ਸਪੋਰਟਸ ਡੈਸਕ- ਆਖਦੇ ਹਨ ਕਿ ਜੇ ਪੰਜਾਬੀ ਕੁਝ ਕਰਨ ਦੀ ਠਾਨ ਲੈਂਦੇ ਹਨ ਤਾਂ ਪੂਰੀ ਦੁਨੀਆ 'ਚ ਆਪਣਾ ਨਾਂ ਚਮਕਾ ਦਿੰਦੇ ਹਨ। ਅਜਿਹਾ ਹੀ ਕੰਮ ਕੀਤਾ ਹੈ ਗੁਰਦਾਸਪੁਰ ਦੇ ਸਰਹੱਦੀ ਇਲਾਕੇ ਦੇ ਨੌਜਵਾਨ ਅੰਮ੍ਰਿਤਬੀਰ ਸਿੰਘ ਨੇ ਜਿਸ ਨੇ ਗਿਨੀਜ਼ ਬੁਕ ਰਿਕਾਰਡ 'ਚ ਆਪਣਾ ਨਾਂ ਦਰਜ ਕੀਤਾ ਹੈ। ਇਸ ਨੌਜਵਾਨ ਨੇ ਆਪਣੀ ਮਿਹਨਤ ਸਦਗਾ ਵਿਸ਼ਵ ਪ੍ਰਸਿੱਧ ਬਰੂਸ ਲੀ ਦਾ ਰਿਕਾਰਡ ਤੋੜ ਕੇ ਦੁਨੀਆ 'ਚ ਆਪਣਾ ਨਾਂ ਰੌਸ਼ਨ ਕੀਤਾ ਹੈ।
ਇਹ ਵੀ ਪੜ੍ਹੋ : B'Day Special: ਇਸ ਖ਼ਤਰਨਾਕ ਬੀਮਾਰੀ ਨਾਲ ਲੜ ਕੇ ਵਿਸ਼ਵ ਚੈਂਪੀਅਨ ਬਣੇ 'ਦਿ ਗ੍ਰੇਟ ਖਲੀ'
ਇਸ ਨੌਜਵਾਨ ਨੇ ਪਹਿਲਾਂ ਵੀ ਕਈ ਰਿਕਾਰਡ ਤੋੜੇ ਹਨ ਪਰ ਹੁਣ ਇਸ ਵਾਰ ਇਹ ਰਿਰਾਰਡ ਖਾਸ ਹੈ। ਇਸ ਸਬੰਧੀ ਜਗ ਬਾਣੀ ਨੇ ਅੰਮ੍ਰਿਤਬੀਰ ਨਾਲ ਗੱਲਬਾਤ ਕੀਤੀ।
ਅੰਮ੍ਰਿਤਬੀਰ ਨੇ ਕਿਹਾ ਕਿ ਬਰੂਸ ਲੀ ਦਾ ਰਿਕਾਰਡ ਤੋੜਨ ਦਾ ਮੈਂ 9 ਫਰਵਰੀ ਨੂੰ ਅਪਲਾਈ ਕੀਤਾ ਸੀ ਤੇ 7 ਮਾਰਚ ਨੂੰ ਇਹ ਰਿਕਾਰਡ ਨੂੰ ਅਟੈਂਪਟ ਕੀਤਾ। 25 ਜੁਲਾਈ ਨੂੰ ਮੇਰਾ ਇਹ ਰਿਕਾਰਡ ਮਨਜ਼ੂਰਸ਼ੁਦਾ ਹੋਇਆ। ਪੁਸ਼-ਅਪ ਮੈਨ ਆਫ ਦਿ ਪੰਜਾਬ ਦੇ ਖਿਤਾਬ ਜੇਤੂ ਨੇ ਕਿਹਾ ਕਿ ਇਸ ਰਿਕਾਰਡ 'ਚ ਮੈਂ 20 ਐੱਲਬੀ ਭਾਰ ਰੱਖ ਕੇ ਇਕ ਮਿੰਟ 'ਚ ਉਂਗਲਾਂ 'ਤੇ 86 ਪੁਸ਼-ਅਪ ਲਾਏ ਹਨ ਜਦਕਿ ਬਰੂਸ ਲੀ ਨੇ 83 ਪੁਸ਼-ਅੱਪ ਲਾਏ ਸਨ। ਗਿਨੀਜ਼ ਬੁੱਕ ਆਫ ਰਿਕਾਰਡ ਨੇ ਇਹ ਸਾਫ ਲਿਖਿਆ ਹੈ ਕਿ ਮੈਂ ਪਹਿਲਾ ਅਜਿਹਾ ਮੁੰਡਾ ਹਾਂ ਜਿਸ ਨੇ ਇਹ ਰਿਕਾਰਡ ਬ੍ਰੇਕ ਕੀਤਾ ਹੈ।
ਬਰੂਸ ਲੀ ਦਾ ਰਿਕਾਰਡ ਤੋੜਨ ਤੋਂ ਪਹਿਲਾਂ ਵੀ ਇਸ ਹੋਣਹਾਰ ਗੱਭਰੂ ਨੇ ਹੋਰ ਵੀ ਕਈ ਰਿਕਾਰਡ ਤੋੜੇ ਜਿਨ੍ਹਾਂ 'ਤੇ ਚਾਨਣ ਪਾਉਂਦੇ ਹੋਏ ਉਸ ਨੇ ਦੱਸਿਆ ਕਿ ਉਸ ਦੇ ਪਹਿਲਾਂ ਵੀ ਚਾਰ ਰਿਕਾਰਡ ਹਨ। ਗਿਨੀਜ਼ ਦਾ ਪਿਛਲੇ ਸਾਲ ਵੀ ਇਸ ਨੇ ਰਿਕਾਰਡ ਬਣਾਇਆ ਸੀ ਜਿਸ 'ਚ ਇਸ ਨੇ ਉਂਗਲਾਂ 'ਤੇ ਪੁਸ਼-ਅਪ ਲਾਏ ਸਨ ਤੇ ਨਾਲ ਹੀ ਕਲੈਪਿੰਗ ਵੀ ਕੀਤੀ ਸੀ ਤੇ ਫਿਰ ਉਂਗਲਾਂ 'ਤੇ ਲੈਂਡਿੰਗ ਕੀਤੀ ਸੀ। ਇਸ ਦੌਰਾਨ ਇਸ ਨੇ 1 ਮਿੰਟ 'ਚ 45 ਪੁਸ਼-ਅਪ ਲਾਏ ਸਨ।
ਬੀਤੇ ਸਮੇਂ 'ਚ ਜਦੋਂ ਅੰਮ੍ਰਿਤਬੀਰ ਨੇ ਗਿਨੀਜ਼ ਬੁੱਕ 'ਚ ਆਪਣਾ ਨਾਂ ਦਰਜ ਕਰਾਇਆ ਤਾਂ ਉਸ ਨੇ ਜਗ ਬਾਣੀ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਉਹ ਇਕ ਸੁਪਨਾ ਨਾਲ ਲੈ ਕੇ ਚਲਿਆ ਹੋਇਆ ਹੈ। ਉਹ ਆਪਣੇ ਸੁਪਨੇ 'ਚ ਕਿੱਥੇ ਤਕ ਪਹੁੰਚੇ ਹਨ? ਇਸ ਇਸ ਬਾਰੇ ਗੱਲਬਾਤ ਕਰਦੇ ਹੋਏ ਅੰਮ੍ਰਿਤ ਨੇ ਕਿਹਾ ਕਿ ਮੀਡੀਆ ਨੇ ਮੈਨੂੰ ਬਹੁਤ ਸਪੋਰਟ ਕੀਤਾ ਹੈ। ਪਰ ਕਿਸੇ ਸਰਕਾਰ ਜਾਂ ਸਰਕਾਰੀ ਨੁਮਾਇੰਦੇ ਨੇ ਸਪੋਰਟ ਨਹੀਂ ਕੀਤਾ ਹੈ। ਮੈਂ ਇਕ ਵਾਰ ਫਿਰ ਕਹਿਣਾ ਚਾਹੁੰਦਾ ਹਾਂ ਕਿ ਮੈਂ ਇਕ ਯੂਥ ਆਈਕਨ ਬਣਨਾ ਚਾਹੁੰਦਾ ਹਾਂ। ਹਾਲ ਹੀ 'ਚ ਮੈਂ ਲਿਮਕਾ ਬੁਕ ਆਫ ਵਰਲਡ ਰਿਕਾਰਡ ਹਾਸਲ ਕੀਤਾ ਸੀ ਤੇ ਮੈਨੂੰ ਮੇਰੇ ਜ਼ਿਲੇ ਦੇ ਡੀਸੀ ਹਿਮਾਂਸ਼ੂ ਸਰ ਨੇ ਆਪਣੇ ਦਫਤਰ ਬੁਲਾਇਆ ਤੇ ਕਿਹਾ ਕਿ ਮੈਨੂੰ ਜ਼ਿਲੇ ਦਾ ਯੂਥ ਆਈਕਨ ਐਲਾਨਿਆ ਸੀ। ਹਾਲਾਂਕਿ ਮੈਂ ਅਜੇ ਜ਼ਿਲੇ ਪੱਧਰ ਤਕ ਹੀ ਯੂਥ ਆਈਕਨ ਹਾਂ ਪਰ ਮੇਰਾ ਟੀਚਾ ਸੂਬੇ ਪੱਧਰ ਉੱਤੇ ਤੇ ਨਾਲ ਹੀ ਮੇਰਾ ਜੋ ਵਿਅਕਤੀਗਤ ਖੇਡ ਹੈ ਤੇ ਵਿਅਕਤੀਗਤ ਪਰਸਨੈਲਿਟੀ ਨੂੰ ਵਿਸ਼ਵ ਪੱਧਰ ਤਕ ਪ੍ਰਸਿੱਧ ਕਰਨਾ ਚਾਹੁੰਦਾ ਹਾਂ। ਇਸ ਵਾਸਤੇ ਮੇਰਾ ਸੰਘਰਸ਼ ਅੱਜ ਵੀ ਜਾਰੀ ਹੈ। ਅੱਜ ਵੀ ਮੇਰਾ ਸੁਪਨਾ ਵਿਸ਼ਵ ਪੱਧਰ ਤੇ ਯੂਥ ਆਈਕਨ ਬਣਨਾ ਹੈ।
ਇਹ ਵੀ ਪੜ੍ਹੋ : ਵਿਸ਼ਵ ਕੱਪ ਤੋਂ ਪਹਿਲਾਂ ਇਨ੍ਹਾਂ 5 ਖਿਡਾਰੀਆਂ ਨੇ ਨਹੀਂ ਦਿੱਤਾ ਯੋ-ਯੋ ਟੈਸਟ, ਪੂਰੀ ਲਿਸਟ ਹੋਈ ਲੀਕ
ਯੂਥ ਆਈਕਨ ਦੇ ਨਾਲ ਹੀ ਅੰਮ੍ਰਿਤ ਲੋਕਾਂ ਨੂੰ ਪ੍ਰਭਾਵਿਤ ਵੀ ਕਰ ਰਹੇ ਹਨ। ਇਸੇ ਲਈ ਪੈਡੇਕਸ ਨੇ ਉਸ ਨੂੰ ਬੁਲਾਇਆ ਸੀ। ਇਸ ਬਾਰੇ ਗੱਲਬਾਤ ਕਰਦੇ ਹੋਏ ਅੰਮ੍ਰਿਤ ਨੇ ਕਿਹਾ ਮੈਂ ਪੰਜਾਬ ਤੇ ਆਪਣੇ ਜ਼ਿਲੇ ਦਾ ਪਹਿਲਾ ਮੁੰਡਾ ਸੀ ਜਿਸ ਨੂੰ ਦੇਸ਼ ਦੇ ਇਸ ਪ੍ਰਸਿੱਧ ਪਲੇਟਫਾਰਮ ਨੇ ਬੁਲਾਇਆ ਸੀ। ਮੈਂ ਉੱਥੇ ਆਪਣੀ ਸਟੋਰੀ ਸ਼ੇਅਰ ਕੀਤੀ ਹੈ, ਆਪਣੇ ਵਿਚਾਰ ਸਾਂਝੇ ਕੀਤੇ ਹਨ ਜਿਸ ਨਾਲ ਮੈਂ ਸਮਾਜ ਵਿਚ ਬਦਲਾਅ ਲਿਆ ਸਕਦਾ ਹਾਂ ਜਾਂ ਬਾਕੀਆਂ ਦੇ ਜ਼ਰੀਏ ਸਮਾਜ 'ਚ ਬਦਲਾਅ ਲਿਆ ਸਕਦਾ ਹਾਂ। ਉਨ੍ਹਾਂ ਨੇ ਮੈਨੂੰ ਬਹੁਤ ਮਾਣ-ਸਤਿਕਾਰ ਦਿੱਤਾ। ਇਸ ਦੇ ਨਾਲ ਹੀ ਅੰਮ੍ਰਿਤ ਨੂੰ ਇਸ ਗੱਲ ਦਾ ਮਲਾਲ ਹੈ ਕਿ ਉਸ ਨੂੰ ਦੂਜੇ ਪਲੇਟਫਾਰਮ ਬੁਲਾ ਰਹੇ ਹਨ ਪਰ ਉਸ ਨੂੰ ਸਰਕਾਰ ਵਲੋਂ ਸੂਬੇ, ਜ਼ਿਲਾ ਜਾਂ ਸ਼ਹਿਰ ਪੱਧਰ 'ਤੇ ਕਦੀ ਕਿਸੇ ਸਮਾਰੋਹ 'ਤੇ ਨਹੀਂ ਬੁਲਾਇਆ ਗਿਆ। ਮੇਰਾ ਕੋਈ ਪੋਸਟਰ ਤਕ ਨਹੀਂ ਲਗਾਇਆ ਜਦਕਿ ਹੋਰ ਪਲੇਟਫਾਰਮ ਮੈਨੂੰ ਮਾਨ-ਸਤਿਕਾਰ ਦੇ ਰਹੇ ਹਨ।
ਇੰਸਟ੍ਰਾਗ੍ਰਾਮ ਤੇ ਯੂਟਿਊਬ 'ਤੇ ਲੋਕਾਂ ਦੇ ਸਮਰਥਨ ਤੇ ਪਿਆਰ ਬਾਰੇ ਗੱਲ ਕਰਦੇ ਹੋਏ ਅੰਮ੍ਰਿਤ ਨੇ ਕਿਹਾ ਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਇਸ ਰਾਹੀਂ ਮੈਨੂੰ ਲੋਕਾਂ ਤੋਂ ਭਰਪੂਰ ਪ੍ਰੇਰਣਾ, ਪਿਆਰ ਤੇ ਸਮਰਥਨ ਮਿਲਦਾ ਹੈ। ਅੰਮ੍ਰਿਤ ਨੇ ਅੱਗੇ ਕਿਹਾ ਇਕ ਇਨਫਲੂਐਂਸਰ ਹੋਣ ਕਾਰਨ ਉਸ ਨੂੰ ਰੋਜ ਕਈ ਕਾਲਸ ਤੇ ਮੈਸੇਜ ਆਉਂਦੇ ਹਨ ਖਾਸ ਕਰਕੇ ਡਾਈਟ ਪਲਾਨ ਤੇ ਫਿੱਟਨੈਸ ਬਾਰੇ। ਇਕ ਫਿੱਟਨੈਸ ਟ੍ਰੇਨਰ ਵਜੋਂ ਮੇਰੀ ਫੀਸ ਸਿਰਫ ਪੰਜ ਰੁਪਏ ਹੁੰਦੀ ਹੈ ਤੇ ਇਸ ਫੀਸ ਨਾਲ ਮੈਂ ਲੋਕ ਭਲਾਈ ਦੇ ਕੰਮ ਕਰਦਾ ਹੈਂ। ਨੌਜਵਾਨ ਪੀੜ੍ਹੀ ਜੋ ਗਰੀਬ ਤਬਕੇ ਨਾਲ ਸਬੰਧਤ ਹਨ ਅਤੇ ਜਿੰਨਾ ਦੇ ਅੰਦਰ ਕੁਝ ਕਰਨ ਦਾ ਜਜ਼ਬਾ ਹੈ ਉਨ੍ਹਾਂ ਨੂੰ ਮੈਂ ਸਪੋਰਟਸ ਵੀਅਰ ਮੁਹੱਈਆਂ ਕਰਵਾਉਂਦਾ ਹਾਂ ਤੇ ਹੁਣ ਤਕ ਮੈਂ 106 ਨੌਜਵਾਨਾਂ ਨੂੰ ਸਪੋਰਟ ਵੀਅਰ ਮੁਹੱਈਆ ਕਰਾ ਚੁੱਕਾ ਹਾਂ।
ਅੰਮ੍ਰਿਤ ਦੇ ਪਿੰਡ 'ਚ ਕੋਈ ਖੇਡ ਮੈਦਾਨ ਨਹੀਂ ਹੈ। ਪਰ ਇਕ ਛੋਟੀ ਜਿਹੀ ਜਗ੍ਹਾ 'ਚ ਨੌਜਵਾਨਾਂ ਲਈ ਬਾਸਕਟਬਾਲ ਨੈਟ ਲਗਾਇਆ ਹੈ ਤੇ ਉਨ੍ਹਾਂ ਨੌਜਵਾਨਾਂ 'ਚ ਖੇਡ ਭਾਵਨਾ ਪੈਦਾ ਕਰਨ ਬਾਰੇ ਅੰਮ੍ਰਿਤ ਨੇ ਕਿਹਾ ਕਿ ਜਦੋਂ ਤੋਂ ਪਿੰਡ ਸਥਾਪਤ ਹੋਇਆ ਹੈ ਉਦੋਂ ਤੋਂ ਕਦੀ ਕਿਸੇ ਸਰਕਾਰੀ ਨੁਮਾਇੰਦੇ ਨੇ ਇੱਥੇ ਪਲੇਅ ਗਰਾਊਂਡ ਬਣਾਉਣ ਬਾਰੇ ਪਹੁੰਚ ਤਕ ਨਹੀਂ ਕੀਤੀ।
ਪੰਜਾਬ 'ਚ ਨਸ਼ੇ ਵਰਗੀ ਸਮੱਸਿਆ ਬਾਰੇ ਗੱਲ ਕਰਦੇ ਹੋਏ ਅੰਮ੍ਰਿਤ ਨੇ ਕਿਹਾ ਕਿ ਖੇਡਾਂ ਨਾਲ ਨੌਜਵਾਨ ਦੀ ਸੋਚ ਖੇਡਾਂ ਵਲ ਮੁੜ ਜਾਂਦੀ ਹੈ। ਉਹ ਸੋਚਦਾ ਹੈ ਕਿ ਛੇਤੀ-ਛੇਤੀ ਸ਼ਾਮ ਹੋਏ ਤੇ ਅਸੀਂ ਖੇਡਣ ਜਾਈਏ। ਇਸ ਤਰ੍ਹਾਂ ਉਸ ਦੇ ਮਨ 'ਚ ਬੁਰੇ ਵਿਚਾਰ ਨਹੀਂ ਆਉਂਦੇ। ਅੰਮ੍ਰਿਤ ਨੇ ਕਿਹਾ ਕਿ ਪੰਜਾਬ ਨੂੰ ਅੱਜ ਨਸ਼ਿਆਂ ਦਾ ਛੇਵਾਂ ਦਰਿਆ ਕਿਹਾ ਜਾਣ ਲੱਗਾ ਹੈ ਜਾਂ ਸਰਹੱਦੀ ਇਲਾਕਿਆਂ ਨੂੰ ਚਿੱਟੇ ਜਾਂ ਨਸ਼ੀਲੇ ਪਦਾਰਥਾਂ ਦੇ ਲਈ ਮਸ਼ਹੂਰ ਕਿਹਾ ਜਾਂਦਾ ਹੈ। ਪਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਪਿੰਡ ਨਸ਼ਿਆ ਲਈ ਬਦਨਾਮ ਹਨ ਉੱਥੇ ਕਈ ਹੋਣਹਾਰ ਨੌਜਵਾਨ ਵੀ ਹਨ ਜਿਨ੍ਹਾਂ ਦਾ ਜੇਕਰ ਸਰਕਾਰ ਸਮਰਥਨ ਕਰੇ ਮੇਰੇ ਵਰਗੇ ਨੌਜਵਾਨਾਂ ਨੂੰ ਅੱਗੇ ਲਿਆਉਣ ਤੇ ਹਾਂ-ਪੱਖੀ ਨਜ਼ਰੀਆ ਅਪਣਾ ਕੇ ਨਵੀਂ ਪੀੜ੍ਹੀ ਨੂੰ ਸਹੀ ਰਸਤੇ 'ਤੇ ਲਿਆਇਆ ਜਾ ਸਕਦਾ ਹੈ। ਸਰਕਾਰ ਨੇ ਹੀ ਸਾਰੇ ਕੰਮ ਕਰਨੇ ਹੁੰਦੇ ਹਨ ਜੇਕਰ ਸਰਕਾਰ ਮੇਰੇ ਵਰਗੇ ਨੌਜਵਾਨਾਂ ਨੂੰ ਅੱਗੇ ਲਿਆਏ ਤੇ ਮੇਰੀ ਖੇਡ ਦੇ ਜ਼ਰੀਏ ਨੌਜਵਾਨ ਪੀੜ੍ਹੀ ਨੂੰ ਸਹੀ ਰਸਤੇ 'ਤੇ ਲਿਆਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਏਸ਼ੀਆ ਕੱਪ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਚੋਟੀ ਦੇ 5 ਕ੍ਰਿਕਟਰ, ਟਾਪ 2 'ਚ ਨਹੀਂ ਕੋਈ ਵੀ ਭਾਰਤੀ ਬੱਲੇਬਾਜ਼
ਪੁਸ਼-ਅਪ ਕੋਈ ਖੇਡ ਨਹੀਂ ਹੈ। ਇਹ ਸਿਰਫ ਇਕ ਕਸਰਤ ਹੀ ਹੈ ਤੇ ਇਸ 'ਚ ਨਾਂ ਕਮਾਉਣ ਬਾਰੇ ਵਿਚਾਰ ਆਉਣ ਬਾਰੇ ਅੰਮ੍ਰਿਤ ਨੇ ਕਿਹਾ ਕਿ ਵੱਡੇ ਪਹਿਲਵਾਨ ਹੋਏ ਹਨ ਜਿਨ੍ਹਾਂ ਨੇ ਡੰਡ ਬੈਠਕਾਂ ਕੀਤੀਆਂ ਤੇ ਆਪਣੇ ਹੁਨਰ ਨਾਲ ਦੁਨੀਆ 'ਚ ਨਾ ਕਮਾਇਆ ਤੇ ਮੇਰਾ ਉਦੇਸ਼ ਵੀ ਉਨ੍ਹਾਂ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ ਜੋ ਇਹ ਸੋਚਦੇ ਹਨ ਕਿ ਉਹ ਜਿਮ ਤੋਂ ਬਿਨਾ ਅਸੀਂ ਪ੍ਰੈਕਟਿਸ ਨਹੀਂ ਕਰ ਸਕਦੇ ਜਾਂ ਜਿਮ ਤੋਂ ਬਿਨਾ ਅਸੀਂ ਸਫਲਤਾ ਪ੍ਰਾਪਤ ਨਹੀਂ ਕਰ ਸਕਦੇ ਤੇ ਮੈਂ ਸਫਲਤਾ ਨਾਲ ਇਹ ਸਭ ਕਰ ਕੇ ਦੱਸਿਆ ਹੈ।
ਭਵਿੱਖ ਦੇ ਆਪਣੇ ਉਦੇਸ਼ ਬਾਰੇ ਦੱਸਦੇ ਹੋਏ ਅੰਮ੍ਰਿਤ ਨੇ ਕਿਹਾ ਕਿ ਮੈਂ ਆਪਣੇ ਵਲੋਂ ਮਿਹਨਤ ਕਰਨੀ ਜਾਰੀ ਰੱਖਾਂਗਾ ਤੇ ਸਰਕਾਰ ਵੀ ਇਕ ਨਾ ਇਕ ਦਿਨ ਅੱਗੇ ਜਾ ਕੇ ਸੁਣੇਗੀ ਕਿ ਚਲੋ ਮੁੰਡਾ ਮਿਹਨਤੀ ਹੈ ਤੇ ਇਸ ਦੀ ਮਦਦ ਕਰਨੀ ਚਾਹੀਦੀ ਹੈ। ਅੱਗੇ ਮੈਂ ਰਿਕਾਰਡ ਬਣਾਉਂਦਾ ਰਹਾਂਗਾ। ਮੈਂ ਇਸ ਸਾਲ ਫਿਲਮ ਇੰਡਸਟ੍ਰੀ 'ਚ ਐਕਸ਼ਨ ਹੀਰੋ ਵਜੋਂ ਲਾਂਚ ਹੋ ਰਿਹਾ ਹਾਂ। ਉਸ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਤੇ ਇਕ ਵਧੀਆ ਮੈਸੇਜ ਨਾਲ ਮੈਂ ਫਿਲਮ ਇੰਡਸਟ੍ਰੀ 'ਚ ਡੈਬਿਊ ਕਰਨ ਜਾ ਰਿਹਾ ਹਾਂ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਏਸ਼ੀਆ ਕੱਪ ਲਈ ਸਾਊਦ ਸਕੀਲ ਪਾਕਿਸਤਾਨ ਦੀ ਟੀਮ 'ਚ ਸ਼ਾਮਲ, ਖੇਡੇ ਹਨ ਸਿਰਫ 5 ਵਨਡੇ ਮੈਚ
NEXT STORY