਹਾ ਹੈ, ਉਥੇ ਹੀ ਪੱਛਮ ਉਸ ਵੱਲ ਆਕਰਸ਼ਿਤ ਹੀ ਨਹੀਂ ਹੋ ਰਿਹਾ ਸਗੋਂ ਉਸ ਨੂੰ ਅਪਣਾ ਵੀ ਰਿਹਾ ਹੈ। ਇਹ ਵਿਰੋਧਾਭਾਸ ਸਿਰਫ ਸਮਾਜਿਕ ਨਹੀਂ, ਬੌਧਿਕ ਵੀ ਹੈ। ਅਸੀਂ ਪ੍ਰੰਪਰਾ ਨੂੰ ਬੋਝ ਸਮਝਿਆ, ਉਨ੍ਹਾਂ ਨੇ ਤਜਰਬੇ ਨੂੰ ਜਾਇਦਾਦ ਮੰਨਿਆ। ਅਸੀਂ ਬਜ਼ੁਰਗਾਂ ਨੂੰ ‘ਡਿਪੈਂਡੈਂਸੀ’ ਕਿਹਾ, ਉਨ੍ਹਾਂ ਨੇ ਉਨ੍ਹਾਂ ਨੂੰ ਮੈਂਟਲ ਸਟੇਬਿਲਿਟੀ ਦਾ ਆਧਾਰ ਮੰਨਿਆ।
ਅਸੀਂ ਭੁੱਲ ਗਏ ਕਿ ਸੰਯੁਕਤ ਪਰਿਵਾਰ ਦੀ ਵਿਵਸਥਾ ਦੀ ਸਭ ਤੋਂ ਵੱਡੀ ਤਾਕਤ ਸੀ, ਸਮੂਹਿਕ ਜ਼ਿੰਮੇਵਾਰੀ। ਬੱਚੇ ਸਿਰਫ ਮਾਤਾ-ਪਿਤਾ ਦੇ ਨਹੀਂ, ਪੂਰੇ ਪਰਿਵਾਰ ਦੇ ਹੁੰਦੇ ਸਨ। ਕਿਸੇ ਇਕ ਦੇ ਡਿੱਗਣ ’ਤੇ ਪੂਰਾ ਪਰਿਵਾਰ ਉਸ ਨੂੰ ਸੰਭਾਲ ਲੈਂਦਾ ਸੀ। ਅੱਜ ਇਸ ਦੀ ਜਗ੍ਹਾ ਅਸੀਂ ਸੰਸਥਾਗਤ ਬਦਲ ਚੁਣੇ ਹਨ-ਡੇ ਕੇਅਰ, ਟਿਊਟਰ, ਕਾਊਂਸਲਰ ਅਤੇ ਕੇਅਰਟੇਕਰ, ਪਰ ਸਵਾਲ ਇਹ ਹੈ ਕਿ ਕੀ ਭਾਵਨਾਵਾਂ ਦੀ ਪੂਰਤੀ ਸੇਵਾਵਾਂ ਨਾਲ ਹੋ ਸਕਦੀ ਹੈ?
ਅਸੀਂ ਇਹ ਸਮਝ ਨਹੀਂ ਸਕੇ ਕਿ ਸੰਯੁਕਤ ਪਰਿਵਾਰ ਵਿਅਕਤੀ ਦੀ ਪਛਾਣ ਨੂੰ ਕੁਚਲਦਾ ਨਹੀਂ ਸੀ (ਜਿਵੇਂ ਅੱਜ ਕਿਹਾ ਜਾਂਦਾ ਹੈ) ਸਗੋਂ ਉਹ ਉਸ ਨੂੰ ਵਿਸਥਾਰ ਦਿੰਦਾ ਸੀ। ਉਥੇ ਵਿਅਕਤੀ ਇਕੱਲਾ ਨਹੀਂ ਹੁੰਦਾ ਸੀ ਕਿਉਂਕਿ ਉਥੇ ਅਸਫਲਤਾ ਸਾਂਝੀ ਹੁੰਦੀ ਸੀ ਅਤੇ ਸਫਲਤਾ ਸਮੂਹਿਕ।
ਅੱਜ ਭਾਰਤੀ ਸਮਾਜ ਜਿਸ ਤਣਾਅ, ਉਦਾਸੀ ਅਤੇ ਪਰਿਵਾਰਕ ਟੁੱਟਣ ਨਾਲ ਜੂਝ ਰਿਹਾ ਹੈ, ਉਸ ਦਾ ਵੱਡਾ ਕਾਰਨ ਇਹੀ ਹੈ ਕਿ ਅਸੀਂ ਰਿਸ਼ਤਿਆਂ ਦੀ ਲਾਗਤ ਨੂੰ ਸਹੂਲਤਾਂ ਦੀ ਤੱਕੜੀ ਵਿਚ ਤੋਲਣਾ ਸ਼ੁਰੂ ਕਰ ਦਿੱਤਾ ਹੈ। ਅਸੀਂ ਭੁੱਲ ਗਏ ਹਾਂ ਕਿ ਪਰਿਵਾਰ ਕੋਈ ਇਕਰਾਰਨਾਮਾ ਨਹੀਂ ਹੁੰਦਾ ਜਿਸ ਨੂੰ ਲਾਭ-ਹਾਨੀ ਦੇਖ ਕੇ ਨਿਭਾਇਆ ਜਾਵੇ, ਸਗੋਂ ਉਹ ਇਕ ਜ਼ਿੰਮੇਵਾਰੀ ਹੁੰਦੀ ਹੈ ਜੋ ਪੀੜ੍ਹੀਆਂ ਨੂੰ ਜੋੜਦੀ ਹੈ।
ਇਹ ਵੀ ਸੱਚਾਈ ਹੈ ਕਿ ਸੰਯੁਕਤ ਪਰਿਵਾਰਾਂ ਵਿਚ ਚੁਣੌਤੀਆਂ ਸਨ, ਮਤਭੇਦ ਸਨ, ਟਕਰਾਅ ਸਨ ਅਤੇ ਸਮਝੌਤੇ ਸਨ ਪਰ ਕੀ ਆਧੁਨਿਕ ਿਸੰਗਲ ਪਰਿਵਾਰਾਂ ਵਿਚ ਟਕਰਾਅ ਨਹੀਂ ਹੈ? ਫਰਕ ਸਿਰਫ ਇੰਨਾ ਹੈ ਕਿ ਉਥੇ ਸੰਭਾਲਣ ਵਾਲੇ ਜ਼ਿਆਦਾ ਸਨ ਅਤੇ ਇਥੇ ਸਹਿਣ ਵਾਲਾ ਇਕੱਲਾ। ਅੱਜ ਲੋੜ ਇਸ ਗੱਲ ਦੀ ਨਹੀਂ ਹੈ ਕਿ ਅਸੀਂ ਅਤੀਤ ਵਿਚ ਪਰਤ ਜਾਈਏ। ਸਗੋਂ ਇਹ ਸਮਝਣ ਦੀ ਹੈ ਕਿ ਪ੍ਰੰਪਰਾ ਅਤੇ ਆਧੁਨਿਕਤਾ ਦੇ ਵਿਚਾਲੇ ਸੰਤੁਲਨ ਕਿਵੇਂ ਬਣਾਇਆ ਜਾਵੇ।
ਦਰਅਸਲ ਸਰਕਾਰਾ ਯੋਜਨਾਵਾਂ ਬਣਾ ਸਕਦੀਆਂ ਹਨ, ਕਾਨੂੰਨ ਸਹਾਰਾ ਦੇ ਸਕਦੇ ਹਨ ਪਰ ਪਰਿਵਾਰਾਂ ਨੂੰ ਬਚਾਉਣ ਦਾ ਕੰਮ ਸਿਰਫ ਸਮਾਜ ਕਰ ਸਕਦਾ ਹੈ। ਜੇਕਰ ਅੱਜ ਵੀ ਅਸੀਂ ਟੁੱਟ ਰਹੇ ਪਰਿਵਾਰਾਂ ਨੂੰ ਸਿਰਫ ਲਾਈਫ ਸਟਾਈਲ ਚੇਂਜ ਕਹਿ ਕੇ ਨਜ਼ਰਅੰਦਾਜ਼ ਕੀਤਾ ਤਾਂ ਕੱਲ ਇਸ ਦਾ ਨਤੀਜਾ ਸਿਰਫ ਸਮਾਜਿਕ ਨਹੀਂ, ਰਾਸ਼ਟਰੀ ਹੋਵੇਗਾ, ਕਿਉਂਕਿ ਇਤਿਹਾਸ ਗਵਾਹ ਹੈ ਕਿ ਜਿਸ ਸਮਾਜ ਵਿਚ ਪਰਿਵਾਰ ਕਮਜ਼ੋਰ ਪੈਂਦੇ ਹਨ, ਉਥੇ ਰਾਸ਼ਟਰ ਦੀ ਨੀਂਹ ਵੀ ਹੌਲੀ-ਹੌਲੀ ਧੱਸਣ ਲੱਗਦੀ ਹੈ।
ਹੁਣ ਵੀ ਸਮਾਂ ਹੈ ਕਿ ਅਸੀਂ ਰੁਕੀਏ, ਸੋਚੀਏ ਅਤੇ ਤੈਅ ਕਰੀਏ ਕਿ ਅਸੀਂ ਇਕੱਲੇ ਮਜ਼ਬੂਤ ਦਿਸਣਾ ਹੈ ਜਾਂ ਨਾਲ ਮਿਲ ਕੇ ਸੱਚ ਵਿਚ ਮਜ਼ਬੂਤ ਬਣਨਾ ਹੈ ਕਿਉਂਕਿ ਘਰ ਵੱਖ–ਵੱਖ ਹੋ ਸਕਦੇ ਹਨ ਪਰ ਜੇਕਰ ਦਿਲ ਵੀ ਵੱਖ ਹੋ ਜਾਣ, ਤਾਂ ਸਮਾਜ ਨਹੀਂ, ਭੀੜ ਬਣ ਜਾਂਦੀ ਹੈ।
ਡਾ. ਨੀਲਮ ਮਹਿੰਦਰ
ਚੀਨ ਅਤੇ ਰੂਸ ਨੇ ਆਪਣੇ ‘ਨੋ ਲਿਮਿਟ’ ਗੱਠਜੋੜ ਨੂੰ ਹੋਰ ਮਜ਼ਬੂਤ ਕੀਤਾ
NEXT STORY