ਬੈਂਗਲੁਰੂ— ਦੇਸ਼ ਦੀ ਘਰੇਲੂ ਇਕ ਦਿਨਾ ਪ੍ਰਤੀਯੋਗਿਤਾ ਵਿਜੇ ਹਜ਼ਾਰੇ ਟਰਾਫੀ ਇਸ ਵਾਰ ਦੱਖਣੀ ਭਾਰਤ ਜਾਣ ਵਾਲੀ ਹੈ ਕਿਉਂਕਿ ਖਿਤਾਬ ਲਈ 2 ਦੱਖਣੀ ਸੂਬਿਆਂ ਤਾਮਿਲਨਾਡੂ ਅਤੇ ਕਰਨਾਟਕ ਵਿਚਾਲੇ ਮੁਕਾਬਲਾ ਹੋਵੇਗਾ। ਤਾਮਿਲਨਾਡੂ ਨੇ ਬੈਂਗਲੁਰੂ ਦੇ ਜਸਟ ਕ੍ਰਿਕਟ ਅਕੈਡਮੀ ਮੈਦਾਨ ਵਿਚ ਗੁਜਰਾਤ ਨੂੰ ਮੀਂਹ ਨਾਲ ਰੁਕੇ ਮੁਕਾਬਲੇ ਵਿਚ 5 ਵਿਕਟਾਂ ਨਾਲ ਹਰਾਇਆ, ਜਦਕਿ ਕਰਨਾਟਕ ਵਿਚ ਛੱਤੀਸਗੜ੍ਹ ਨੂੰ ਐੱਮ. ਚਿੰਨਾਸਵਾਮੀ ਸਟੇਡੀਅਮ ਵਿਚ 9 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। ਫਾਈਨਲ 25 ਅਕਤੂਬਰ ਨੂੰ ਐੱਮ. ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਜਾਵੇਗਾ।
ਤਾਮਿਲਨਾਡੂ ਅਤੇ ਗੁਜਰਾਤ ਦੇ ਮੁਕਾਬਲੇ ਵਿਚ ਮੈਦਾਨ ਗਿੱਲਾ ਹੋਣ ਕਾਰਣ ਓਵਰਾਂ ਦੀ ਗਿਣਤੀ ਘੱਟ ਕੇ 40 ਕਰ ਦਿੱਤੀ ਗਈ। ਗੁਜਰਾਤ ਦੀ ਟੀਮ 40 ਓਵਰਾਂ ਵਿਚ 9 ਵਿਕਟਾਂ 'ਤੇ 177 ਦੌੜਾਂ ਬਣਾ ਸਕੀ। ਤਾਮਿਲਨਾਡੂ ਨੇ 39 ਓਵਰਾਂ ਵਿਚ 5 ਵਿਕਟਾਂ 'ਤੇ 181 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਦੂਸਰੇ ਸੈਮੀਫਾਈਨਲ ਵਿਚ ਕਰਨਾਟਕ ਨੂੰ ਜਿੱਤਣ ਲਈ ਜ਼ਿਆਦਾ ਪਸੀਨਾ ਨਹੀਂ ਬਹਾਉਣਾ ਪਿਆ। ਛੱਤੀਸਗੜ੍ਹ ਦੀ ਟੀਮ ਅਮਨਦੀਪ ਖਰੇ ਦੀਆਂ 78 ਦੌੜਾਂ ਦੀ ਸ਼ਾਨਦਾਰ ਪਾਰੀ ਦੇ ਬਾਵਜੂਦ 49.4 ਓਵਰਾਂ ਵਿਚ 223 ਦੌੜਾਂ ਬਣਾ ਕੇ ਸਿਮਟ ਗਈ। ਲੋਕੇਸ਼ ਰਾਹੁਲ ਨੇ 111 ਗੇਂਦਾਂ ਵਿਚ 7 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 92 ਅਤੇ ਮਯੰਕ ਅਗਰਵਾਲ ਨੇ 33 ਗੇਂਦਾਂ ਵਿਚ ਅਜੇਤੂ 47 ਦੌੜਾਂ ਬਣਾ ਕੇ ਕਰਨਾਟਕ ਨੂੰ ਫਾਈਨਲ ਵਿਚ ਪਹੁੰਚਾ ਦਿੱਤਾ।
ਰੋਹਿਤ ਦੀ ਟੈਸਟ ਰੈਂਕਿੰਗ ਦੇ ਟਾਪ-10 'ਚ ਛਲਾਂਗ
NEXT STORY