ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਨਿਊਜ਼ੀਲੈਂਡ ਵਿਰੁੱਧ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਟੀਮ ਪ੍ਰਬੰਧਨ ਨੂੰ ਅਹਿਮ ਸਲਾਹ ਦਿੱਤੀ ਹੈ। ਕਪਿਲ ਦੇਵ ਦਾ ਮੰਨਣਾ ਹੈ ਕਿ ਭਾਵੇਂ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਮੌਜੂਦਾ ਸਮੇਂ ਵਿੱਚ ਖ਼ਰਾਬ ਫਾਰਮ ਨਾਲ ਜੂਝ ਰਹੇ ਹਨ, ਪਰ ਫਿਰ ਵੀ ਉਨ੍ਹਾਂ ਨੂੰ ਟੀਮ ਵਿੱਚ ਬਰਕਰਾਰ ਰੱਖਣਾ ਚਾਹੀਦਾ ਹੈ।
ਖਿਡਾਰੀ 'ਤੇ ਭਰੋਸਾ ਜਤਾਉਣਾ ਜ਼ਰੂਰੀ
ਨਵੀਂ ਦਿੱਲੀ ਵਿੱਚ ਇੱਕ ਗੋਲਫ ਪ੍ਰੋਗਰਾਮ ਦੌਰਾਨ ਗੱਲਬਾਤ ਕਰਦਿਆਂ ਕਪਿਲ ਦੇਵ ਨੇ ਕਿਹਾ ਕਿ ਟੀਮ ਪ੍ਰਬੰਧਨ ਨੂੰ ਆਪਣੇ ਖਿਡਾਰੀ 'ਤੇ ਅਤੇ ਅਭਿਸ਼ੇਕ ਨੂੰ ਖੁਦ 'ਤੇ ਭਰੋਸਾ ਹੋਣਾ ਚਾਹੀਦਾ ਹੈ। ਉਨ੍ਹਾਂ ਅਨੁਸਾਰ, ਅਭਿਸ਼ੇਕ ਨੂੰ ਇਹ ਵਿਸ਼ਵਾਸ ਰੱਖਣਾ ਹੋਵੇਗਾ ਕਿ ਉਹ ਖੇਡ ਸਕਦਾ ਹੈ ਅਤੇ ਵਧੀਆ ਪ੍ਰਦਰਸ਼ਨ ਕਰੇਗਾ। ਜ਼ਿਕਰਯੋਗ ਹੈ ਕਿ ਅਭਿਸ਼ੇਕ ਨੇ ਇਸ ਟੂਰਨਾਮੈਂਟ ਵਿੱਚ ਹੁਣ ਤੱਕ ਸਿਰਫ਼ ਜ਼ਿੰਬਾਬਵੇ ਵਿਰੁੱਧ ਹੀ ਇੱਕ ਅਰਧ-ਸੈਂਕੜਾ ਲਗਾਇਆ ਹੈ। ਕਪਿਲ ਨੇ ਕਿਹਾ ਕਿ ਕਈ ਵਾਰ ਵੱਡੇ ਖਿਡਾਰੀ ਮਾੜੇ ਦੌਰ ਦਾ ਸਾਹਮਣਾ ਕਰਦੇ ਹਨ, ਪਰ ਉਹ ਵਾਪਸੀ ਕਰਨ ਦੀ ਸਮਰੱਥਾ ਰੱਖਦੇ ਹਨ।
ਬੁਮਰਾਹ ਅਤੇ ਸੈਮਸਨ ਦੀ ਕੀਤੀ ਸ਼ਲਾਘਾ
ਭਾਰਤ ਵੱਲੋਂ ਦੂਜੇ ਸੈਮੀਫਾਈਨਲ ਵਿੱਚ ਇੰਗਲੈਂਡ ਨੂੰ ਸੱਤ ਦੌੜਾਂ ਨਾਲ ਹਰਾਉਣ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਪਿਲ ਦੇਵ ਨੇ ਕਿਹਾ ਕਿ ਇਹ ਇੱਕ ਸ਼ਾਨਦਾਰ ਮੈਚ ਸੀ। ਉਨ੍ਹਾਂ ਨੇ ਜਸਪ੍ਰੀਤ ਬੁਮਰਾਹ ਦੀ ਖ਼ਾਸ ਤੌਰ 'ਤੇ ਤਾਰੀਫ਼ ਕੀਤੀ ਅਤੇ ਉਸ ਨੂੰ ਦੁਨੀਆ ਦਾ ਨੰਬਰ ਇੱਕ ਗੇਂਦਬਾਜ਼ ਦੱਸਿਆ। ਉਨ੍ਹਾਂ ਅਨੁਸਾਰ, ਡੈੱਥ ਓਵਰਾਂ ਵਿੱਚ ਬੁਮਰਾਹ ਦਾ ਪ੍ਰਦਰਸ਼ਨ ਇਹ ਸਾਬਤ ਕਰਦਾ ਹੈ ਕਿ ਉਹ ਦਬਾਅ ਵਿੱਚ ਵੀ ਬਿਹਤਰੀਨ ਗੇਂਦਬਾਜ਼ੀ ਕਰ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੰਜੂ ਸੈਮਸਨ ਨੂੰ ਇੱਕ ਸ਼ਾਨਦਾਰ ਕ੍ਰਿਕਟਰ ਦੱਸਦਿਆਂ ਪਿਛਲੇ ਦੋ ਮੈਚਾਂ ਵਿੱਚ ਉਸ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਕਪਿਲ ਦੇਵ ਨੇ ਉਮੀਦ ਜਤਾਈ ਕਿ ਭਾਰਤੀ ਟੀਮ ਫਾਈਨਲ ਵਿੱਚ ਵੀ ਆਪਣਾ ਜੇਤੂ ਪ੍ਰਦਰਸ਼ਨ ਜਾਰੀ ਰੱਖੇਗੀ।
'ਮੈਂ ਚਾਹੁੰਦਾ ਹਾਂ ਭਾਰਤ T20 WC ਫਾਈਨਲ ਹਾਰ ਜਾਵੇ', ਦਿੱਗਜ ਖਿਡਾਰੀ ਦੇ ਬਿਆਨ ਨੇ ਮਚਾਈ ਖਲਬਲੀ
NEXT STORY