ਜਲੰਧਰ (ਜ.ਬ.)- ਬੀਤੇ ਦਿਨੀਂ ਯੂ. ਏ. ਈ. ਦੇ ਆਬੂਧਾਬੀ ਵਿਚ ਹੋਈ ਟੇਬਲ ਸ਼ਾਕਰ ਮਾਸਟਰ ਸੀਰੀਜ ਵਿਚ ਭਾਰਤ ਵਲੋਂ ਖੇਡ ਦਾ ਬੇਹਤਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਪ੍ਰਾਪਤ ਕੀਤੀ ਗਈ। ਇਸ ਟੂਰਨਾਮੈਂਟ ਵਿਚ ਅਕਾਲ ਅਕੈਡਮੀ ਭੁਸਲਾ ਦੀ ਸਿਮਰਪ੍ਰੀਤ ਕੌਰ ਨੇ ਜੂਨੀਅਰ ਡਬਲ ਮੁਕਾਬਲੇ ਵਿਚ ਦੂਸਰਾ ਸਥਾਨ ਪ੍ਰਾਪਤ ਕਰ ਕੇ ਆਪਣੇ ਆਪ ਵਿਚ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਅਪ੍ਰੈਲ 2019 ਵਿਚ ਖੇਡੇ ਗਏ ਮੁਕਾਬਲੇ ਵਿਚ ਵੁਮੈਨ ਡਬਲਜ਼ 'ਚ ਪਹਿਲਾ, ਵੁਮੈਨ ਸਿੰਗਲ ਵਿਚ ਦੂਸਰਾ ਅਤੇ 16 ਸਾਲਾ ਡਬਲਸ ਗਰੁੱਪ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਜੂਨ 2019 ਵਿਚ ਅਬੂਧਾਬੀ ਵਿਚ ਖੇਡੇ ਗਏ ਇਸ ਟੂਰਨਾਮੈਂਟ ਵਿਚ ਜਰਮਨ, ਅਬੂਧਾਬੀ, ਦੁਬਈ ਅਤੇ ਸੀਰੀਆ ਆਦਿ ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ ਸੀ। ਇਸ ਸੰਬੰਧ ਵਿਚ ਜਦ ਖਿਡਾਰੀ ਸਿਮਰਪ੍ਰੀਤ ਕੌਰ ਤੋਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਸ਼ੁਰੂ ਤੋਂ ਹੀ ਟੇਬਲ ਸ਼ਾਕਰ ਖੇਡਣ ਦਾ ਸ਼ੋਕ ਹੈ। ਇਸ ਲਈ ਉਹ ਸਖਤ ਮਿਹਨਤ ਕਰਦੀ ਆ ਰਹੀ ਹੈ ਜਿਸ ਕਾਰਨ ਉਹ ਦੇਸ਼-ਵਿਦੇਸ਼ ਵਿਚ ਆਪਣੇ ਖੇਡ ਦਾ ਪ੍ਰਦਰਸ਼ਨ ਦਿਖਾ ਚੁੱਕੀ ਹੈ। ਇਸ ਮੌਕੇ 'ਤੇ ਅਕਾਲ ਅਕੈਡਮੀ ਭੁਸਲਾ ਦੀ ਪ੍ਰਿੰਸੀਪਲ ਗੁਰਜੀਤ ਕੌਰ, ਕੋਚ ਅਸ਼ੋਕ ਕੁਮਾਰ, ਸੇਵਾਦਾਰ ਜਸਵੰਤ ਸਿੰਘ ਅਤੇ ਈਗਲ ਟੇਬਲ ਸ਼ਾਕਰ ਕਲੱਬ ਵਲੋਂ ਸਾਂਝੇ ਰੂਪ ਨਾਲ ਬੱਚੀ ਤੇ ਮਾਂ-ਬਾਪ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ ਗਈ। ਕਲਗੀਧਰ ਟ੍ਰਸਟ ਬੜੂ ਸਾਹਿਬ ਵਲੋਂ ਅਕਾਲ ਅਕੈਡਮੀ ਵਿਚ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਲਈ ਯਤਨ ਕੀਤੇ ਜਾਂਦੇ ਹਨ।
ਨਿਸ਼ਾਨੇਬਾਜ਼ੀ ਦਾ ਰਾਸ਼ਟਰਮੰਡਲ ਖੇਡਾਂ 2022 'ਚੋਂ ਹਟਣਾ ਨਿਰਾਸ਼ਾਜਨਕ ਨਹੀਂ : ਨਾਰੰਗ
NEXT STORY