ਸਪੋਰਟਸ ਡੈਸਕ- ਪਾਕਿਸਤਾਨ ਨੇ ਭਾਰਤ ਦੇ ਖ਼ਿਲਾਫ਼ ਐਤਵਾਰ ਨੂੰ ਖੇਡੇ ਜਾਣ ਵਾਲੇ ਟੀ-20 ਵਰਲਡ ਕੱਪ ਦੇ ਹਾਈ ਵੋਲਟੇਜ ਮੁਕਾਬਲੇ ਲਈ 12 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਦੀ ਕਮਾਨ ਬਾਬਰ ਆਜ਼ਮ ਦੇ ਹੱਥਾਂ 'ਚ ਹੋਵੇਗੀ। ਭਾਰਤ ਖ਼ਿਲਾਫ਼ ਵੱਡਾ ਮੁਕਾਬਲਾ ਹੋਣ ਕਾਰਨ ਸ਼ੋਏਬ ਮਲਿਕ ਤੇ ਮੁਹੰਮਦ ਹਫੀਜ਼ ਜਿਹੇ ਤਜਰਬੇਕਾਰ ਖਿਡਾਰੀਆਂ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਇਹ ਮੁਕਾਬਲਾ ਦੁਬਈ 'ਚ ਖੇਡਿਆ ਜਾਵੇਗਾ। ਪਾਕਿਸਤਾਨ ਨੇ ਇਸ ਮੈਚ ਤੋਂ 24 ਘੰਟੇ ਪਹਿਲਾਂ ਹੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ 12 ਖਿਡਾਰੀਆਂ 'ਚੋਂ ਪਲੇਇੰਗ ਇਲੈਵਨ ਚੁਣੀ ਜਾਵੇਗੀ। ਕੌਮਾਂਤਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਦੀ ਰੈਂਕਿੰਗ 'ਚ ਭਾਰਤ ਦੂਜੇ, ਜਦਕਿ ਪਾਕਿਸਤਾਨ ਤੀਜੇ ਸਥਾਨ 'ਤੇ ਹੈ। ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਟੀ-20 ਵਰਲਡ ਕੱਪ 'ਚ 5 ਵਾਰ ਆਹਮੋ ਸਾਹਮਣੇ ਹੋਈਆਂ ਹਨ ਤੇ ਹਰ ਵਾਰ ਟੀਮ ਇੰਡੀਆ ਨੇ ਜਿੱਤ ਦਰਜ ਕੀਤੀ ਹੈ।
ਤਜਰਬੇਕਾਰ ਸ਼ੋਏਬ ਮਲਿਕ ਨੂੰ ਮਿਲਿਆ ਮੌਕਾ
ਇਸ ਤੋਂ ਪਹਿਲਾਂ 39 ਸਾਲਾ ਸ਼ੋਏਬ ਮਲਿਕ ਨੂੰ ਸੋਹੇਬ ਮਕਸੂਦ ਦੀ ਜਗ੍ਹਾ ਟੀ-20 ਵਰਲਡ ਕੱਪ ਟੀਮ ਲਈ ਚੁਣਿਆ ਗਿਆ ਸੀ। ਪਾਕਿਸਤਾਨ ਦੀ ਟੀਮ ਨੇ ਯੁਨੂਸ ਖਾਨ ਦੀ ਕਪਤਾਨੀ 'ਚ ਸਾਲ 2009 'ਚ ਵਰਲਡ ਕੱਪ ਜਿੱਤਿਆ ਸੀ। ਸੋਏਬ ਮਲਿਕ ਉਸ ਟੀਮ ਦਾ ਹਿੱਸਾ ਸਨ। ਜਦਕਿ ਸਾਲ 2007 'ਚ ਪਹਿਲੀ ਵਾਰ ਖੇਡੇ ਗਏ ਟੀ-20 ਵਰਲਡ ਕੱਪ ਸ਼ੋਏਬ ਪਾਕਿਸਤਾਨ ਟੀਮ ਦੇ ਕਪਤਾਨ ਸਨ। ਹਾਲਾਂਕਿ ਉਦੋਂ ਪਾਕਿਸਤਾਨ ਨੂੰ ਭਾਰਤ ਹੱਥੋਂ ਹਾਰ ਝਲਣੀ ਪਈ ਸੀ। ਸਾਲ 2007 ਤੋਂ ਅਜੇ ਤਕ 5 ਵਰਲਡ ਕੱਪ ਖੇਡੇ ਗਏ ਹਨ ਤੇ ਸਾਰਿਆਂ 'ਚ ਸ਼ੋਏਬ ਮਲਿਕ ਪਾਕਿਸਤਾਨ ਟੀਮ 'ਚ ਸ਼ਾਮਲ ਰਹੇ ਹਨ।
ਪਾਕਿਸਤਾਨ ਦੀ 12 ਮੈਂਬਰੀ ਟੀਮ : ਬਾਬਰ ਆਜ਼ਮ (ਕਪਤਾਨ), ਆਸਿਫ਼ ਅਲੀ, ਫਖ਼ਰ ਜ਼ਮਾਨ, ਹੈਦਰ ਅਲੀ, ਮੁਹੰਮਦ ਰਿਜ਼ਵਾਨ, ਇਮਾਦ ਵਸੀਮ, ਮੁਹੰਮਦ ਹਫੀਜ਼, ਸ਼ਾਦਾਬ ਖ਼ਾਨ, ਸ਼ੋਏਬ ਮਲਿਕ, ਹਾਰਿਸ ਰਊਫ਼, ਹਸਨ ਅਲੀ ਤੇ ਸ਼ਾਹੀਨ ਅਫ਼ਰੀਦੀ।
ਭਾਰਤ ਦੇ ਅਭਿਮਨਿਊ ਨੇ ਜਿੱਤਿਆ ਯੇਰੇਵਨ ਕੌਮਾਂਤਰੀ ਸ਼ਤਰੰਜ ਖ਼ਿਤਾਬ
NEXT STORY