ਨਵੀਂ ਦਿੱਲੀ : ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਟੀ-20 ਟੀਮ 'ਚ ਵਾਪਸੀ ਹੋ ਗਈ ਹੈ ਅਤੇ ਉਨ੍ਹਾਂ ਨੂੰ ਨਿਊਜ਼ੀਲੈਂਡ ਖਿਲਾਫ ਸੋਮਵਾਰ ਨੂੰ ਐਲਾਨੀ ਟੀ-20 ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਧੋਨੀ ਨੂੰ ਵਿੰਡੀਜ਼ ਖਿਲਾਫ ਘਰੇਲੂ ਟੀ-20 ਸੀਰੀਜ਼ ਤੋਂ ਬਾਹਰ ਰੱਖਿਆ ਗਿਆ ਸੀ ਜਿਸ ਤੋਂ ਬਾਅਦ ਇਸ ਫਾਰਮੈੱਟ ਵਿਚ ਭਵਿੱਖ ਨੂੰ ਲੈ ਕੇ ਸਵਾਲ ਖੜੇ ਹੋਣ ਲੱਗੇ ਸੀ ਪਰ ਰਾਸ਼ਟਰੀ ਚੋਣ ਕਰਤਾਵਾਂ ਨੇ ਧੋਨੀ ਨੂੰ ਆਸਟਰੇਲੀਆ ਅਤੇ ਨਿਊਜ਼ੀਲੈਂਡ ਖਿਲਾਫ ਵਨ ਡੇ ਸੀਰੀਜ਼ ਵਿਚ ਬਰਕਰਾਰ ਰੱਖਿਆ ਹੈ ਅਤੇ ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ ਵਿਚ ਵਾਪਸ ਬੁਲਾਇਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ) ਦੀ ਸੀਨੀਅਰ ਚੋਣ ਕਮੇਟੀ ਆਸਟਰੇਲੀਆ ਖਿਲਾਫ ਵਨ ਡੇ ਸੀਰੀਜ਼ ਅਤੇ ਨਿਊਜ਼ੀਲੈਂਡ ਖਿਲਾਫ ਵਨ ਡੇ ਅਤੇ ਟੀ-20 ਸੀਰੀਜ਼ ਲਈ ਟੀਮਾਂ ਦਾ ਐਲਾਨ ਕੀਤਾ ਹੈ।

ਭਾਰਤ ਨੂੰ ਟੀ-20 ਅਤੇ ਵਨ ਡੇ ਵਿਚ ਵਿਸ਼ਵ ਕੱਪ ਜਿਤਾਉਣ ਵਾਲੇ ਧੋਨੀ ਨੇ ਆਪਣਾ ਆਖਰੀ ਟੀ-20 ਮੈਚ ਇਸ ਸਾਲ 8 ਜੁਲਾਈ ਨੂੰ ਬ੍ਰਿਸਟਲ ਵਿਚ ਇੰਗਲੈਂਡ ਖਿਲਾਫ ਖੇਡਿਆ ਸੀ ਪਰ ਵਿੰਡੀਜ਼ ਖਿਲਾਫ ਘਰੇਲੂ ਸੀਰੀਜ਼ ਵਿਚ ਧੋਨੀ ਵਨ ਡੇ ਵਿਚ ਤਾਂ ਖੇਡੇ ਪਰ ਟੀ-20 ਸੀਰੀਜ਼ 'ਚੋਂ ਉਨ੍ਹਾਂ ਨੂੰ ਬਾਹਰ ਕਰ ਦਿੱਤਾ ਗਿਆ ਸੀ। ਧੋਨੀ ਇਸ ਤੋਂ ਬਾਅਦ ਆਸਟਰੇਲੀਆ ਵਿਚ ਖੇਡੀ ਟੀ-20 ਸੀਰੀਜ਼ ਦਾ ਵੀ ਹਿੱਸਾ ਨਹੀਂ ਸਨ। ਇਹ ਸੀਰੀਜ਼ 1-1 ਦੀ ਬਰਾਬਰੀ 'ਤੇ ਖਤਮ ਹੋਈ ਸੀ। ਇਨ੍ਹਾਂ ਦੋਵਾਂ ਲੜੀਆਂ ਵਿਚ ਧੋਨੀ ਦੀ ਜਗ੍ਹਾ ਰਿਸ਼ਭ ਪੰਤ ਅਤੇ ਦਿਨੇਸ਼ ਕਾਰਤਿਕ ਨੂੰ ਮੌਕਾ ਦਿੱਤਾ ਗਿਆ ਸੀ। ਇਨ੍ਹਾਂ ਲੜੀਆਂ ਤੋਂ ਬਾਹਰ ਰਹਿਣ ਦੇ ਬਾਅਦ ਧੋਨੀ ਦੇ ਭਵਿੱਖ 'ਤੇ ਸਵਾਲੀਆ ਨਿਸ਼ਾਨ ਲੱਗ ਰਹੇ ਸਨ ਪਰ ਚੋਣ ਕਰਤਾਵਾਂ ਨੇ ਵਿਦੇਸ਼ੀ ਜ਼ਮੀਨ 'ਤੇ ਇਕ ਵਾਰ ਫਿਰ ਧੋਨੀ ਦੇ ਤਜ਼ਰਬੇ 'ਤੇ ਭਰੋਸਾ ਕੀਤਾ ਹੈ।

ਭਾਰਤ ਨੂੰ ਆਸਟਰੇਲੀਆ ਖਿਲਾਫ 12 ਜਨਵਰੀ ਨੂੰ ਸਿਡਨੀ, 15 ਜਨਵਰੀ ਐਡੀਲੇਡ ਅਤੇ 18 ਜਨਵਰੀ ਨੂੰ ਮੈਲਬੋਰਨ ਵਿਚ 3 ਵਨ ਡੇ ਖੇਡਣੇ ਹਨ। ਇਸ ਤੋਂ ਬਾਅਦ ਨਿਊਜ਼ੀਲੈਂਡ ਖਿਲਾਫ 23, 26, 28, 31 ਜਨਵਰੀ ਅਤੇ 12 ਫਰਵਰੀ ਤੱਕ 5 ਵਨ ਡੇ ਖੇਡੇ ਜਾਣੇ ਹਨ। ਵਨ ਡੇ ਸੀਰੀਜ਼ ਤੋਂ ਬਾਅਦ ਭਾਰਤ ਨੇ ਨਿਊਜ਼ੀਲੈਂਡ ਖਿਲਾਫ 6, 8 ਅਤੇ 10 ਫਰਵਰੀ ਨੂੰ ਟੀ-20 ਸੀਰੀਜ਼ ਖੇਡਣੀ ਹੈ। ਆਸਟਰੇਲੀਆ ਅਤੇ ਨਿਊਜ਼ੀਲੈਂਡ ਖਿਲਾਫ ਵਨ ਡੇ ਟੀਮਾਂ ਵਿਚ ਦੂਜੇ ਵਿਕਟ ਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਸ਼ਾਮਲ ਹਨ ਜਦਕਿ ਟੀ-20 ਟੀਮ ਵਿਚ ਕਾਰਤਿਕ ਦੇ ਨਾਲ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਨੂੰ ਵੀ ਰੱਖਿਆ ਗਿਆ ਹੈ ਪਰ ਦੋਵਾਂ ਹੀ ਟੀਮਾਂ ਵਿਚ ਵਿਕਟਕੀਪਰ ਦੀ ਜ਼ਿੰਮੇਵਾਰੀ ਧੋਨੀ ਦੇ ਮੋਢਿਆਂ 'ਤੇ ਹੋਵੇਗੀ। ਆਸਟਰੇਲੀਆ ਖਿਲਾਫ ਟੈਸਟ ਸੀਰੀਜ਼ ਖੇਡ ਰਹੇ ਰਿਸ਼ਭ ਪੰਤ ਇਸ ਸੀਰੀਜ਼ ਦੇ ਖਤਮ ਹੋਣ ਤੋਂ ਬਾਅਦ ਵਤਨ ਪਰਤਣਗੇ ਅਤੇ ਇੰਗਲੈਂਡ ਖਿਲਾਫ 5 ਮੈਚਾਂ ਦੀ ਘਰੇਲੂ ਵਨ ਡੇ ਸੀਰੀਜ਼ ਵਿਚ ਭਾਰਤ-ਏ ਵਲੋਂ ਖੇਡਣਗੇ।

ਹਾਰਟਸਪਰ ਨੇ ਏਵਰਟਨ ਨੂੰ ਦਿੱਤੀ ਕਰਾਰੀ ਹਾਰ
NEXT STORY