ਸਾਰੇ ਪਾਠਕਾਂ ਨੂੰ ਨਵੇਂ ਸਾਲ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ। ਸਮਾਂ ਇਕ ਜੀਵੰਤ ਤਾਣੇ-ਬਾਣੇ ਵਾਂਗ ਹੈ, ਜਿਥੇ ਅਤੀਤ, ਵਰਤਮਾਨ ਅਤੇ ਭਵਿੱਖ ਇਕ-ਦੂਜੇ ਨਾਲ ਲਗਾਤਾਰ ਸੰਵਾਦ ਕਰਦੇ ਹਨ। ਮੇਰਾ ਅੱਜ ਦਾ ਕਾਲਮ ਵੀ ਆਪਣੇ ਆਪ ਹੀ ਪਿਛਲੇ ਲੇਖ ਦੀ ਲਗਾਤਾਰਤਾ ਬਣ ਗਿਆ ਹੈ-ਜਿਥੇ 2025 ਦੇ ਚਰਚੇ, ਖਦਸ਼ੇ ਅਤੇ ਆਸਾਂ ਨਵੇਂ ਸਾਲ ’ਚ ਦਾਖਲ ਹੋ ਗਈਆਂ ਹਨ।
ਪਿਛਲੇ ਹਫਤੇ ਪ੍ਰਕਾਸ਼ਿਤ ਮੇਰੇ ਲੇਖ ’ਤੇ ਨਿੱਜੀ ਪ੍ਰਤੀਕਿਰਿਆ ਦਿੰਦੇ ਹੋਏ ਮੇਰੀ ਇਕ ਆਈ. ਏ. ਐੱਸ. ਮਿੱਤਰ, ਜੋ ਮੁੱਖ ਸਕੱਤਰ ਦੇ ਅਹੁਦੇ ਤੋਂ ਰਿਟਾਇਰ ਹੋ ਚੁੱਕੀ ਹੈ, ਨੇ ਆਪਣੇ ਟ੍ਰੇਨਿੰਗ ਕਾਲ ਦੀ ਇਕ ਯਾਦ ਮੇਰੇ ਨਾਲ ਸਾਂਝੀ ਕੀਤੀ। ਉਨ੍ਹਾਂ ਮੁਤਾਬਕ ਅਕੈਡਮੀ ਦੇ ਅੰਦਰ ਦਸੰਬਰ ਦੇ ਦਿਨਾਂ ’ਚ ਈਸਾ ਮਸੀਹ ਦੇ ਜਨਮ ਨਾਲ ਸੰਬੰਧਤ ‘ਕ੍ਰਿਸਮਸ ਕੈਰਲ’ ਗਾਣਾ ਇਕ ਸਹਿਜ ਸੱਭਿਆਚਾਰਕ ਸਰਗਰਮੀ ਸੀ। ਉਨ੍ਹਾਂ ਦੀ ਸ਼ਿਕਾਇਤ ਸੀ ਕਿ ਮੈਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਉਸ ਰੁਖ ਦਾ ਜ਼ਿਕਰ ਨਹੀਂ ਕੀਤਾ, ਜਿਸ ’ਚ ਉਹ ਕ੍ਰਿਸਮਸ ਆਯੋਜਨਾਂ ਦਾ ਵਿਰੋਧ ਕਰਦੇ ਹਨ।
ਬਿਨਾਂ ਸ਼ੱਕ ਉਨ੍ਹਾਂ ਦੀ ਸਦਭਾਵਨਾ ਸ਼ਲਾਘਾਯੋਗ ਹੈ ਪਰ ਇਹ ਡੂੰਘੇ ਸੱਭਿਆਚਾਰਕ ਅਸੰਤੁਲਨ ਵੱਲ ਵੀ ਇਸ਼ਾਰਾ ਕਰਦੀ ਹੈ। ਮਜ਼੍ਹਬੀ ਬੰਧਨਾਂ ਤੋਂ ਪਰ੍ਹੇ, ਜਿਸ ਸੰਸਥਾਗਤ ਤਤਪਰਤਾ ਅਤੇ ਉਤਸ਼ਾਹ ਦਾ ਪ੍ਰਦਰਸ਼ਨ ਕ੍ਰਿਸਮਸ ’ਤੇ ਹੁੰਦਾ ਹੈ, ਕੀ ਉਹੀ ਵਾਤਾਵਰਣ ਕ੍ਰਿਸ਼ਨ ਜਨਮ ਅਸ਼ਟਮੀ, ਰਾਮਨੌਮੀ, ਹਨੂੰਮਾਨ ਜਯੰਤੀ ਜਾਂ ਸਿੱਖ ਗੁਰੂਆਂ ਦੇ ਗੁਰਪੁਰਬਾਂ ’ਤੇ ਵੀ ਦੇਖਣ ਨੂੰ ਮਿਲਦਾ ਹੈ? ਕੀ ਸਰਕਾਰੀ ਜਾਂ ਅਰਧ-ਸਰਕਾਰੀ ਸੰਸਥਾਵਾਂ ’ਚ ਭਜਨ ਜਾਂ ਸ਼ਬਦ ਕੀਰਤਨ ਵੀ ਉਸੇ ਸਹਿਜਤਾ ਨਾਲ ਹੁੰਦੇ ਹਨ, ਜਿਵੇਂ ਕ੍ਰਿਸਮਸ ਕੈਰਲ ਗਾਣੇ ’ਚ ਦਿਖਾਈ ਦਿੰਦੀ ਹੈ? ਅਕਸਰ ਇਸ ਦਾ ਉੱਤਰ ‘ਨਹੀਂ’ ਵਿਚ ਹੀ ਮਿਲਦਾ ਹੈ। ਇਹੀ ਵਿਰੋਧਾਭਾਸ ਭਾਰਤ ’ਚ ਪੰਥ-ਨਿਰਪੱਖਤਾ ਦੀ ਵਿਵਹਾਰਿਕ ਸਮਝ ਦੀਆਂ ਦਰਾੜਾਂ ਨੂੰ ਉਜਾਗਰ ਕਰਦਾ ਹੈ।
ਇਸ ਦੀਆਂ ਜੜ੍ਹਾਂ ਉਸ ਮਾਨਸਿਕ ਬਸਤੀਵਾਦ ’ਚ ਮਿਲਦੀਆਂ ਹਨ ਜਿਸ ’ਚ ਆਪਣੀ ਪਛਾਣ, ਸੰਸਕ੍ਰਿਤੀ ਅਤੇ ਪ੍ਰੰਪਰਾ ਪ੍ਰਤੀ ਉਦਾਸੀਨਤਾ ਅਤੇ ਹੀਣ-ਭਾਵਨਾ ਰੱਖਣ ਦਾ ਚਿੰਤਨ ਹੁੰਦਾ ਹੈ। ਸੱਚਾ ‘ਸਹਿ-ਹੋਂਦ’ ਤਾਂ ਹੀ ਸੰਭਵ ਹੈ ਜੇਕਰ ਸਾਰੀਆਂ ਰਵਾਇਤਾਂ ਨੂੰ ਇਕੋ ਜਿਹਾ ਸਨਮਾਨ ਅਤੇ ਸਥਾਨ ਮਿਲੇ।
ਹਾਲ ਹੀ ’ਚ ਦੇਸ਼ ਦੇ ਕੁਝ ਹਿੱਸਿਆਂ ’ਚ ਕ੍ਰਿਸਮਸ ਆਯੋਜਨਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਚਿੰਤਾਜਨਕ ਘਟਨਾਵਾਂ ਸਾਹਮਣੇ ਆਈਆਂ। ਛੱਤੀਸਗੜ੍ਹ ਦੇ ਰਾਏਪੁਰ ਸਥਿਤ ਇਕ ਮਾਲ ’ਚ ਬਣਾਏ ਗਏ ਸਾਂਤਾ-ਕਲਾਜ਼ ਨੂੰ ਤੋੜ ਦਿੱਤਾ ਗਿਆ। ਆਸਾਮ ਦੇ ਨਲਬਾੜੀ ’ਚ ਕੁਝ ਲੋਕਾਂ ਨੇ ਕ੍ਰਿਸਮਸ ਪ੍ਰੋਗਰਾਮਾਂ ’ਚ ਅੜਿੱਕਾ ਪਾਇਆ। ਓਡਿਸ਼ਾ ’ਚ ਵਿਕਰੇਤਾਵਾਂ ਨਾਲ ਬਦਸਲੂਕੀ ਹੋਈ ਅਤੇ ਮੱਧ ਪ੍ਰਦੇਸ਼-ਦਿੱਲੀ ਆਦਿ ’ਚ ਵੀ ਟਕਰਾਅ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ। ਹਿੰਦੂ ਪ੍ਰੰਪਰਾਵਾਂ ਦੇ ਨਾਂ ’ਤੇ ਕੀਤੀ ਗਈ ਕੋਈ ਵੀ ਤੋੜ-ਭੰਨ ਜਾਂ ਧਮਕੀ ਪੂਰੀ ਤਰ੍ਹਾਂ ਨਿੰਦਣਯੋਗ ਹੈ ਅਤੇ ਇਹ ਉਸ ਸਦੀਵੀ ਸੱਭਿਅਤਾ ਦੇ ਮੂਲ ਸੁਭਾਅ ਦੇ ਵਿਰੁੱਧ ਹੈ, ਜਿਸ ’ਚ ਸਹਿ-ਹੋਂਦ ਅਤੇ ਬਹੁਲਵਾਦ ਦਾ ਦਰਸ਼ਨ ਹੈ।
ਸਮੁੱਚੇ ਹਿੰਦੂ ਸਮਾਜ ਦੇ ਨਾਲ ਈਸਾਈ ਪਾਦਰੀਆਂ ਦੇ ਇਕ ਵਰਗ ਅਤੇ ਆਪੇ ਬਣੇ ਖੱਬੇਪੱਖੀ ਉਦਾਰਵਾਦੀਆਂ ਨੂੰ ਵੀ ਆਤਮਚਿੰਤਨ ਕਰਨਾ ਚਾਹੀਦਾ ਹੈ। ਸਿਰਫ ਇਨ੍ਹਾਂ ਹੀ ਘਟਨਾਵਾਂ ਨੂੰ ਕੌਮਾਂਤਰੀ ਮੰਚਾਂ ਤਕ ਲੈ ਜਾਣਾ, ਭਾਰਤ ਦੇ ਨਾਲ ਹਿੰਦੂ ਸਮਾਜ ਨੂੰ ਅਸਹਿਣਸ਼ੀਲ ਅਤੇ ਦਮਨਕਾਰੀ ਵਜੋਂ ਦੱਸਣਾ ਚੋਣਵੇਂ ਗੁੱਸੇ ਦੀ ਇਕ ਉਦਾਹਰਣ ਹੈ। ਜਦੋਂ ਅਲੱਗ-ਥਲੱਗ ਘਟਨਾਵਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ਦੁਨੀਆ ਦੇ ਹੋਰਨਾਂ ਹਿੱਸਿਆਂ ’ਚ ਮਜ਼੍ਹਬੀ ਆਜ਼ਾਦੀ ’ਤੇ ਕਿਤੇ ਵੱਧ ਗੰਭੀਰ ਹਮਲਿਆਂ ’ਤੇ ਚੁੱਪ ਸਾਧ ਲਈ ਜਾਂਦੀ ਹੈ, ਤਾਂ ਇਸ ਨਾਲ ਸਦਭਾਵਨਾ ਨਹੀਂ ਸਗੋਂ ਅਵਿਸ਼ਵਾਸ ਪੈਦਾ ਹੁੰਦਾ ਹੈ।
ਬੀਤੀ 25 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਸਥਿਤ ਕੈਥੇਡ੍ਰਲ ਚਰਚ ’ਚ ਆਯੋਜਿਤ ਕ੍ਰਿਸਮਸ ਨਾਲ ਜੁੜੇ ਪ੍ਰੋਗਰਾਮ ’ਚ ਸ਼ਾਮਲ ਹੋਏ। ਉਥੇ ਪ੍ਰੇਮ, ਸ਼ਾਂਤੀ ਅਤੇ ਦਇਆ ’ਤੇ ਉਨ੍ਹਾਂ ਦਾ ਭਾਸ਼ਣ ਭਾਰਤ ਦੀ ਸੱਭਿਅਤਾ ਅਨੁਸਾਰ ਹੈ। ਹਾਲੀਆ ਸਾਲਾਂ ’ਚ ਈਸਟਰ, ਕੈਥੋਲਿਕ ਬਿਸ਼ਪ ਸੰਮੇਲਨ ਅਤੇ ਪ੍ਰਧਾਨ ਮੰਤਰੀ ਨਿਵਾਸ ’ਤੇ ਕ੍ਰਿਸਮਸ ਪ੍ਰੋਗਰਾਮਾਂ ’ਚ ਉਨ੍ਹਾਂ ਦੀ ਹਿੱਸੇਦਾਰੀ ਇਸ ਲਗਾਤਾਰਤਾ ਨੂੰ ਦਰਸਾਉਂਦੀ ਹੈ।
ਜਿਸ ਸਮਾਵੇਸ਼ੀ ਭਾਰਤੀ ਸੱਭਿਅਤਾ ਨੇ ਸਦੀਆਂ ਪਹਿਲਾਂ ਆਪਣੇ-ਆਪਣੇ ਦੇਸ਼ਾਂ ’ਚ ਮਜ਼੍ਹਬੀ ਤਸੀਹਿਆਂ ਦੇ ਸ਼ਿਕਾਰ ਯਹੂਦੀਆਂ, ਪਾਰਸੀਆਂ, ਸੀਰੀਆਈ ਈਸਾਈਆਂ ਨਾਲ ਮੁਸਲਿਮ ਵਪਾਰੀਆਂ ਨੂੰ ਪਨਾਹ ਦਿੱਤੀ, ਉਥੇ ਉਸ ਕ੍ਰਿਸਮਸ ਪ੍ਰਤੀ ਵੈਰ-ਭਾਵ ਰੱਖਣਾ, ਜਿਸ ਦੀ ਪ੍ਰਾਸੰਗਿਕਤਾ ’ਤੇ ਮੱਧਕਾਲ ਤੱਕ ਸਵਾਲ ਉੱਠ ਚੁੱਕੇ ਹੋਣ, ਦੁਖਦਾਈ ਹੈ।
ਇਸ ਦਾ ਇਕ ਹੋਰ ਪਰਿਪੇਖ ਹੈ, ਜਿਸ ਨੂੰ ਜਾਣਨਾ ਵੀ ਜ਼ਰੂਰੀ ਹੈ। ਹਾਲੀਆ ਸਾਲਾਂ ’ਚ ਵਧਦੇ ਜਿਹਾਦੀ ਖਤਰਿਆਂ ਕਾਰਨ ਯੂਰਪ ਦੇ ਕਈ ਈਸਾਈ ਬਹੁਗਿਣਤੀ ਦੇਸ਼ਾਂ-ਫਰਾਂਸ, ਜਰਮਨੀ ਅਤੇ ਆਸਟ੍ਰੇਲੀਆ ’ਚ ਕ੍ਰਿਸਮਸ ਅਤੇ ਨਵੇਂ ਸਾਲ ਦੇ ਸਮਾਰੋਹ ਸੀਮਤ ਕਰ ਦਿੱਤੇ ਗਏ ਜਾਂ ਉਨ੍ਹਾਂ ਨੂੰ ਸਖਤ ਸੁਰੱਖਿਆ ’ਚ ਸਮੇਟ ਦਿੱਤਾ ਗਿਆ। ਭਾਰਤ ’ਚ ਸਦੀਆਂ ਦੀ ਜਿਹਾਦੀ ਹਿੰਸਾ ਅਤੇ ਵਿਚਾਰਕ ਟਕਰਾਅ ਦੇ ਬਾਵਜੂਦ ਅਜਿਹੀ ਸਥਿਤੀ ਨਹੀਂ ਹੈ।
ਭਾਰਤ ’ਚ ਈਸਾਈਅਤ ਦਾ ਆਗਮਨ 3 ਪੜਾਵਾਂ ’ਚ ਹੋਇਆ। ਦੂਸਰਾ ਪੜਾਅ ਹਿੰਸਕ ਰਿਹਾ, ਜੋ ਕਿ ਸਾਲ 1498 ’ਚ ਵਾਸਕੋ ਡੀ ਗਾਮਾ ਦੇ ਆਗਮਨ ਅਤੇ ਪੁਰਤਗਾਲੀ ਸਾਮਰਾਜਵਾਦ ਦੇ ਨਾਲ ਸ਼ੁਰੂ ਹੋਇਆ। 16ਵੀਂ ਸ਼ਤਾਬਦੀ ਦੇ ਮੱਧ ’ਚ ਫਰਾਂਸਿਸ ਜੇਵੀਅਰ ਦਾ ਜਾਲਮਪੁਣਾ ਅਤੇ ‘ਗੋਆ ਇਨਕਵੀਜਿਸ਼ਨ’ ਵਿਚ ਮੰਦਿਰਾਂ ਦੀ ਤਬਾਹੀ, ਜਬਰੀ ਧਰਮ ਤਬਦੀਲੀ ਅਤੇ ਸਮਾਜਿਕ ਦਮਨ ਹੋਇਆ। ਵੈਟੀਕਨ ਦਾ ਨਿਰਦੇਸ਼ ਨਾ ਮੰਨਣ ’ਤੇ ਸੀਰੀਆਈ ਈਸਾਈਆਂ ਨੂੰ ਵੀ ਸਤਾਇਆ ਗਿਆ। ਇਤਿਹਾਸਕਾਰਾਂ ਅਨੁਸਾਰ, ਗੋਆ ’ਚ ਜਿਥੇ ਕਦੇ ਮੰਦਿਰ ਹੋਇਆ ਕਰਦੇ ਸਨ, ਉਥੇ ਚਰਚ ਬਣਾ ਦਿੱਤੇ ਗਏ, ਹਿੰਦੂ ਪੁਰੋਹਿਤਾਂ ਨੂੰ ਬਾਹਰ ਕਰ ਕੇ ਸਥਾਨਕ ਤੀਜ-ਤਿਉਹਾਰਾਂ ’ਤੇ ਰੋਕ ਲਗਾ ਦਿੱਤੀ ਗਈ।
ਰੋਮਨ ਕੈਥੋਲਿਕ ਚਰਚ ਨੇ ਕੈਨੇਡਾ, ਫਰਾਂਸ ਅਤੇ ਆਇਰਲੈਂਡ ਵਰਗੇ ਦੇਸ਼ਾਂ ’ਚ ਆਪਣੇ ਮਜ਼੍ਹਬ ਪ੍ਰੇਰਿਤ ਇਤਿਹਾਸਕ ਦੁਰਵਿਵਹਾਰਾਂ ਅਤੇ ਪਾਦਰੀਆਂ ਵਲੋਂ ਲੱਖਾਂ ਬੱਚਿਆਂ-ਮਹਿਲਾਵਾਂ ਦੇ ਯੌਨ-ਸ਼ੋਸ਼ਣ ’ਤੇ ਜਨਤਕ ਤੌਰ ’ਤੇ ਕਈ ਵਾਰ ਮੁਆਫੀ ਮੰਗੀ ਹੈ। ਸਵਾਲ ਇਹ ਹੈ ਕਿ ਕੀ ਨੈਤਿਕ ਮਾਪਦੰਡ ਸਭ ’ਤੇ ਬਰਾਬਰ ਲਾਗੂ ਹੋਣਗੇ? ਜੋ ਵਿਗੜਿਆ ਸਮੂਹ ਹਿੰਦੂ ਸਮਾਜ ਤੋਂ ਹਰ ਘਟਨਾ ’ਤੇ ਸਮੂਹਿਕ ਮੁਆਫੀ ਦੀ ਮੰਗ ਕਰਦਾ ਹੈ, ਕੀ ਉਹ ਵੈਟੀਕਨ ਅਤੇ ਚਰਚ ਤੋਂ ਭਾਰਤ ’ਚ ਮੱਧਕਾਲੀ ਅਤੇ ਬਸਤੀਵਾਦੀ ਅੱਤਿਆਚਾਰਾਂ ਲਈ ਮੁਆਫੀ ਅਤੇ ਅੱਜ ਵੀ ਜਾਰੀ ਹਮਲਾਵਰ ਧਰਮ ਤਬਦੀਲੀ ਯਤਨਾਂ ’ਤੇ ਰੋਕ ਦੀ ਮੰਗ ਕਰਨ ਲਈ ਤਿਆਰ ਹੈ?
ਕਿਸੇ ਸੱਭਿਅਤਾ ਦਾ ਭਵਿੱਖ ਚੋਣਵੇਂ ਗੁੱਸੇ ਨਾਲ ਨਹੀਂ ਸਗੋਂ ਨਿਰਪੱਖ ਆਤਮਮੰਥਨ ਨਾਲ ਸੁਰੱਖਿਅਤ ਹੁੰਦਾ ਹੈ। ਭਾਰਤ ਦਾ ਸਦੀਵੀ ਬਹੁਲਵਾਦ ਤਾਂ ਹੀ ਬਰਕਰਾਰ ਰਹੇਗਾ ਜੇਕਰ ਸਾਰੇ ਇਤਿਹਾਸਕ ਅਪਰਾਧਾਂ ਦੀ ਨਿਰਪੱਖਤਾ ਨਾਲ ਨਿੰਦਾ ਕੀਤੀ ਜਾਵੇ ਅਤੇ ਨਿਆਂ ਦਾ ਪਰਖ ਦੁਆਰਾ ਫੈਸਲਾ ਕੀਤਾ ਜਾਵੇ। ਕੀ ਅਜਿਹਾ ਸੰਭਵ ਹੈ?
- ਬਲਬੀਰ ਪੁੰਜ
punjbalbir@gmail.com
ਮੋਦੀ ਅਤੇ ਵਿਰੋਧੀ ਧਿਰ ਦੇ ਨੇਤਾ ਵਿਚਾਲੇ ਟਕਰਾਅ ਦਾ ਸਾਲ
NEXT STORY