ਮੈਲਬੋਰਨ— ਭਾਰਤ ਨੇ ਜਿੱਤ ਦੀ ਰਾਹ 'ਤੇ ਪਰਤਣ ਦੀ ਮੁਹਿੰਮ 'ਚ ਬੁੱਧਵਾਰ ਨੂੰ ਇੱਥੇ ਆਸਟਰੇਲੀਆ ਖਿਲਾਫ ਸ਼ੁਰੂ ਹੋ ਰਹੇ ਤੀਜੇ 'ਬਾਕਸਿੰਗ ਡੇ' ਟੈਸਟ ਲਈ ਮਯੰਕ ਅਗਰਵਾਲ ਅਤੇ ਹਨੁਮਾ ਵਿਹਾਰੀ ਦੀ ਯੁਵਾ ਸਲਾਮੀ ਜੋੜੀ ਨੂੰ ਜ਼ਿੰਮੇਵਾਰੀ ਸੌਂਪੀ ਹੈ। ਪਰਥ 'ਚ ਦੂਜੇ ਟੈਸਟ 'ਚ 146 ਦੌੜਾਂ ਦੀ ਹਾਰ ਦੇ ਬਾਅਦ ਭਾਰਤ ਨੁੰ ਇਸ ਦੀ ਸਮੀਖਿਆ ਕਰਨ ਲਈ ਇਕ ਹਫਤੇ ਦਾ ਬਰੇਕ ਮਿਲਿਆ ਅਤੇ ਟੀਮ ਨੇ ਖਰਾਬ ਫਾਰਮ ਨਾਲ ਜੂਝ ਰਹੇ ਬੱਲੇਬਾਜ਼ਾਂ ਲੋਕੇਸ਼ ਰਾਹੁਲ ਅਤੇ ਮੁਰਲੀ ਵਿਜੇ ਨੂੰ ਆਖ਼ਰਕਾਰ ਪਲੇਇੰਗ ਇਲੈਵਨ 'ਚੋਂ ਬਾਹਰ ਕਰ ਦਿੱਤਾ। ਕਪਤਾਨ ਵਿਰਾਟ ਕੋਹਲੀ ਕੋਲ ਆਲਰਾਊਂਡਰ ਹਾਰਦਿਕ ਪੰਡਯਾ ਨੂੰ ਖਿਡਾਉਣ ਦਾ ਬਦਲ ਸੀ ਪਰ ਉਨ੍ਹਾਂ ਨੇ ਦੁਬਾਰਾ ਫਿੱਟ ਹੋ ਚੁੱਕੇ ਰੋਰਿਤ ਸ਼ਰਮਾ ਨੂੰ ਵਾਧੂ ਬੱਲੇਬਾਜ਼ ਦੇ ਰੂਪ 'ਚ ਖਿਡਾਉਣ ਦਾ ਫੈਸਲਾ ਕੀਤਾ। ਭਾਰਤੀ ਟੀਮ ਪ੍ਰਬੰਧਨ ਨੇ ਰਿਵਾਇਤ ਤੋਂ ਹਟਦੇ ਹੋਏ ਮੈਚ ਤੋਂ ਇਕ ਦਿਨ ਪਹਿਲਾਂ ਹੀ ਆਪਣੇ ਪਲੇਇੰਗ ਇਲੈਵਨ ਦਾ ਐਲਾਨ ਕਰ ਦਿੱਤਾ ਜਿਸ ਨਾਲ ਟੀਮ ਦੇ ਸੰਭਾਵੀ ਤਾਲਮੇਲ ਨੂੰ ਲੈ ਕੇ ਪ੍ਰਗਟਾਈਆਂ ਜਾ ਰਹੀਆਂ ਸੰਭਾਵਨਾਵਾਂ ਨੂੰ ਖਤਮ ਕਰ ਦਿੱਤਾ ਗਿਆ ਹੈ।

ਰਾਹੁਲ ਬੇਹੱਦ ਖਰਾਬ ਫਾਰਮ ਨਾਲ ਜੂਝ ਰਹੇ ਹਨ ਅਤੇ ਮੌਜੂਦਾ ਸੀਰੀਜ਼ ਦੀਆਂ ਚਾਰ ਪਾਰੀਆਂ 'ਚ ਸਿਰਫ 48 ਦੌੜਾਂ ਹੀ ਬਣਾ ਸਕੇ ਹਨ ਜਿਸ 'ਚ ਐਲੀਲੇਡ 'ਚ ਦੂਜੀ ਪਾਰੀ 'ਚ ਬਣਾਏ 44 ਦੌੜਾਂ ਵੀ ਸ਼ਾਮਲ ਹਨ। ਇਸ ਸਾਲ ਵਿਦੇਸ਼ਾਂ 'ਚ ਖੇਡਦੇ ਹੋਏ ਉਨ੍ਹਾਂ ਦਾ ਔਸਤ 20.94 ਤਕ ਡਿਗ ਗਿਆ ਹੈ ਅਤੇ ਇਸ ਦੌਰਾਨ ਉਹ 9 ਟੈਸਟ ਮੈਚਾਂ 'ਚ ਸਿਰਫ ਇਕ ਵਾਰ ਅਰਧ ਸੈਂਕੜਾ ਜੜਨ 'ਚ ਸਫਲ ਰਹੇ। ਵਿਜੇ ਵੀ ਇਸ ਤੋਂ ਕੁਝ ਬਿਹਤਰ ਨਹੀਂ ਕਰ ਸਕੇ। ਉਹ ਮੌਜੂਦਾ ਸੀਰੀਜ਼ ਦੀਆਂ 4 ਪਾਰੀਆਂ 'ਚ ਸਿਰਫ 49 ਦੌੜਾਂ ਹੀ ਬਣਾ ਸਕੇ ਹਨ। ਪਰਥ 'ਚ ਉਨ੍ਹਾਂ ਨੇ ਦੂਜੀ ਪਾਰੀ 'ਚ 20 ਦੌੜਾਂ ਬਣਾਈਆਂ ਜੋ ਮੌਜੂਦਾ ਦੌਰੇ 'ਤੇ ਉਨ੍ਹਾਂ ਦਾ ਸਰਵਸ੍ਰੇਸ਼ਠ ਸਕੋਰ ਹੈ। ਕੁੱਲ ਮਿਲਾ ਕੇ 2018 'ਚ 8 ਟੈਸਟ ਮੈਚਾਂ 'ਚ ਉਨ੍ਹਾਂ ਦਾ ਔਸਤ ਸਿਰਫ 18.80 ਰਿਹਾ ਹੈ ਜਿਸ 'ਚ ਅਫਗਾਨਿਸਤਾਨ ਖਿਲਾਫ ਇਕ ਸੈਂਕੜਾ ਵੀ ਸ਼ਾਮਲ ਹੈ। ਅਫਗਾਨਿਸਤਾਨ ਖਿਲਾਫ ਸੈਂਕੜੇ ਨੂੰ ਹਟਾ ਦਿੱਤਾ ਜਾਵੇ ਤਾਂ ਵਿਜੇ ਦਾ ਸਰਵਸ੍ਰੇਸ਼ਠ ਸਕੋਰ ਇਸ ਸਾਲ 46 ਦੌੜਾਂ ਹਨ ਜੋ ਉਨ੍ਹਾਂ ਨੇ ਸੈਂਚੁਰੀਅਨ 'ਚ ਦੱਖਣੀ ਅਫਰੀਕਾ ਦੇ ਖਿਲਾਫ ਬਣਾਇਆ। ਮੌਜੂਦਾ ਸਾਲ 'ਚ ਉਨ੍ਹਾਂ ਦਾ ਔਸਤ 7 ਟੈਸਟਾਂ'ਚ 12.64 ਹੀ ਹੈ। ਇਹ ਸਕੋਰ ਦਰਸਾਉਂਦਾ ਹੈ ਕਿ ਆਸਟਰੇਲੀਆ 'ਚ ਨਵੀਆਂ ਗੇਂਦਾਂ ਦੇ ਗੇਂਦਬਾਜ਼ਾਂ ਦੇ ਲਈ ਇਹ ਦੋਵੇਂ ਸੌਖੇ ਸ਼ਿਕਾਰ ਬਣ ਗਏ ਸਨ।
ਵਿਹਾਰੀ ਨੇ ਚੋਣਕਾਰਾਂ ਨੂੰ ਕੀਤਾ ਪ੍ਰਭਾਵਿਤ

ਮੈਲਬੋਰਨ 'ਚ ਮੌਜੂਦ ਚੋਣ ਕਮੇਟੀ ਦੇ ਪ੍ਰਧਾਨ ਐੱਮ.ਐੱਸ.ਕੇ. ਪ੍ਰਸਾਦ ਨੇ ਕਿਹਾ ਹੈ ਕਿ ਪ੍ਰਿਥਵੀ ਸ਼ਾਅ ਦੇ ਸੱਟ ਦਾ ਸ਼ਿਕਾਰ ਹੋਣ ਦੇ ਕਾਰਨ ਵਿਹਾਰੀ ਕੰਮਚਲਾਊ ਹੱਲ ਹਨ। ਅਗਰਵਾਲ ਨੇ ਹਾਲਾਂਕਿ ਟੀਮ 'ਚ ਜਗ੍ਹਾ ਘਰੇਲੂ ਪੱਧਰ ਅਤੇ ਭਾਰਤ ਏ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਬਣਾਈ ਹੈ। ਵਿਹਾਰੀ ਆਂਧਰ ਵੱਲੋਂ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਦੇ ਹਨ। ਉਹ ਹਾਲਾਂਕਿ ਪਹਿਲੇ ਦਰਜੇ ਦੇ ਕ੍ਰਿਕਟ ਦੀ ਸ਼ੁਰੂਆਤ 'ਚ ਹੈਦਰਬਾਦ ਲਈ ਪਾਰੀ ਦਾ ਆਗਾਜ਼ ਕਰ ਚੁੱਕੇ ਹਨ। ਉਨ੍ਹਾਂ ਦੇ ਪਾਰੀ ਦੀ ਸ਼ੁਰੂਆਤ ਕਰਨ ਦੀ ਜ਼ਿੰਮੇਵਾਰੀ ਮਿਲਣ ਨਾਲ ਜ਼ਾਹਰ ਹੈ ਕਿ ਉਨ੍ਹਾਂ ਨੇ ਅਜੇ ਤਕ ਆਪਣੇ ਦੋ ਟੈਸਟ 'ਚ ਟੀਮ ਪ੍ਰਬੰਧਨ ਨੂੰ ਪ੍ਰਭਾਵਿਤ ਕੀਤਾ ਹੈ। ਇਹੋ ਕਾਰਨ ਹੈ ਕਿ ਉਨ੍ਹਾਂ ਨੂੰ ਮਿਸ਼ੇਲ ਸਟਾਰਕ, ਪੈਟ ਕਮਿੰਸ ਅਤੇ ਜੋਸ਼ ਹੇਜ਼ਲਵੁੱਡ ਦੇ ਖਿਲਾਫ ਜ਼ਿੰਮੇਵਾਰੀ ਸੌਂਪੀ ਗਈ ਹੈ।
ਰੋਹਿਤ ਦੀ ਟੀਮ 'ਚ ਵਾਪਸੀ

ਟੀਮ ਪ੍ਰਬੰਧਨ ਦੀ ਇਸ ਰਣਨੀਤੀ ਨਾਲ ਇਕ ਵਾਰ ਫਿਰ ਸਾਰਿਆਂ ਦੀਆਂ ਨਜ਼ਰਾਂ ਰੋਹਿਤ ਸ਼ਰਮਾ 'ਤੇ ਟਿਕੀਆਂ ਹੋਣਗੀਆਂ ਜਿਨ੍ਹਾਂ ਨੂੰ ਫਿਰ ਮੱਧਕ੍ਰਮ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਟੀਮ ਪ੍ਰਬੰਧਨ ਰੋਹਿਤ ਨੂੰ ਪਲੇਇੰਗ ਇਲੈਵਨ 'ਚ ਮੌਕਾ ਦੇਣ ਲਈ ਚੇਤੇਸ਼ਵਰ ਪੁਜਾਰਾ (ਸਿਡਨ 'ਚ 2014 'ਚ) ਨੂੰ ਟੀਮ 'ਚੋਂ ਬਾਹਰ ਕਰ ਚੁੱਕਾ ਹੈ ਜਦਕਿ ਕੋਲੰਬੋ 'ਚ 2015 'ਚ ਅਜਿੰਕਯ ਰਾਹਨੇ ਜਦਕਿ ਸੇਂਟ ਲੂਸੀਆ 'ਚ 2016 'ਚ ਕਪਤਾਨ ਵਿਰਾਟ ਕੋਹਲੀ ਨਾਲ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਉਤਰੇ। ਰੋਹਿਤ ਹਾਲਾਂਕਿ ਟੈਸਟ ਕ੍ਰਿਕਟ 'ਚ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ 'ਚ ਅਸਫਲ ਰਹੇ ਹਨ। ਐਡੀਲੇਡ 'ਚ ਪਹਿਲੇ ਟੈਸਟ ਦੀ ਪਹਿਲੀ ਪਾਰੀ 'ਚ ਭਾਰਤ ਦੇ 250 ਦੌੜਾਂ 'ਚ ਉਨ੍ਹਾਂ ਨੇ 37 ਦੌੜਾਂ ਦੀ ਹਮਲਾਵਰ ਪਾਰੀ ਖੇਡੀ ਸੀ।
ਗੇਂਦਬਾਜ਼ੀ 'ਚ ਬਦਲਾਅ

ਭਾਰਤ ਨੇ ਤੀਜਾ ਬਦਲਾਅ ਆਪਣੇ ਗੇਂਦਬਾਜ਼ੀ ਹਮਲੇ 'ਚ ਕੀਤਾ ਹੈ। ਪਰਥ 'ਚ ਗੇਂਦਬਾਜ਼ੀ 'ਚ ਖਰਾਬ ਸੰਤੁਲਨ ਦੇ ਬਾਅਦ ਟੀਮ ਨੇ ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ ਅਤੇ ਜਸਪ੍ਰੀਤ ਬੁਮਰਾਹ ਦੇ ਨਾਲ ਸਪਿਨਰ ਦੇ ਤੌਰ 'ਤੇ ਖੱਬੇ ਹੱਥ ਦੇ ਗੇਂਦਬਾਜ਼ ਰਵਿੰਦਰ ਜਡੇਜਾ ਨੂੰ ਸ਼ਾਮਲ ਕੀਤਾ ਗਿਆ ਹੈ। ਜਡੇਜਾ ਮੋਢੇ ਦੀ ਜਕੜਨ ਤੋਂ ਉਭਰ ਚੁੱਕੇ ਹਨ ਅਤੇ ਉਹ ਟੀਮ 'ਚ ਉਮੇਸ਼ ਯਾਦਵ ਦੀ ਜਗ੍ਹਾ ਲੈਣਗੇ। ਆਫ ਸਪਿਨਰ ਰਵੀਚੰਦਰਨ ਦੇ ਢਿੱਡ ਦੀਆਂ ਮਾਸਪੇਸ਼ੀਆਂ 'ਚ ਖਿਚਾਅ ਤੋਂ ਉਭਰਨ 'ਚ ਅਸਫਲ ਰਹਿਣ 'ਤੇ ਜਡੇਜਾ ਨੂੰ ਪਲੇਇੰਗ ਇਲੈਵਨ 'ਚ ਜਗ੍ਹਾ ਮਿਲੀ ਹੈ।
ਟੀਮਾਂ ਇਸ ਤਰ੍ਹਾਂ ਹਨ :-
ਭਾਰਤ : ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਨੇ (ਉਪ ਕਪਤਾਨ), ਮਯੰਕ ਅੱਗਰਵਾਲ, ਹਨੁਮਾ ਵਿਹਾਰੀ, ਚੇਤੇਸ਼ਵਰ ਪੁਜਾਰਾ, ਰੋਹਿਤ ਸ਼ਰਮਾ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਇਸ਼ਾਂਤ ਸ਼ਰਮਾ ਅਤੇ ਜਸਪ੍ਰੀਤ ਬੁਮਰਾਹ।
ਆਸਟਰੇਲੀਆ : ਐਰੋਨ ਫਿੰਚ, ਮਾਰਕਸ ਹੈਰਿਸ, ਉਸਮਾਨ ਖਵਾਜਾ, ਸ਼ਾਨ ਮਾਰਸ਼, ਟ੍ਰੇਵਿਸ ਹੇਡ, ਮਿਸ਼ੇਲ ਮਾਰਸ਼, ਟਿਮ ਪੇਨ (ਕਪਤਾਨ, ਵਿਕਟਕੀਪਰ), ਪੈਟ ਕਮਿੰਸ, ਮਿਸ਼ੇਲ ਸਟਾਰਕ, ਨਾਥਨ ਲੀਓਨ, ਜੋਸ਼ ਹੇਜ਼ਲਵੁੱਡ।
ਗੋਆ ਨੇ ਅਸਮ ਨੂੰ ਰੋਮਾਂਚਕ ਮੁਕਾਬਲੇ 'ਚ ਹਰਾਇਆ
NEXT STORY