ਸੈਂਚੁਰੀਅਨ— ਦੱਖਣੀ ਅਫਰੀਕਾ ਤੇ ਪਾਕਿਸਤਾਨ ਵਿਚਾਲੇ ਪਹਿਲੇ ਕ੍ਰਿਕਟ ਟੈਸਟ ਵਿਚ ਦੋ ਦਿਨ ਦੀ ਖੇਡ 'ਚ 30 ਵਿਕਟਾਂ ਡਿੱਗਣ ਦਾ ਸਿਲਸਿਲਾ ਤੀਜੇ ਦਿਨ ਸ਼ੁੱਕਰਵਾਰ ਰੁਕ ਗਿਆ ਤੇ ਮੇਜ਼ਬਾਨ ਦੱਖਣੀ ਅਫਰੀਕਾ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤ ਕੇ 3 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ।
ਦੱਖਣੀ ਅਫਰੀਕਾ ਨੂੰ ਜਿੱਤ ਲਈ 149 ਦੌੜਾਂ ਦਾ ਟੀਚਾ ਮਿਲਿਆ ਸੀ। ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਨੇ ਇਕ ਸਮੇਂ 2 ਵਿਕਟਾਂ 'ਤੇ 136 ਦੌੜਾਂ ਬਣਾ ਲਈਆਂ ਸਨ ਪਰ ਇਸ ਤੋਂ ਬਾਅਦ ਉਸ ਨੇ ਇਕ ਦੌੜ ਦੇ ਫਰਕ ਵਿਚ ਦੋ ਵਿਕਟਾਂ ਗੁਆਈਆਂ। ਟੀਚਾ ਜ਼ਿਆਦਾ ਵੱਡਾ ਨਹੀਂ ਸੀ ਤੇ ਦੱਖਣੀ ਅਫਰੀਕਾ ਨੇ 50.4 ਓਵਰਾਂ ਵਿਚ 4 ਵਿਕਟਾਂ 'ਤੇ 151 ਦੌੜਾਂ ਬਣਾ ਕੇ ਜਿੱਤ ਆਪਣੇ ਨਾਂ ਕਰ ਲਈ।
ਮੇਜ਼ਬਾਨ ਟੀਮ ਨੂੰ ਪਹਿਲੀ ਪਾਰੀ ਵਿਚ ਮਿਲੀ 42 ਦੌੜਾਂ ਦੀ ਬੜ੍ਹਤ ਉਸ ਦੀ ਜਿੱਤ ਵਿਚ ਫੈਸਲਾਕੁੰਨ ਸਾਬਤ ਹੋਈ। ਪਾਕਿਸਤਾਨ ਦੀ ਦੂਜੀ ਪਾਰੀ ਕੱਲ 190 ਦੌੜਾਂ 'ਤੇ ਢੇਰ ਹੋ ਗਈ ਸੀ ਤੇ ਤੀਜੇ ਦਿਨ ਦੱਖਣੀ ਅਫਰੀਕਾ ਨੇ ਟੀਚੇ ਦਾ ਪਿੱਛਾ ਕਰਨਾ ਸ਼ੁਰੂ ਕੀਤਾ।

ਮੇਜ਼ਬਾਨ ਟੀਮ ਨੇ ਐਡਨ ਮਾਰਕਰਮ ਨੂੰ ਦੂਜੇ ਹੀ ਓਵਰ ਵਿਚ ਗੁਆਇਆ ਪਰ ਓਪਨਰ ਡੀਨ ਐਲਗਰ ਤੇ ਹਾਸ਼ਿਮ ਅਮਲਾ ਨੇ ਦੂਜੀ ਵਿਕਟ ਲਈ 119 ਦੌੜਾਂ ਦੀ ਸਾਂਝੇਦਾਰੀ ਕਰ ਕੇ ਦੱਖਣੀ ਅਫਰੀਕਾ ਨੂੰ ਜਿੱਤ ਦੇ ਰਸਤੇ 'ਤੇ ਪਾ ਦਿੱਤਾ। ਐਲਗਰ ਨੇ 123 ਗੇਂਦਾਂ 'ਤੇ 50 ਦੌੜਾਂ ਵਿਚ 10 ਚੌਕੇ ਲਾਏ।
ਦੱਖਣੀ ਅਫਰੀਕਾ ਦੀ ਦੂਜੀ ਵਿਕਟ 119 ਦੇ ਸਕੋਰ 'ਤੇ ਡਿਗੀ, ਜਦਕਿ ਥਿਊਨਿਸ ਡੀ ਬਿਊਨਰ ਤੇ ਕਪਤਾਨ ਫਾਫ ਡੂ ਪਲੇਸਿਸ ਇਕ ਦੌੜ ਦੇ ਫਰਕ ਵਿਚ ਆਊਟ ਹੋਏ। ਹਾਸ਼ਿਮ ਅਮਲਾ ਨੇ ਤੇਏਂਬਾ ਬਾਵੂਮਾ ਨਾਲ ਦੱਖਣੀ ਅਫਰੀਕਾ ਨੂੰ ਜਿੱਤ ਦੀ ਮੰਜ਼ਿਲ 'ਤੇ ਪਹੁੰਚਾ ਦਿੱਤਾ। ਅਮਲਾ ਨੇ 148 ਗੇਂਦਾਂ 'ਤੇ ਅਜੇਤੂ 63 ਦੌੜਾਂ 'ਚ 11 ਚੌਕੇ ਲਾਏ। ਬਾਵੂਮਾ 13 ਦੌੜਾਂ 'ਤੇ ਅਜੇਤੂ ਰਿਹਾ।
ਭਾਰਤ ਨੇ ਅਭਿਆਸ ਮੈਚ 'ਚ ਓਮਾਨ ਨਾਲ ਖੇਡਿਆ ਗੋਲਰਹਿਤ ਡ੍ਰਾਅ
NEXT STORY