ਨਿਊਯਾਰਕ– 23 ਵਾਰ ਦੀ ਗ੍ਰੈਂਡ ਸਲੈਮ ਜੇਤੂ ਅਮਰੀਕਾ ਦੀ ਸੇਰੇਨਾ ਵਿਲੀਅਮਸ, ਆਸਟਰੇਲੀਅਨ ਓਪਨ ਚੈਂਪੀਅਨ ਅਮਰੀਕਾ ਦੀ ਸੋਫੀਆ ਕੇਨਿਨ, ਦੂਜੀ ਸੀਡ ਆਸਟਰੀਆ ਦਾ ਡੋਮਿਨਿਕ ਥਿਏਮ ਤੇ ਤੀਜਾ ਦਰਜਾ ਪ੍ਰਾਪਤ ਰੂਸ ਦਾ ਡੇਨਿਲ ਮੇਦਵੇਦੇਵ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ. ਐੱਸ. ਓਪਨ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਪਹੁੰਚ ਗਏ ਹਨ। ਮਹਿਲਾ ਵਰਗ ਵਿਚ ਤੀਜੀ ਸੀਡ ਤੇ ਵਿਸ਼ਵ ਰੈਂਕਿੰਗ ਵਿਚ 8ਵੇਂ ਸਥਾਨ 'ਤੇ ਮੌਜੂਦ ਸੇਰੇਨਾ ਨੇ ਹਮਵਤਨ ਤੇ 2017 ਦੀ ਚੈਂਪੀਅਨ ਸਲੋਏਨ ਸਟੀਫਨਸ ਨੂੰ 2-6, 6-2, 6-2 ਨਾਲ ਹਰਾ ਕੇ ਪ੍ਰੀ-ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ। ਸੇਰੇਨਾ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਦਮਦਾਰ ਤਰੀਕੇ ਨਾਲ ਵਾਪਸੀ ਕੀਤੀ ਤੇ ਸਟੀਫਨਸ ਨੂੰ ਕੋਈ ਮੌਕਾ ਨਹੀਂ ਦਿੱਤਾ। ਸੇਰੇਨਾ ਦਾ ਪ੍ਰੀ-ਕੁਆਰਟਰ ਫਾਈਨਲ ਵਿਚ ਯੂਨਾਨ ਦੀ ਮਾਰੀਆ ਸਕਕਾਰੀ ਨਾਲ ਮੁਕਾਬਲਾ ਹੋਵੇਗਾ, ਜਿਸ ਨੇ ਇਕ ਹੋਰ ਮੁਕਾਬਲੇ ਵਿਚ ਅਮਰੀਕਾ ਦੀ ਅਮਾਂਡਾ ਐਨੇਸਿਮੋਵਾ ਨੂੰ ਲਗਾਤਾਰ ਸੈੱਟਾਂ ਵਿਚ 6-3, 6-1 ਨਾਲ ਹਰਾਇਆ। ਮਹਿਲਾਵਾਂ ਵਿਚ ਦੂਜੀ ਸੀਡ ਕੇਨਿਨ ਨੇ ਇਕ ਘੰਟਾ 39 ਮਿੰਟ ਤਕ ਚੱਲੇ ਮੁਕਾਬਲੇ ਵਿਚ ਟਿਊਨੇਸ਼ੀਆ ਦੀ ਓਂਸ ਜਾਬੌਰ ਨੂੰ ਲਗਾਤਾਰ ਸੈੱਟਾਂ ਵਿਚ 7-6, 6-3 ਨਾਲ ਹਰਾ ਕੇ ਪ੍ਰੀ-ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ।
ਥਿਏਮ ਨੇ ਤੀਜੇ ਰਾਊਂਡ ਦੇ ਮੁਕਾਬਲੇ ਵਿਚ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੂੰ 6-2, 6-2, 3-6, 6-3 ਨਾਲ ਹਰਾ ਕੇ ਪ੍ਰੀ-ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ। ਥਿਏਮ ਨੇ ਦੋ ਘੰਟੇ 27 ਮਿੰਟ ਤਕ ਚੱਲੇ ਮੁਕਾਬਲੇ ਵਿਚ 9 ਐਸ ਲਾਏ ਜਦਕਿ ਸਿਲਿਚ ਨੇ 5 ਐਸ ਲਾਏ। ਥਿਏਮ ਦਾ ਚੌਥੇ ਦੌਰ ਵਿਚ ਕੈਨੇਡਾ ਦੇ ਫੇਲਿਕਸ ਓਗਰ ਐਲਿਆਸਿਮੇ ਨਾਲ ਮੁਕਾਬਲਾ ਹੋਵੇਗਾ, ਜਿਸ ਨੇ ਇਕ ਹੋਰ ਮੁਕਾਬਲੇ ਵਿਚ ਫਰਾਂਸ ਦੇ ਕੋਰੇਂਟੀਨ ਮੋਓਟੇਟ ਨੂੰ 6-1, 6-0 , 6-4 ਨਾਲ ਹਰਾ ਕੇ ਪ੍ਰੀ-ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ। ਵਿਸ਼ਵ ਰੈਂਕਿੰਗ ਵਿਚ 5ਵੇਂ ਨੰਬਰ ਦੇ ਖਿਡਾਰੀ ਮੇਦਵੇਦੇਵ ਨੇ ਅਮਰੀਕਾ ਦੇ ਜੇਜੇ ਵੋਲਫ ਨੂੰ ਇਕ ਘੰਟਾ 48 ਮਿੰਟ ਵਿਚ 6-3, 6-3, 6-2 ਨਾਲ ਹਰਾ ਕੇ ਆਖਰੀ-16 ਵਿਚ ਪ੍ਰਵੇਸ਼ ਕਰ ਲਿਆ। ਮੇਦਵੇਦੇਵ ਦਾ ਪ੍ਰੀ ਕੁਆਰਟਰ ਫਾਈਨਲ ਵਿਚ ਅਮਰੀਕਾ ਦੇ ਫ੍ਰਾਂਸੇਸ ਟਿਆਫੋ ਨਾਲ ਮੁਕਾਬਲਾ ਹੋਵੇਗਾ। ਪੁਰਸ਼ ਵਰਗ ਵਿਚ ਸਪੇਨ ਦੇ ਰਾਬਰਟੋ ਬਤਿਸਤਾ ਅਗੁਤ ਨੂੰ ਕੈਨੇਡਾ ਦੇ ਵਾਸੇਕ ਪੋਸਪਿਸਿਲ ਹੱਥੋਂ 3 ਘੰਟੇ 40 ਮਿੰਟ ਤਕ ਚੱਲੇ ਮੁਕਾਬਲੇ ਵਿਚ 5-7, 6-2, 6-4, 3-6, 2-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਰਾਊਂਡ-16 ਵਿਚ ਪੋਸਪਿਸਿਲ ਦਾ ਸਾਹਮਣਾ ਆਸਟਰੇਲੀਆ ਦੇ ਐਲਕਸ ਡੀ ਮਿਨੋਰ ਨਾਲ ਹੋਵੇਗਾ।ਰੂਸ ਦੇ ਆਂਦ੍ਰੇ ਰੂਬਲੇਵ ਨੇ ਇਟਲੀ ਦੇ ਸਲਵਾਤੋਰੇ ਕਾਰੂਸੋ ਨੂੰ ਇਕ ਘੰਟਾ 24 ਮਿੰਟ ਵਿਚ ਲਗਾਤਾਰ ਸੈੱਟਾਂ ਵਿਚ 6-0, 6-4, 6-0 ਨਾਲ ਹਰਾਇਆ। ਮਹਿਲਾ ਵਰਗ ਦੇ ਇਕ ਹੋਰ ਮੁਕਾਬਲੇ ਵਿਚ ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕਾ ਨੇ ਪੋਲੈਂਡ ਦੀ ਈਗਾ ਸਿਵਾਤੇਕ ਨੂੰ ਇਕ ਘੰਟਾ 38 ਮਿੰਟ ਤਕ ਚੱਲੇ ਮੁਕਾਬਲੇ ਵਿਚ 6-4, 6-2 ਨਾਲ ਹਰਾਇਆ। ਅਜਾਰੇਂਕਾ ਦਾ ਪ੍ਰੀ-ਕੁਆਰਟਰ ਫਾਈਨਲ ਵਿਚ ਮੁਕਾਬਲਾ ਚੈੱਕ ਗਣਰਾਜ ਦੀ ਕੈਰੋਲਿਨਾ ਮੁਚੋਵਾ ਨਾਲ ਹੋਵੇਗਾ।
ਪਹਿਲਵਾਨ ਰਾਹੁਲ ਅਵਾਰੇ ਕੋਰੋਨਾ ਪਾਜ਼ੇਟਿਵ
NEXT STORY