ਬੈਂਗਲੁਰੂ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ 23ਵੇਂ ਮੁਕਾਬਲੇ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲਖਨਊ ਸੁਪਰ ਜਾਇੰਟਸ (LSG) ਨੂੰ 5 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ ਹੈ। ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਜਿੱਤ ਦਰਜ ਕਰਨ ਤੋਂ ਬਾਅਦ ਆਰਸੀਬੀ ਹੁਣ ਪੁਆਇੰਟਸ ਟੇਬਲ ਵਿੱਚ ਸਭ ਤੋਂ ਉੱਪਰ ਪਹੁੰਚ ਗਈ ਹੈ।
ਇਸ ਮੈਚ ਦੀ ਖਾਸ ਗੱਲ ਇਹ ਰਹੀ ਕਿ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਆਈਪੀਐਲ ਇਤਿਹਾਸ ਵਿੱਚ ਪਹਿਲੀ ਵਾਰ 'ਇੰਪੈਕਟ ਪਲੇਅਰ' ਵਜੋਂ ਮੈਦਾਨ ਵਿੱਚ ਉਤਰੇ। ਕੋਹਲੀ ਨੇ 34 ਗੇਂਦਾਂ ਵਿੱਚ 6 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 49 ਦੌੜਾਂ ਦੀ ਅਹਿਮ ਪਾਰੀ ਖੇਡੀ। ਦੱਸਿਆ ਜਾ ਰਿਹਾ ਹੈ ਕਿ ਕੋਹਲੀ ਦੇ ਗਿੱਟੇ ਦੀ ਸੱਟ ਕਾਰਨ ਪ੍ਰਬੰਧਨ ਨੇ ਉਨ੍ਹਾਂ ਨੂੰ ਫੀਲਡਿੰਗ ਦੇ ਦਬਾਅ ਤੋਂ ਬਚਾਉਣ ਲਈ ਇਹ ਫੈਸਲਾ ਲਿਆ ਸੀ।
ਆਰਸੀਬੀ ਦੀ ਜਿੱਤ ਵਿੱਚ ਤੇਜ਼ ਗੇਂਦਬਾਜ਼ ਰਸਿਕ ਸਲਾਮ ਡਾਰ ਨੇ ਮੁੱਖ ਭੂਮਿਕਾ ਨਿਭਾਈ, ਜਿਨ੍ਹਾਂ ਨੇ ਘਾਤਕ ਗੇਂਦਬਾਜ਼ੀ ਕਰਦੇ ਹੋਏ ਲਖਨਊ ਦੇ 4 ਖਿਡਾਰੀਆਂ ਨੂੰ ਆਊਟ ਕੀਤਾ। ਉਨ੍ਹਾਂ ਤੋਂ ਇਲਾਵਾ ਭੁਵਨੇਸ਼ਵਰ ਕੁਮਾਰ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 3 ਵਿਕਟਾਂ ਹਾਸਲ ਕੀਤੀਆਂ।
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਨੇ 20 ਓਵਰਾਂ ਵਿੱਚ 146 ਦੌੜਾਂ ਬਣਾਈਆਂ। ਲਖਨਊ ਵੱਲੋਂ ਮਿਚੇਲ ਮਾਰਸ਼ ਨੇ ਸਭ ਤੋਂ ਵੱਧ 40 ਦੌੜਾਂ ਬਣਾਈਆਂ, ਜਦਕਿ ਮੁਕੁਲ ਚੌਧਰੀ ਨੇ 39 ਅਤੇ ਆਯੂਸ਼ ਬਦੋਨੀ ਨੇ 38 ਦੌੜਾਂ ਦਾ ਯੋਗਦਾਨ ਦਿੱਤਾ। ਮੈਚ ਦੌਰਾਨ ਲਖਨਊ ਦੇ ਕਪਤਾਨ ਰਿਸ਼ਭ ਪੰਤ ਦੀ ਕੋਹਨੀ 'ਤੇ ਸੱਟ ਲੱਗ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਕੁਝ ਸਮੇਂ ਲਈ ਮੈਦਾਨ ਤੋਂ ਬਾਹਰ ਜਾਣਾ ਪਿਆ, ਹਾਲਾਂਕਿ ਬਾਅਦ ਵਿੱਚ ਉਹ ਬੱਲੇਬਾਜ਼ੀ ਲਈ ਵਾਪਸ ਆਏ ਪਰ ਸਿਰਫ 1 ਦੌੜ ਬਣਾ ਕੇ ਆਊਟ ਹੋ ਗਏ।
147 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਰਸੀਬੀ ਨੇ ਇਹ ਮੁਕਾਬਲਾ 15.1 ਓਵਰਾਂ ਵਿੱਚ ਹੀ ਜਿੱਤ ਲਿਆ। ਵਿਰਾਟ ਕੋਹਲੀ ਤੋਂ ਇਲਾਵਾ ਰਜਤ ਪਾਟੀਦਾਰ (27 ਦੌੜਾਂ) ਅਤੇ ਜਿਤੇਸ਼ ਸ਼ਰਮਾ (23 ਦੌੜਾਂ) ਨੇ ਤੇਜ਼ੀ ਨਾਲ ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦੇ ਕਰੀਬ ਪਹੁੰਚਾਇਆ। ਇਸ ਜਿੱਤ ਦੇ ਨਾਲ ਹੀ ਆਰਸੀਬੀ ਨੇ ਲਖਨਊ ਦੇ ਖਿਲਾਫ ਆਪਣੇ ਰਿਕਾਰਡ ਨੂੰ ਹੋਰ ਮਜ਼ਬੂਤ ਕਰ ਲਿਆ ਹੈ।
RCB vs LSG, IPL 2026: ਲਖਨਊ ਨੇ ਬੈਂਗਲੁਰੂ ਨੂੰ ਦਿੱਤਾ 147 ਦੌੜਾਂ ਦਾ ਟੀਚਾ
NEXT STORY