ਜਕਾਰਤਾ : ਇੰਡੋਨੇਸ਼ੀਆ ਵਿਚ ਆਯੋਜਿਤ 18ਵੀਆਂ ਏਸ਼ੀਆਈ ਖੇਡਾਂ ਦੇ ਪੁਰਸ਼ ਹਾਕੀ ਟੂਰਨਾਮੈਂਟ ਵਿਚ ਕੁਲ 314 ਗੋਲ ਹੋਏ ਜੋਕਿ ਇਕ ਵਿਸ਼ਵ ਰਿਕਾਰਡ ਹੈ। ਟੂਰਨਾਮੈਂਟ ਵਿਚ ਸਾਰੀਆਂ ਟੀਮਾਂ ਦੇ ਵਲੋਂ ਕੁਲ ਮਿਲਾ ਕੇ 314 ਗੋਲ ਕੀਤੇ ਗਏ। ਸਾਲ 1908 ਤੋਂ ਲੈ ਕੇ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਵੀ ਅੰਤਰਰਾਸ਼ਟਰੀ ਟੂਰਨਾਮੈਂਟ ਵਿਚ ਇੰਨੀ ਗਿਣਤੀ ਵਿਚ ਗੋਲ ਹੋਏ ਹੋਣ। ਇਸ ਤੋਂ ਪਹਿਲਾਂ 2002 ਵਿਚ ਕੁਆਲਾਲੰਪੁਰ ਵਿਚ ਆਯੋਜਿਤ ਪੁਰਸ਼ ਹਾਕੀ ਵਿਸ਼ਵ ਕੱਪ ਵਿਚ 300 ਗੋਲ ਹੋਏ ਸੀ। ਪੁਰਸ਼ ਹਾਕੀ ਟੂਰਨਾਮੈਂਟ ਦੇ ਫਾਈਨਲ ਵਿਚ ਸ਼ਨੀਵਾਰ ਨੂੰ ਜਾਪਾਨ ਨੇ ਆਖਰੀ ਮਿੰਟਾਂ ਵਿਚ ਜਬਰਦਸਤ ਵਾਪਸੀ ਕਰਦੇ ਹੋਏ ਮਲੇਸ਼ੀਆ ਨੂੰ ਪੈਨਲਟੀ ਸ਼ੁਟਆਊਟ ਵਿਚ 3-1 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਫਾਈਨਲ ਵਿਚ ਦੋਵਾਂ ਟੀਮਾਂ ਨੇ ਨਿਰਧਾਰਿਤ ਸਮੇਂ ਤੱਕ 6-6 ਗੋਲ ਕੀਤੇ ਸੀ।

ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਟੂਰਨਾਮੈਂਟ ਵਿਚ ਸਭ ਤੋਂ ਵੱਧ ਗੋਲ ਕਰਨ ਦੀ ਰਿਕਾਰਡ ਵੀ ਬਣਾਇਆ। ਭਾਰਤੀ ਪੁਰਸ਼ ਹਾਕੀ ਟੀਮ ਨੇ ਕਈ ਟੀਮਾਂ ਨੂੰ ਵੱਡੇ ਅੰਤਰ ਨਾਲ ਹਰਾਇਆ। ਭਾਰਤ ਨੇ ਇਸ ਟੂਰਨਾਮੈਂਟ ਵਿਚ ਪੂਲ ਮੈਚਾਂ ਵਿਚ ਕੁਲ 76 ਗੋਲ ਕੀਤੇ। ਵਿਸ਼ਵ ਵਿਚ ਪੰਜਵੇਂ ਨੰਬਰ ਦੀ ਟੀਮ ਨੇ ਟੂਰਨਾਮੈਂਟ ਦੇ ਪਹਿਲੇ ਮੈਚ ਵਿਚ ਇੰਡੋਨੇਸ਼ੀਆ ਨੂੰ 17-0 ਨਾਲ ਹਰਾਇਆ ਸੀ, ਦੂਜੇ ਮੈਚ ਵਿਚ ਭਾਰਤ ਨੇ ਹਾਂਗਕਾਂਗ ਨੂੰ 2-0 ਨਾਲ ਮਾਤ ਦਿੱਤੀ, ਤੀਜੇ ਮੈਚ ਵਿਚ ਜਾਪਾਨ ਨੂੰ 8-0 ਨਾਲ ਹਰਾਇਆ, ਚੌਥੇ ਮੈਚ ਵਿਚ ਕੋਰੀਆ ਨੂੰ 5-3 ਅਤੇ ਪੰਜਵੇਂ ਮੈਚ ਵਿਚ ਸ਼੍ਰੀਲੰਕਾ ਨੂੰ 20-0 ਨਾਲ ਧੂਲ ਚਟਾਈ ਸੀ। ਸੈਮੀਫਾਈਨਲ ਵਿਚ ਭਾਰਤ ਮਲੇਸ਼ੀਆ ਦੀ ਚੁਣੌਤੀ ਤੋਂ ਪਾਰ ਨਾ ਪਾ ਸਕਿਆ ਅਤੇ ਉਸ ਨੂੰ ਸਡਨ ਡੈੱਥ ਵਿਚ 6-7 ਤੋਂ ਸਨਸਨੀਖੇਜ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਟੂਰਨਾਮੈਂਟ ਵਿਚ ਦੱਖਣੀ ਕੋਰੀਆ ਦੇ ਜਾਂਗ ਜੋਂਗਯੁਨ ਨੇ ਸਭ ਤੋਂ ਵੱਧ 15 ਗੋਲ ਕੀਤੇ ਉੱਥੇ ਹੀ ਭਾਰਤ ਦੇ ਰੁਪਿੰਦਰ ਪਾਲ ਸਿੰਘ ਅਤੇ ਆਕਾਸ਼ਦੀਪ ਸਿੰਘ 13-13 ਗੋਲ ਕਰ ਕੇ ਦੂਜੇ ਸਥਾਨ 'ਤੇ ਰਹੇ।

ਤਾਮਿਲਨਾਡੂ ਸਰਕਾਰ ਆਪਣੇ 3 ਖਿਡਾਰੀਆਂ ਨੂੰ ਦੇਵੇਗੀ 30-30 ਲੱਖ ਰੁਪਏ ਨਕਦ ਪੁਰਸਕਾਰ
NEXT STORY