ਚੇਨਈ, (ਭਾਸ਼ਾ)– ਸੈਮੀਫਾਈਨਲ ’ਚ ਆਪਣੀ ਜਗ੍ਹਾ ਪਹਿਲਾਂ ਹੀ ਪੱਕੀ ਕਰ ਚੁੱਕੀ ਤਿੰਨ ਵਾਰ ਦੀ ਚੈਂਪੀਅਨ ਭਾਰਤੀ ਪੁਰਸ਼ ਹਾਕੀ ਟੀਮ ਨੂੰ ਏਸ਼ੀਆਈ ਚੈਂਪੀਅਨਸ ਟਰਾਫੀ (ਏ. ਸੀ. ਟੀ.) ’ਚ ਪੁਰਾਣੇ ਵਿਰੋਧੀ ਪਾਕਿਸਤਾਨ ਵਿਰੁੱਧ ਅੱਜ (ਬੁੱਧਵਾਰ ਨੂੰ) ਹੋਣ ਵਾਲੇ ਰਾਊਂਡ ਰੌਬਿਨ ਲੀਗ ਦੇ ਆਖਰੀ ਮੈਚ ’ਚ ਓਵਰਕਾਨਫੀਡੈਂਸ ਤੋਂ ਬਚਣਾ ਪਵੇਗਾ। ਜਿੱਥੋਂ ਤਕ ਟੂਰਨਾਮੈਂਟ ’ਚ ਅਜੇ ਤਕ ਦੋਵੇਂ ਟੀਮਾਂ ਦੇ ਪ੍ਰਦਰਸ਼ਨ ਦਾ ਸਵਾਲ ਹੈ ਤਾਂ ਭਾਰਤ ਆਪਣੇ ਚਾਰ ਮੈਚਾਂ ’ਚ ਅਜੇਤੂ ਰਿਹਾ ਹੈ ਜਦਕਿ ਪਾਕਿਸਤਾਨ ਸਿਰਫ ਇਕ ਜਿੱਤ ਦਰਜ ਕਰ ਸਕਿਆ ਹੈ। ਉਸ ਨੇ ਦੋ ਮੈਚ ਡਰਾਅ ਖੇਡੇ ਹਨ ਜਦਕਿ ਇਕ ਮੈਚ ’ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਸਦੀ ਸੈਮੀਫਾਈਨਲ ’ਚ ਪਹੁੰਚਣ ਦੀ ਉਮੀਦ ਇਸ ਮਹੱਤਵਪੂਰਨ ਮੈਚ ਦੇ ਨਤੀਜੇ ’ਤੇ ਟਿਕੀ ਹੈ।
ਜੇਕਰ ਪਾਕਿਸਤਾਨ ਇਸ ਮੈਚ ’ਚ ਜਿੱਤ ਦਰਜ ਕਰਦਾ ਹੈ ਤਾਂ ਉਹ ਆਖਰੀ-4 ’ਚ ਪਹੁੰਚ ਜਾਵੇਗਾ ਪਰ ਹਾਰ ਜਾਣ ’ਤੇ ਉਸ ਦੀ ਕਿਸਮਤ ਚੀਨ ਤੇ ਜਾਪਾਨ ਦੇ ਮੈਚ ਦੇ ਨਤੀਜੇ ’ਤੇ ਟਿਕੀ ਰਹੇਗੀ। ਜੇਕਰ ਪਾਕਿਸਤਾਨ ਹਾਰ ਜਾਂਦਾ ਹੈ ਤਾਂ ਫਿਰ ਉਸ ਨੂੰ ਚੀਨ ਦੀ ਜਾਪਾਨ ’ਤੇ ਜਿੱਤ ਲਈ ਦੁਆ ਕਰਨੀ ਪਵੇਗੀ। ਜੇਕਰ ਜਾਪਾਨ ਜਿੱਤ ਹਾਸਲ ਕਰਦਾ ਹੈ ਤਾਂ ਫਿਰ ਜਿੱਤ ਦਾ ਫਰਕ ਘੱਟ ਹੋਣਾ ਚਾਹੀਦਾ ਹੈ। ਪਾਕਿਸਤਾਨ ਇਸ ਤੋਂ ਇਲਾਵਾ ਇਹ ਵੀ ਚਾਹੇਗਾ ਕਿ ਮਲੇਸ਼ੀਆ ਦੀ ਟੀਮ ਦੱਖਣੀ ਕੋਰੀਆ ’ਤੇ ਵੱਡੇ ਫਰਕ ਨਾਲ ਜਿੱਤ ਦਰਜ ਕਰੇ।
ਇਹ ਵੀ ਪੜ੍ਹੋ : ਖੇਡ ਮੰਤਰੀ ਮੀਤ ਹੇਅਰ ਵਲੋਂ ਵੱਡਾ ਐਲਾਨ, ‘ਖੇਡਾਂ ਵਤਨ ਪੰਜਾਬ ਦੀਆਂ’ 'ਚ ਸ਼ਾਮਲ ਕੀਤੀਆਂ ਇਹ ਪ੍ਰਮੁੱਖ ਖੇਡਾਂ
ਭਾਰਤ 3 ਜਿੱਤਾਂ ਤੇ 1 ਡਰਾਅ ਤੋਂ 10 ਅੰਕ ਲੈ ਕੇ ਚੋਟੀ ’ਤੇ ਕਾਬਜ਼ ਹੈ। ਉਸ ਤੋਂ ਬਾਅਦ ਮਲੇਸ਼ੀਆ (9 ਅੰਕ), ਦੱਖਣੀ ਕੋਰੀਆ (5), ਪਾਕਿਸਤਾਨ (5), ਜਾਪਾਨ (2) ਤੇ ਚੀਨ (1) ਦਾ ਨੰਬਰ ਆਉਂਦਾ ਹੈ। ਭਾਰਤ ਤੇ ਪਾਕਿਸਤਾਨ ਨੇ ਭਾਵੇਂ ਹੀ ਇਹ ਟੂਰਨਾਮੈਂਟ 3-3 ਵਾਰ ਜਿੱਤਿਆ ਹੈ ਪਰ ਮੌਜੂਦਾ ਰੈਂਕਿੰਗ ਤੇ ਫਾਰਮ ਨੂੰ ਦੇਖਦੇ ਹੋਏ ਭਾਰਤ ਬੁੱਧਵਾਰ ਨੂੰ ਜਿੱਤ ਦੇ ਪ੍ਰਮੁੱਖ ਦਾਅਵੇਦਾਰ ਦੇ ਰੂਪ ਵਿਚ ਸ਼ੁਰੂਆਤ ਕਰੇਗਾ। ਭਾਰਤ ਦੀ ਵਿਸ਼ਵ ਰੈਂਕਿੰਗ 4 ਜਦਕਿ ਪਾਕਿਸਤਾਨ ਦੀ 16 ਹੈ ਪਰ ਜਦੋਂ ਮੁਕਾਬਲਾ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਵੇ ਤਾਂ ਰੈਂਕਿੰਗ ਖਾਸ ਮਾਇਨੇ ਨਹੀਂ ਰੱਖਦੀ। ਜਿਹੜੀ ਵੀ ਟੀਮ ਦਬਾਅ ਨਾਲ ਚੰਗੀ ਤਰ੍ਹਾਂ ਨਾਲ ਨਜਿੱਠੇਗੀ, ਉਸਦੀ ਜਿੱਤ ਦੀ ਸੰਭਾਵਨਾ ਵਧੇਰੇ ਹੋਵੇਗੀ।
ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਅਜੇ ਤਕ ਹਮਲਾਵਰ ਹਾਕੀ ਖੇਡੀ ਹੈ ਤੇ ਉਸ ਨੇ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲਣ ਦੀ ਸਟ੍ਰਾਈਕ ਰੇਟ ’ਚ ਸੁਧਾਰ ਕੀਤਾ ਹੈ। ਇਸ ਮਹੱਤਵਪੂਰਨ ਮੁਕਾਬਲੇ ਤੋਂ ਪਹਿਲਾਂ ਭਾਰਤੀ ਟੀਮ ਨੂੰ ਹਾਲਾਂਕਿ ਆਪਣੇ ਡਿਫੈਂਸ ਨੂੰ ਮਜ਼ਬੂਤ ਕਰਨਾ ਪਵੇਗਾ। ਹਰਮਨਪ੍ਰੀਤ ਨੇ ਕਿਹਾ,‘‘ਸਾਨੂੰ ਆਪਣੇ ਡਿਫੈਂਸ ’ਤੇ ਅਜੇ ਵੀ ਕੰਮ ਕਰਨ ਦੀ ਲੋੜ ਹੈ ਅਤੇ ਸਾਨੂੰ ਆਸਾਨੀ ਨਾਲ ਪੈਨਲਟੀ ਕਾਰਨਰ ਨਹੀਂ ਦੇਣੇ ਹੋਣਗੇ। ਸਾਨੂੰ ਸਰਕਲ ਦੇ ਅੰਦਰ ਗੇਂਦ ’ਤੇ ਬਿਹਤਰ ਤਰੀਕੇ ਨਾਲ ਕੰਟਰੋਲ ਬਣਾਉਣਾ ਪਵੇਗਾ।’’
ਇਹ ਵੀ ਪੜ੍ਹੋ : WC 2023: AUS ਨੇ ਸ਼ੁਰੂਆਤੀ ਟੀਮ ਐਲਾਨੀ, ਕੁਝ ਖਿਡਾਰੀਆਂ ਦੀ ਚੋਣ ਨੇ ਕੀਤਾ ਹੈਰਾਨ
ਭਾਰਤ ਤੇ ਪਾਕਿਸਤਾਨ ਨੂੰ ਲਗਾਤਾਰ ਮੈਚ ਖੇਡਣ ਤੋਂ ਬਾਅਦ ਇਕ ਦਿਨ ਦਾ ਆਰਾਮ ਮਿਲਿਆ ਹੈ, ਜਿਸ ਨਾਲ ਨਿਸ਼ਚਿਤ ਤੌਰ ’ਤੇ ਦੋਵੇਂ ਟੀਮਾਂ ਨੂੰ ਮਦਦ ਮਿਲੇਗੀ। ਪਾਕਿਸਤਾਨ ਨੇ ਆਪਣੇ ਪਿਛਲੇ ਮੈਚ ’ਚ ਚੀਨ ਨੂੰ 2-1 ਦੇ ਨੇੜਲੇ ਫਰਕ ਨਾਲ ਹਰਾ ਕੇ ਸੈਮੀਫਾਈਨਲ ’ਚ ਪਹੁੰਚਣ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਟੀਮ ਨੂੰ ਹਾਲਾਂਕਿ ਮੌਕਿਆਂ ਦਾ ਫਾਇਦਾ ਚੁੱਕਣਾ ਪਵੇਗਾ। ਇਸ ਤੋਂ ਇਲਾਵਾ ਉਸਦੇ ਨੌਜਵਾਨ ਖਿਡਾਰੀਆਂ ਨੂੰ ਭਾਰਤੀ ਟੀਮ ਨੂੰ ਦਰਸ਼ਕਾਂ ਤੋਂ ਮਿਲਣ ਵਾਲੇ ਵੱਡੇ ਸਮਰਥਨ ਦੇ ਦਬਾਅ ’ਚ ਆਉਣ ਤੋਂ ਬਚਣਾ ਪਵੇਗਾ। ਪਾਕਿਸਤਾਨ ਦੇ ਮੁੱਖ ਕੋਚ ਮੁਹੰਮਦ ਸਕਲੇਨ ਨੇ ਕਿਹਾ,‘‘ਸਾਨੂੰ ਪਹਿਲੀ ਵਾਰ ਇੱਥੇ ਖੇਡ ਰਹੇ ਆਪਣੇ ਨੌਜਵਾਨ ਖਿਡਾਰੀਆਂ ਨੂੰ ਦਬਾਅ ਨਾਲ ਨਜਿੱਠਣਾ ਸਿਖਾਉਣਾ ਪਵੇਗਾ।’’
ਭਾਰਤ ਇਸ ਮੈਚ ’ਚ ਜਿੱਤ ਦਰਜ ਕਰਕੇ ਚੋਟੀ ਦਾ ਸਥਾਨ ਬਰਕਰਾਰ ਰੱਖਣਾ ਚਾਹੇਗਾ। ਇਸ ਦੀ ਵੀ ਪੂਰੀ ਸੰਭਾਵਨਾ ਹੈ ਕਿ ਸੈਮੀਫਾਈਨਲ ’ਚ ਭਾਰਤ ਤੇ ਪਾਕਿਸਤਾਨ ਮੁੜ ਆਹਮੋ-ਸਾਹਮਣੇ ਹੋਣ ਕਿਉਂਕਿ ਚੋਟੀ ’ਤੇ ਰਹਿਣ ਵਾਲੀ ਟੀਮ ਚੌਥੇ ਨੰਬਰ ਦੀ ਟੀਮ ਨਾਲ ਭਿੜੇਗੀ। ਦੂਜੇ ਸਥਾਨ ’ਤੇ ਰਹਿਣ ਵਾਲੀ ਟੀਮ ਤੀਜੇ ਸਥਾਨ ਦੀ ਟੀਮ ਨਾਲ ਸੈਮੀਫਾਈਨਲ ’ਚ ਖੇਡੇਗੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਸ਼ਵ ਐਥਲੈਟਕਿਸ ਚੈਂਪੀਅਨਸ਼ਿਪ ’ਚ ਭਾਰਤ ਦੀ 28 ਮੈਂਬਰੀ ਟੀਮ ਦੀ ਅਗਵਾਈ ਕਰੇਗਾ ਨੀਰਜ ਚੋਪੜਾ
NEXT STORY