ਸਪੋਰਟਸ ਡੈਸਕ : ਪਾਕਿਸਤਾਨ ਦੇ ਤਜਰਬੇਕਾਰ ਕ੍ਰਿਕਟਰ ਅਤੇ ਦਿੱਗਜ ਆਲਰਾਊਂਡਰ ਸ਼ੋਏਬ ਮਲਿਕ ਨੇ ਪਾਕਿਸਤਾਨ ਸੁਪਰ ਲੀਗ (PSL) ਤੋਂ ਸੰਨਿਆਸ ਲੈਣ ਦਾ ਐਲਾਨ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਮਲਿਕ ਨੇ PSL ਦੇ 11ਵੇਂ ਸੀਜ਼ਨ ਤੋਂ ਠੀਕ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹੁਣ ਇਸ ਲੀਗ ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਲੀਗ ਵਿੱਚ ਬਿਤਾਏ ਆਪਣੇ 10 ਸਾਲਾਂ ਦੇ ਸਫ਼ਰ ਨੂੰ ਯਾਦ ਕਰਦਿਆਂ ਲਿਖਿਆ ਕਿ ਉਹ ਮੈਦਾਨ ਦੇ ਅੰਦਰ ਅਤੇ ਬਾਹਰ ਬਣਾਈਆਂ ਦੋਸਤੀਆਂ ਨੂੰ ਹਮੇਸ਼ਾ ਸੰਭਾਲ ਕੇ ਰੱਖਣਗੇ।
ਸ਼ੋਏਬ ਮਲਿਕ PSL ਦੀ ਸ਼ੁਰੂਆਤ ਤੋਂ ਹੀ ਇਸ ਟੂਰਨਾਮੈਂਟ ਦਾ ਅਹਿਮ ਹਿੱਸਾ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਕਰਾਚੀ ਕਿੰਗਜ਼, ਮੁਲਤਾਨ ਸੁਲਤਾਨਜ਼, ਪੇਸ਼ਾਵਰ ਜ਼ਲਮੀ ਅਤੇ ਕੁਏਟਾ ਗਲੈਡੀਏਟਰਜ਼ ਵਰਗੀਆਂ ਚਾਰ ਵੱਖ-ਵੱਖ ਫ੍ਰੈਂਚਾਇਜ਼ੀਆਂ ਦੀ ਨੁਮਾਇੰਦਗੀ ਕੀਤੀ। ਉਹ ਲੀਗ ਦੇ ਇਤਿਹਾਸ ਵਿੱਚ ਚੌਥੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ, ਜਿਨ੍ਹਾਂ ਨੇ 92 ਮੈਚਾਂ ਵਿੱਚ 2350 ਦੌੜਾਂ ਬਣਾਈਆਂ ਅਤੇ 17 ਵਿਕਟਾਂ ਵੀ ਹਾਸਲ ਕੀਤੀਆਂ। ਵਿਸ਼ਵ ਪੱਧਰ 'ਤੇ ਵੀ ਮਲਿਕ ਟੀ-20 ਕ੍ਰਿਕਟ ਇਤਿਹਾਸ ਵਿੱਚ 13,571 ਦੌੜਾਂ ਦੇ ਨਾਲ ਛੇਵੇਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ।
ਸ਼ੋਏਬ ਮਲਿਕ ਦਾ ਅੰਤਰਰਾਸ਼ਟਰੀ ਕਰੀਅਰ ਬੇਹੱਦ ਸ਼ਾਨਦਾਰ ਰਿਹਾ ਹੈ, ਜਿਸ ਦੀ ਸ਼ੁਰੂਆਤ ਸਾਲ 1999 ਵਿੱਚ ਹੋਈ ਸੀ। ਉਹ ਪਾਕਿਸਤਾਨ ਦੀ 2009 ਟੀ-20 ਵਿਸ਼ਵ ਕੱਪ ਜੇਤੂ ਟੀਮ ਦੇ ਅਹਿਮ ਮੈਂਬਰ ਸਨ ਅਤੇ ਉਨ੍ਹਾਂ ਨੇ ਤਿੰਨੋਂ ਫਾਰਮੈਟਾਂ ਵਿੱਚ ਪਾਕਿਸਤਾਨੀ ਟੀਮ ਦੀ ਕਪਤਾਨੀ ਵੀ ਕੀਤੀ। ਆਪਣੇ 446 ਅੰਤਰਰਾਸ਼ਟਰੀ ਮੈਚਾਂ ਦੇ ਕਰੀਅਰ ਵਿੱਚ ਉਨ੍ਹਾਂ ਨੇ 12 ਸੈਂਕੜਿਆਂ ਦੀ ਮਦਦ ਨਾਲ 11,867 ਦੌੜਾਂ ਬਣਾਈਆਂ ਅਤੇ ਗੇਂਦਬਾਜ਼ੀ ਵਿੱਚ 218 ਵਿਕਟਾਂ ਝਟਕਾਈਆਂ।
ਅਭਿਸ਼ੇਕ ਦੀ ‘ਯੂਰਪੀਅਨ ਟੀ-20 ਲੀਗ’ ’ਚ ਧਮਾਕਾ! ਸਟੀਵ, ਮੈਕਸਵੈੱਲ ਤੇ ਜੈਮੀ ਵਰਗੇ ਦਿੱਗਜ ਬਣੇ ਫ੍ਰੈਂਚਾਈਜ਼ੀ ਮਾਲਕ
NEXT STORY