ਨਵੀਂ ਦਿੱਲੀ : ਅਫ਼ਗਾਨਿਸਤਾਨ ਦੀ ਕ੍ਰਿਕਟ ਟੀਮ ਅਗਲੇ ਮਹੀਨੇ ਭਾਰਤ ਵਿੱਚ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡਣ ਜਾ ਰਹੀ ਹੈ, ਜਿਸ ਵਿੱਚ ਭਾਰਤੀ ਟੀਮ ਆਪਣੇ ਹੀ ਦੇਸ਼ ਵਿੱਚ ਮਹਿਮਾਨ ਟੀਮ ਵਜੋਂ ਖੇਡੇਗੀ। ਅਫ਼ਗਾਨਿਸਤਾਨ ਕ੍ਰਿਕਟ ਬੋਰਡ ਤੋਂ ਬਾਅਦ ਹੁਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵੀ ਇਸ ਸੀਰੀਜ਼ ਦੇ ਸ਼ਡਿਊਲ 'ਤੇ ਆਪਣੀ ਅਧਿਕਾਰਤ ਮੋਹਰ ਲਗਾ ਦਿੱਤੀ ਹੈ। ਭਾਰਤ ਅਤੇ ਅਫ਼ਗਾਨਿਸਤਾਨ ਵਿਚਕਾਰ ਇਹ ਟੀ-20 ਸੀਰੀਜ਼ 13 ਸਤੰਬਰ ਤੋਂ 17 ਸਤੰਬਰ ਤੱਕ ਖੇਡੀ ਜਾਵੇਗੀ।
ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਹੋਣਗੇ ਸਾਰੇ ਮੈਚ
ਇਸ ਸੀਰੀਜ਼ ਦੇ ਤਿੰਨੋਂ ਮੁਕਾਬਲੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਆਯੋਜਿਤ ਕੀਤੇ ਜਾਣਗੇ। ਸੀਰੀਜ਼ ਦਾ ਪਹਿਲਾ ਮੈਚ 13 ਸਤੰਬਰ, ਦੂਜਾ 15 ਸਤੰਬਰ ਅਤੇ ਤੀਜਾ ਤੇ ਆਖਰੀ ਮੈਚ 17 ਸਤੰਬਰ ਨੂੰ ਖੇਡਿਆ ਜਾਵੇਗਾ। ਅਫ਼ਗਾਨਿਸਤਾਨ ਆਪਣੇ ਕ੍ਰਿਕਟ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਸੁਰੱਖਿਆ ਕਾਰਨਾਂ ਕਰਕੇ ਅਫ਼ਗਾਨਿਸਤਾਨ ਵਿੱਚ ਅੰਤਰਰਾਸ਼ਟਰੀ ਮੈਚ ਨਹੀਂ ਹੁੰਦੇ, ਜਿਸ ਕਰਕੇ ਉਸ ਨੇ ਪਹਿਲਾਂ ਵੀ ਭਾਰਤੀ ਸਰਜ਼ਮੀਨ 'ਤੇ ਆਇਰਲੈਂਡ ਅਤੇ ਬੰਗਲਾਦੇਸ਼ ਵਰਗੀਆਂ ਟੀਮਾਂ ਦੀ ਮੇਜ਼ਬਾਨੀ ਕੀਤੀ ਹੈ।
ਅਫ਼ਗਾਨਿਸਤਾਨ ਕ੍ਰਿਕਟ ਦੇ ਵਿਕਾਸ ਲਈ BCCI ਵਚਨਬੱਧ
ਇਸ ਇਤਿਹਾਸਕ ਮੇਜ਼ਬਾਨੀ ਨੂੰ ਲੈ ਕੇ BCCI ਦੇ ਪ੍ਰਧਾਨ ਮਿਥੁਨ ਮਨਹਾਸ ਨੇ ਕਿਹਾ, "ਭਾਰਤੀ ਬੋਰਡ ਅਫ਼ਗਾਨਿਸਤਾਨ ਵਿੱਚ ਕ੍ਰਿਕਟ ਦੇ ਵਿਕਾਸ ਨੂੰ ਸਮਰਥਨ ਦੇਣ ਅਤੇ ਉਨ੍ਹਾਂ ਦੇ ਖਿਡਾਰੀਆਂ ਨੂੰ ਉੱਚ ਪੱਧਰ 'ਤੇ ਮੁਕਾਬਲਾ ਕਰਨ ਦਾ ਮੌਕਾ ਦੇਣ ਲਈ ਵਚਨਬੱਧ ਹੈ।" ਉਨ੍ਹਾਂ ਅੱਗੇ ਕਿਹਾ ਕਿ ਦੁਵੱਲੀ ਕ੍ਰਿਕਟ ਇਸ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਨਾਲ ਟੀਮਾਂ ਨੂੰ ਨਿਯਮਤ ਤੌਰ 'ਤੇ ਮਜ਼ਬੂਤ ਟੀਮਾਂ ਵਿਰੁੱਧ ਖੇਡਣ ਅਤੇ ਕੀਮਤੀ ਅਨੁਭਵ ਹਾਸਲ ਕਰਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਨੇ ਅਫ਼ਗਾਨਿਸਤਾਨ ਕ੍ਰਿਕਟ ਬੋਰਡ ਦਾ ਭਾਰਤ ਵਿੱਚ ਨਿੱਘਾ ਸਵਾਗਤ ਕੀਤਾ ਅਤੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਦੇ ਹੋਏ ਅਫ਼ਗਾਨਿਸਤਾਨ ਕ੍ਰਿਕਟ ਨੂੰ ਲਗਾਤਾਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਧਾਕੜ ਕ੍ਰਿਕਟਰ ਨੂੰ ਹੋਈ ਜੇਲ੍ਹ, ਕੀਤਾ ਅਜਿਹਾ ਕਾਰਾ ਕਿ ਸੁਪਰੀਮ ਕੋਰਟ ਨੇ ਵੀ ਸੁਣਾਈ ਮਿਸਾਲੀ ਸਜ਼ਾ
NEXT STORY