ਨਵੀਂ ਦਿੱਲੀ (ਭਾਸ਼ਾ)- ਆਪਣੇ ਸਮੇਂ ਦੇ ਦਿੱਗਜ ਬੱਲੇਬਾਜ਼ ਸੁਨੀਲ ਗਾਵਸਕਰ ਨੇ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਇਤਿਹਾਸ ਦਾ ਸਰਵੋਤਮ ਕਪਤਾਨ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਵਰਗਾ ਕਪਤਾਨ ਕਦੇ ਨਹੀਂ ਹੋਇਆ ਅਤੇ ਨਾ ਹੀ ਭਵਿੱਖ ਵਿੱਚ ਹੋਵੇਗਾ। ਧੋਨੀ ਨੇ 12 ਅਪ੍ਰੈਲ ਨੂੰ ਚੇਨਈ 'ਚ ਰਾਜਸਥਾਨ ਰਾਇਲਜ਼ ਦੇ ਖਿਲਾਫ ਮੈਚ 'ਚ ਉਤਰ ਕੇ ਚੇਨਈ ਸੁਪਰ ਕਿੰਗਜ਼ ਵੱਲੋਂ ਕਪਤਾਨ ਦੇ ਤੌਰ 'ਤੇ 200 ਮੈਚ ਖੇਡਣ ਦਾ ਰਿਕਾਰਡ ਬਣਾਇਆ ਸੀ। 41 ਸਾਲਾ ਸਾਬਕਾ ਭਾਰਤੀ ਕਪਤਾਨ ਇਹ ਉਪਲਬਧੀ ਹਾਸਲ ਕਰਨ ਵਾਲੇ ਆਈ.ਪੀ.ਐੱਲ. ਦੇ ਇਤਿਹਾਸ ਵਿੱਚ ਪਹਿਲੇ ਖਿਡਾਰੀ ਹਨ। ਉਨ੍ਹਾਂ ਦੀ ਟੀਮ ਇਹ ਮੈਚ 3 ਦੌੜਾਂ ਨਾਲ ਹਾਰ ਗਈ ਸੀ।
ਸਾਬਕਾ ਭਾਰਤੀ ਕਪਤਾਨ ਗਾਵਸਕਰ ਨੇ ਕਿਹਾ, “ਚੇਨਈ ਸੁਪਰ ਕਿੰਗਜ਼ ਜਾਣਦਾ ਹੈ ਕਿ ਮੁਸ਼ਕਲ ਹਾਲਾਤਾਂ ਤੋਂ ਕਿਵੇਂ ਬਾਹਰ ਨਿਕਲਣਾ ਹੁੰਦਾ ਹੈ। ਇਹ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਕਾਰਨ ਹੀ ਸੰਭਵ ਹੋ ਸਕਿਆ ਹੈ। 200 ਮੈਚਾਂ ਦੀ ਕਪਤਾਨੀ ਕਰਨਾ ਬਹੁਤ ਮੁਸ਼ਕਲ ਹੈ। ਇੰਨੇ ਸਾਰੇ ਮੈਚਾਂ ਦੀ ਕਪਤਾਨੀ ਕਰਨਾ ਇੱਕ ਬੋਝ ਹੈ ਅਤੇ ਇਸ ਨਾਲ ਉਨ੍ਹਾਂ ਦਾ ਪ੍ਰਦਰਸ਼ਨ ਵੀ ਪ੍ਰਭਾਵਿਤ ਹੋ ਸਕਦਾ ਹੈ ਪਰ ਮਾਹੀ ਵੱਖ ਤਰ੍ਹਾਂ ਦਾ ਹੈ। ਉਹ ਵੱਖ ਤਰ੍ਹਾਂ ਦਾ ਕਪਤਾਨ ਹੈ। ਉਨ੍ਹਾਂ ਵਰਗਾ ਕਪਤਾਨ ਨਾ ਕਦੇ ਹੋਇਆ ਹੈ ਅਤੇ ਨਾ ਹੀ ਭਵਿੱਖ ਵਿੱਚ ਹੋਵੇਗਾ।'
ਧੋਨੀ ਆਈ.ਪੀ.ਐੱਲ. ਦੀ ਸ਼ੁਰੂਆਤ ਤੋਂ ਹੀ ਚੇਨਈ ਸੁਪਰ ਕਿੰਗਜ਼ ਦਾ ਹਿੱਸਾ ਰਹੇ ਹਨ। ਇਸ ਦੌਰਾਨ, ਇਸ ਆਈ.ਪੀ.ਐੱਲ. ਟੀਮ ਨੂੰ ਉਸਦੇ ਅਧਿਕਾਰੀਆਂ ਦੇ ਗੈਰ-ਕਾਨੂੰਨੀ ਕੰਮਾਂ ਵਿੱਚ ਸ਼ਾਮਲ ਪਾਏ ਜਾਣ ਕਾਰਨ 2 ਸਾਲ (2016-17) ਲਈ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਉਦੋਂ 2016 ਵਿੱਚ ਉਨ੍ਹਾਂ ਨੇ 14 ਮੈਚਾਂ ਵਿੱਚ ਪੁਣੇ ਸੁਪਰਜਾਇੰਟਸ ਦੀ ਅਗਵਾਈ ਕੀਤੀ ਸੀ। ਇਸ ਤਰ੍ਹਾਂ ਉਹ ਆਈ.ਪੀ.ਐੱਲ. ਵਿੱਚ ਹੁਣ ਤੱਕ 214 ਮੈਚਾਂ ਵਿੱਚ ਕਪਤਾਨੀ ਕਰ ਚੁੱਕੇ ਹਨ। ਧੋਨੀ ਦੀ ਅਗਵਾਈ 'ਚ ਚੇਨਈ ਸੁਪਰ ਕਿੰਗਜ਼ ਨੇ 4 ਵਾਰ ਆਈ.ਪੀ.ਐੱਲ. ਦਾ ਖ਼ਿਤਾਬ ਜਿੱਤਿਆ ਹੈ। ਚੇਨਈ ਦੇ ਕਪਤਾਨ ਵਜੋਂ ਉਨ੍ਹਾਂ ਦਾ ਹੁਣ ਤੱਕ ਦਾ ਰਿਕਾਰਡ 120 ਜਿੱਤਾਂ ਅਤੇ 79 ਹਾਰਾਂ ਦਾ ਹੈ ਜਦਕਿ ਇਕ ਮੈਚ ਦਾ ਨਤੀਜਾ ਨਹੀਂ ਨਿਕਲਿਆ।
ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ; ਰਾਊਂਡ 6 : ਨੈਪੋ ਨੂੰ ਹਰਾ ਕੇ ਡਿੰਗ ਨੇ ਫਿਰ ਕੀਤਾ ਸਕੋਰ ਬਰਾਬਰ
NEXT STORY