ਗੁਹਾਟੀ— ਸਾਬਕਾ ਵਿਸ਼ਵ ਨੰਬਰ ਇਕ ਸਾਇਨਾ ਨੇਹਵਾਲ ਨੇ ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਨੂੰ ਸ਼ਨੀਵਾਰ ਨੂੰ ਲਗਾਤਾਰ ਸੈੱਟਾਂ ਵਿਚ 21-18, 21-15 ਨਾਲ ਹਰਾ ਕੇ 83ਵੀਂ ਸੀਨੀਅਰ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਆਪਣਾ ਖਿਤਾਬ ਬਰਕਰਾਰ ਰੱਖਿਆ। ਦੂਜਾ ਦਰਜਾ ਪ੍ਰਾਪਤ ਸਾਇਨਾ ਨੇ ਟਾਪ ਸੀਡ ਸਿੰਧੂ ਨੂੰ 44 ਮਿੰਟ ਵਿਚ ਹਰਾ ਕੇ ਖੁਦ ਨੂੰ ਫਿਰ ਤੋਂ ਰਾਸ਼ਟਰੀ ਕਵੀਨ ਸਾਬਤ ਕੀਤਾ ਹੈ।

ਸਾਇਨਾ ਨੇ 2017 ਵਿਚ ਪਿਛਲੀ ਰਾਸ਼ਟਰੀ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਵੀ ਸਿੰਧੂ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ ਤੇ ਇਸ ਵਾਰ ਵੀ ਉਸ ਨੇ ਸਿੰਧੂ ਨੂੰ ਫਾਈਨਲ ਵਿਚ ਲਗਾਤਾਰ ਸੈੱਟਾਂ ਵਿਚ ਹਰਾ ਦਿੱਤਾ। ਉਮੀਦ ਕੀਤੀ ਜਾ ਰਹੀ ਸੀ ਕਿ 2018 ਦੇ ਅੰਤ ਵਿਚ ਦੁਨੀਆ ਦੀਆਂ ਚੋਟੀ ਦੀਆਂ 8 ਖਿਡਾਰਨਾਂ ਦਾ ਟੂਰਨਾਮੈਂਟ ਜਿੱਤਣ ਵਾਲੀ ਸਿੰਧੂ ਸਾਇਨਾ ਤੋਂ ਪਿਛਲੀ ਹਾਰ ਦਾ ਬਦਲਾ ਲੈ ਲਵੇਗੀ ਪਰ ਉਸ ਨੂੰ ਕਾਮਯਾਬੀ ਨਹੀਂ ਮਿਲ ਸਕੀ। ਵਿਸ਼ਵ ਰੈਂਕਿੰਗ ਵਿਚ 9ਵੇਂ ਨੰਬਰ ਦੀ ਸਾਇਨਾ ਨੇ ਛੇਵੀਂ ਰੈਂਕਿੰਗ ਦੀ ਸਿੰਧੂ ਨੂੰ ਲਾਗਾਤਰ ਸੈੱਟਾਂ ਵਿਚ ਹਰਾ ਕੇ ਚੌਥੀ ਵਾਰ ਰਾਸ਼ਟਰੀ ਖਿਤਾਬ ਜਿੱਤ ਲਿਆ। ਸਾਇਨਾ ਨੇ ਇਸ ਤੋਂ ਪਹਿਲਾਂ 2006, 2007 ਤੇ 2017 ਵਿਚ ਵੀ ਇਹ ਖਿਤਾਬ ਜਿੱਤਿਆ ਸੀ। ਸਾਲ 2011 ਤੇ 2013 ਵਿਚ ਚੈਂਪੀਅਨ ਰਹੀ ਸਿੰਧੂ ਦਾ ਤੀਜੀ ਵਾਰ ਰਾਸ਼ਟਰੀ ਖਿਤਾਬ ਜਿੱਤਣ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ। ਸਾਇਨਾ ਨੇ ਪਿਛਲੇ ਸਾਲ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿਚ ਵੀ ਸਿੰਧੂ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਸੀ।
34 ਹਾਕੀ ਸੰਭਾਵਿਤਾਂ 'ਚ ਵਿਸ਼ਵ ਕੱਪ ਟੀਮ ਦੇ ਸਾਰੇ ਖਿਡਾਰੀ ਸ਼ਾਮਲ
NEXT STORY