ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਯੋਜਨਾ 2021-22 ਘਰੇਲੂ ਸੈਸ਼ਨ ਦੀ ਸ਼ੁਰੂਆਤ ਇਸ ਸਾਲ ਸਤੰਬਰ ਤੋਂ ਸੱਯਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ ਤੋਂ ਕਰਨ ਦੀ ਹੈ ਅਤੇ ਉਸ ਨੇ ਰਣਜੀ ਟਰਾਫੀ ਲਈ ਦਸੰਬਰ ਤੋਂ ਤਿੰਨ ਮਹੀਨਿਆਂ ਦੀ ਵਿੰਡੋ ਵੀ ਤੈਅ ਕਰ ਦਿੱਤੀ ਹੈ, ਜਿਸ ਨੂੰ ਪਿਛਲੇ ਸੈਸ਼ਨ ’ਚ ਕੋਵਿਡ-19 ਮਹਾਮਾਰੀ ਕਾਰਨ ਰੱਦ ਕਰਨਾ ਪਿਆ ਸੀ। ਕ੍ਰਿਕਟ ਬੋਰਡ ਵੱਲੋਂ ਤਿਆਰ ਕੀਤੇ ਗਏ ਕੈਲੰਡਰ ’ਚ ਹਾਲਾਂਕਿ ਦਲੀਪ ਟਰਾਫੀ, ਦੇਵਧਰ ਟਰਾਫੀ ਤੇ ਈਰਾਨੀ ਕੱਪ ਨੂੰ ਹਿੱਸਾ ਨਹੀਂ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਕੈਲੰਡਰ ਤੋਂ ਬੀਬੀਆਂ ਦੀਆਂ ਪੰਜ ਪ੍ਰਤੀਯੋਗਿਤਾਵਾ ਨੂੰ ਵੀ ਹਟਾ ਦਿੱਤਾ ਗਿਆ ਹੈ।
ਮਹਾਮਾਰੀ ਕਾਰਨ 2020-21 ਸੈਸ਼ਨ ਕਾਫ਼ੀ ਛੋਟਾ ਹੋ ਗਿਆ ਸੀ, ਜਿਸ ’ਚ ਸਿਰਫ ਰਾਸ਼ਟਰੀ ਟੀ-20 (ਮੁਸ਼ਤਾਕ ਅਲੀ) ਤੇ ਵਨਡੇ (ਵਿਜੇ ਹਜ਼ਾਰੇ ਟਰਾਫੀ) ਚੈਂਪੀਅਨਸ਼ਿਪ ਹੀ ਆਯੋਜਿਤ ਕੀਤੀ ਗਈ ਸੀ। ਬੀਬੀਆਂ ਲਈ ਸਿਰਫ ਰਾਸ਼ਟਰੀ ਵਨਡੇ ਪ੍ਰਤੀਯੋਗਿਤਾ ਹੀ ਕਰਾਈ ਗਈ ਸੀ। ਭਾਰਤ ’ਚ ਕੋਵਿਡ-19 ਮਾਮਲਿਆਂ ਦੀ ਦੂਜੀ ਲਹਿਰ ਦਰਮਿਆਨ ਬੀ. ਸੀ. ਸੀ. ਆਈ. ਨੂੰ ਹੁਣ ਵੀ ਪੁਰਸ਼ ਤੇ ਮਹਿਲਾ ਵਰਗ ਦੇ ਉਮਰ ਨਾਲ ਸਬੰਧਿਤ ਗਰੁੱਪ ’ਚ ਘਰੇਲੂ ਸੈਸ਼ਨ ਆਯੋਜਿਤ ਕਰਨ ਦੀ ਉਮੀਦ ਹੈ। ਭਾਰਤ ਨੇ ਅਕਤੂਬਰ ’ਚ ਟੀ-20 ਵਿਸ਼ਵ ਕੱਪ ਖੇਡਣਾ ਹੈ ਤੇ ਅਗਲੇ ਸਾਲ ਆਈ. ਪੀ. ਐੱਲ. ਦੀ ਵੱਡੀ ਨੀਲਾਮੀ ਹੋਵੇਗੀ ਤਾਂ ਸਾਰੇ ਸ਼ੇਅਰਧਾਰਕ ਸੈਸ਼ਨ ਦੀ ਸ਼ੁਰੂਆਤ ਦੋ ਸਫੈਦ ਗੇਂਦ ਦੇ ਟੂਰਨਾਮੈਂਟਾਂ-ਮੁਸ਼ਤਾਕ ਅਲੀ ਟੀ-20 (ਸਤੰਬਰ ਦੇ ਮੱਧ ਤੋਂ ਅਕਤੂਬਰ ਤਕ) ਤੋਂ ਬਾਅਦ ਨਵੰਬਰ ’ਚ ਵਿਜੇ ਹਜ਼ਾਰੇ ਟਰਾਫੀ ਨੂੰ ਕਰਾਉਣਾ ਚਾਹੁੰਦੇ ਹਨ।
ਭਾਰਤ ਦੀ ਮੁੱਖ ਘਰੇਲੂ ਪ੍ਰਤੀਯੋਗਿਤਾ ਰਣਜੀ ਟਰਾਫੀ 87 ਸਾਲਾਂ ’ਚ ਪਹਿਲੀ ਵਾਰ 2020 ’ਚ ਰੱਦ ਕੀਤੀ ਗਈ ਸੀ ਪਰ ਆਉਣ ਵਾਲੇ ਸੈਸ਼ਨ ਦੇ ਦਸੰਬਰ ਤੋਂ ਮਾਰਚ ਦਰਮਿਆਨ ਆਯੋਜਿਤ ਕਰਨ ਦੀ ਯੋਜਨਾ ਹੈ। ਬੀ. ਸੀ. ਸੀ. ਆਈ. ਨੇ ਪੁਰਸ਼ਾਂ ਤੇ ਬੀਬੀਆਂ ਲਈ ਅੰਡਰ-23 ਟੂਰਨਾਮੈਂਟ ਦੇ ਨਾਲ ਅੰਡਰ-19 ਟੂਰਨਾਮੈਂਟ ਨੂੰ ਵੀ ਜਗ੍ਹਾ ਦਿੱਤੀ ਹੈ, ਜੋ ਪਿਛਲੇ ਸੈਸ਼ਨ ’ਚ ਨਹੀਂ ਕਰਾਏ ਗਏ ਸਨ। ਅੰਡਰ- 19 ਵਨਡੇ ਚੈਲੰਜਰ ਟੂਰਨਾਮੈਂਟ ਦੇ ਨਾਲ ਕੂਚ ਬਿਹਾਰ (ਦਿਨ ਦਾ ਸਰੂਪ) ਤੇ ਵੀਨੂੰ ਮਾਂਕਡ ਟਰਾਫੀ ਵਨਡੇ ਤੋਂ ਚੋਣਕਾਰਾਂ ਨੂੰ ਅਗਲੇ ਸਾਲ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ ਲਈ ਭਾਰਤੀ ਟੀਮ ਚੁਣਨ ’ਚ ਮਦਦ ਮਿਲੇਗੀ। ਬੀਬੀਆਂ ਦੀ ਟੀ-20 ਤੇ ਵਨਡੇ ਚੈਲੰਜਰ ਟਰਾਫੀ ਦੇ ਨਾਲ ਅੰਡਰ-23 ਪ੍ਰਤੀਯੋਗਿਤਾਵਾਂ ਵੀ ਨਹੀਂ ਖੇਡੀਆਂ ਜਾਣਗੀਆਂ। ਇਨ੍ਹਾਂ ਤੋਂ ਇਲਾਵਾ ਅੰਡਰ-19 ਮਹਿਲਾ ਟੀ-20 ਚੈਲੰਜਰ ਟਰਾਫੀ ਵੀ ਨਹੀਂ ਹੋਵੇਗੀ।
ਡੈਨੀਅਲ ਸੈਮਸ ਕੋਵਿਡ-19 ਨੈਗੇਟਿਵ ਆਉਣ ਤੋਂ ਬਾਅਦ RCB ‘ਬਾਇਓ-ਬਬਲ’ ਨਾਲ ਜੁੜੇ
NEXT STORY